ਰਾੲੇਪੁਰ (ਸਮਾਜ ਵੀਕਲੀ) : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕਿਹਾ ਕਿ ਰਾਸ਼ਟਰ-ਵਿਰੋਧੀ ਅਤੇ ਗਰੀਬ-ਵਿਰੋਧੀ ਤਾਕਤਾਂ ਮੁਲਕ ਵਿਚ ਨਫ਼ਰਤ ਅਤੇ ‘ਹਿੰਸਾ ਦਾ ਜ਼ਹਿਰ’ ਫੈਲਾ ਰਹੀਆਂ ਹਨ ਅਤੇ ਸਾਡੇ ਲੋਕਤੰਤਰ ’ਤੇ ‘ਤਾਨਾਸ਼ਾਹੀ ਦਾ ਪ੍ਰਭਾਵ’ ਵਧ ਰਿਹਾ ਹੈ। ਊਨ੍ਹਾਂ ਕਿਹਾ ਕਿ ਸਾਡੇ ਬਾਨੀਆਂ ਨੇ ਕਦੇ ਨਹੀਂ ਸੋਚਿਆ ਹੋਣਾ ਕਿ ਆਜ਼ਾਦੀ ਦੇ 75 ਵਰ੍ਹਿਆਂ ਬਾਅਦ ਸੰਵਿਧਾਨ ਅਤੇ ਲੋਕੰਤਤਰ ਖ਼ਤਰੇ ਵਿੱਚ ਹੋਣਗੇ ਕਿਉਂਕਿ ਪ੍ਰਗਟਾਵੇ ਦੀ ਆਜ਼ਾਦੀ ਖ਼ਤਰੇ ਵਿੱਚ ਹੈ ਅਤੇ ਲੋਕਤੰਤਰੀ ਸੰਸਥਾਵਾਂ ਦਾ ਘਾਣ ਕੀਤਾ ਜਾ ਰਿਹਾ ਹੈ।
ਗਾਂਧੀ ਨਵਾ ਰਾਏਪੁਰ ਵਿੱਚ ਛੱਤੀਸਗੜ੍ਹ ਵਿਧਾਨ ਸਭਾ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖੇ ਜਾਣ ਸਬੰਧੀ ਸਮਾਗਮ ਦੌਰਾਨ ਵੀਡੀਓ ਸੁਨੇਹੇ ਰਾਹੀਂ ਸੰਬੋਧਨ ਕਰ ਰਹੇ ਸਨ। ਸੁਨੇਹੇ ਵਿੱਚ ਊਨ੍ਹਾਂ ਕਿਹਾ, ‘‘ਪਿਛਲੇ ਕੁਝ ਸਮੇਂ ਤੋਂ ਸਾਡੇ ਮੁਲਕ ਨੂੰ ਲੀਹ ਤੋਂ ਲਾਹੁਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਾਡੇ ਲੋਕਤੰਤਰ ਮੂੁਹਰੇ ਨਵੀਆਂ ਚੁਣੌਤੀਆਂ ਖੜ੍ਹੀਆਂ ਹੋ ਗਈਆਂ ਹਨ। ਅੱਜ ਦੇਸ਼ ਦੋਰਾਹੇ ’ਤੇ ਖੜ੍ਹਾ ਹੈ।’’ ਊਨ੍ਹਾਂ ਕਿਹਾ, ‘‘ਗਰੀਬ ਵਿਰੋਧੀ ਤੇ ਰਾਸ਼ਟਰ-ਵਿਰੋਧੀ ਤਾਕਤਾਂ ਅਤੇ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਰਾਜ ਕਰਨ ਵਾਲੇ ਨਫ਼ਰਤ ਅਤੇ ਹਿੰਸਾ ਦਾ ਜ਼ਹਿਰ ਦਾ ਫੈਲਾ ਰਹੇ ਹਨ।
ਚੰਗੀ ਸੋਚ ਊੱਪਰ ਮਾੜੀ ਸੋਚੀ ਹਾਵੀ ਹੋ ਰਹੀ ਹੈ, ਪ੍ਰਗਟਾਵੇ ਦੀ ਆਜ਼ਾਦੀ ਖ਼ਤਰੇ ਵਿੱਚ ਹੈ ਅਤੇ ਲੋਕਤੰਤਰੀ ਅਦਾਰਿਆਂ ਦਾ ਘਾਣ ਕੀਤਾ ਜਾ ਰਿਹਾ ਹੈ। ਲੋਕਸ਼ਾਹੀ ਊੱਪਰ ਤਾਨਾਸ਼ਾਹੀ ਦਾ ਪ੍ਰਭਾਵ ਵਧ ਰਿਹਾ ਹੈ।’’ ਕਿਸੇ ਦਾ ਨਾਂ ਲਏ ਬਿਨਾਂ ਗਾਂਧੀ ਨੇ ਦੋਸ਼ ਲਾੲੇ ਇਹ ਤੱਤ ਲੋਕਾਂ ਦੀ ਆਵਾਜ਼ ਦਬਾਊਣਾ ਚਾਹੁੰਦੇ ਹਨ। ਊਨ੍ਹਾਂ ਕਿਹਾ, ‘‘ਇਹ ਕੀ ਚਾਹੁੰਦੇ ਨੇ? ਇਹ ਚਾਹੁੰਦੇ ਹਨ ਕਿ ਦੇਸ਼ ਦੇ ਲੋਕ, ਸਾਡੀ ਨੌਜਵਾਨੀ, ਸਾਡੇ ਕਬਾਇਲੀ ਲੋਕ, ਸਾਡੀਆਂ ਮਹਿਲਾਵਾਂ, ਸਾਡੇ ਕਿਸਾਨ, ਦੁਕਾਨਦਾਰ ਤੇ ਛੋਟੇ ਵਪਾਰੀ, ਜਵਾਨ ਆਪਣੇ ਮੂੰਹ ਬੰਦ ਰੱਖਣ।’’