ਲੰਡਨ – (ਰਾਜਵੀਰ ਸਮਰਾ) ਲੈਸਟਰ ਸ਼ਹਿਰ ਦੇ ਇਕ ਸੁਨਿਆਰੇ ਨੂੰ ਬੁਰਕਾ ਪਾ ਕੇ ਲੁੱਟਣ ਵਾਲੇ ਪਟੇਲ ਨੂੰ ਸਾਢੇ ਚਾਰ ਸਾਲ ਦੀ ਸਜਾ ਸੁਣਾਈ ਗਈ ਹੈ| ਲੈਸਟਰ ਸਿਟੀ ਸੈਂਟਰ ਦੀ ਹੇਅਮਾਰਕਿਟ ਸਥਿਤ ਇੱਕ ਸੁਨਿਆਰੇ ਦੀ ਦੁਕਾਨ ਵਿਚ 42 ਸਾਲਾਂ ਇਮਤਿਆਜ ਪਟੇਲ ਨੇ ਸਵੇਰੇ ਕਰੀਬ ਪੋਣੇ ਦਸ ਵਜੇ ਦਾਖਲਾ ਲਿਆ ਸੀ| ਜੋ ਇਕ ਔਰਤ ਦੇ ਲਿਬਾਸ ਵਿਚ ਸੀ| ਉਸ ਨੇ ਸਕਾਰਫ ਨਾਲ ਆਪਣਾ ਮੂੰਹ ਵੀ ਢਕਿਆ ਹੋਇਆ ਸੀ ਅਤੇ ਉਸ ਨੇ 7 ਹਜਾਰ ਪੌਂਡ ਕੀਮਤ ਦੀ ਘੜੀ ਦਿਖਾਉਣ ਦੀ ਮੰਗ ਕੀਤੀ ਸੀ| ਜਿਸ ਤੋਂ ਸੁਨਿਆਰੇ ਦੇ ਸਟਾਫ ਨੂੰ ਸ਼ੱਕ ਪੈ ਗਿਆ ਸੀ| ਪਰ ਉਨ੍ਹਾਂ ਘੜੀ ਪਸੰਦ ਨਾ ਆਉਣ ਕਾਰਨ ਹੋਰ ਕੀਮਤੀ ਘੜੀ ਦਿਖਾਉਣ ਦੀ ਇੱਛਾ ਜਾਹਿਰ ਕੀਤੀ ਸੀ| ਪਰ ਸਟਾਫ ਨੇ ਪਹਿਲੀ ਘੜੀ ਵਾਪਸ ਲੈਣ ਦੀ ਜਦ ਮੰਗ ਕੀਤੀ ਗਈ ਤਾ ਪਟੇਲ ਨੇ ਚਾਕੂ ਕੱਢ ਲਿਆ ਸੀ ਅਤੇ ਉਹ 7 ਹਜਾਰ ਪੌਂਡ ਕੀਮਤ ਦੀ ਰੋਲਕਸ ਘੜੀ ਲੈ ਕੇ ਫਰਾਰ ਹੋ ਗਿਆ ਸੀ| ਰੌਲਾ ਪੈਣ ਤੇ ਨੇੜੇ ਹੀ ਗਸਤ ਕਰ ਰਹੀ ਪੁਲਿਸ ਨੇ ਪਟੇਲ ਨੂੰ ਮੇਨਸਫੀਲਡ ਸਟਰੀਟ ਤੋਂ ਸੋਰਟ ਸਟਰੀਟ ਵੱਲ ਘੜੀ ਸਮੇਤ ਭੱਜਦਿਆਂ ਦੇਖਿਆ ਸੀ| ਜਿਸ ਨੂੰ ਉਸ ਦਾ ਪਿੱਛਾ ਕਰਕੇ ਜਨਤਾ ਦੀ ਸਹਾਇਤਾ ਨਾਲ ਗ੍ਰਿਫਤਾਰ ਕਰ ਲਿਆ ਸੀ| ਪਟੇਲ ਨੂੰ ਉਸੇ ਦਿਨ ਡਾਕੇ ਅਤੇ ਤੇਜਧਾਰ ਹਥਿਆਰ ਰੱਖਣ ਦੇ ਜੁਰਮ ਹੇਠ ਗ੍ਰਿਫਤਾਰ ਕਰ ਲਿਆ ਗਿਆ ਸੀ| ਜਿਸ ਦਾ ਉਸ ਨੇ ਲੈਸਟਰ ਕਰਾਊਨ ਕੋਰਟ ਵਿਚ ਇਕਬਾਲ ਕਰ ਲਿਆ ਸੀ| ਅਦਾਲਤ ਨੇ ਪਟੇਲ ਨੂੰ ਡਾਕਾ ਮਾਰਨ ਲਈ 4 ਸਾਲ ਜੇਲ ਦੀ ਸਜਾ ਦੇ ਨਾਲ ਤੇਜਧਾਰ ਹਥਿਆਰ ਰੱਖਣ ਲਈ ਵੀ 9 ਮਹੀਨੇ ਦੀ ਸਜਾ ਸੁਣਾਈ ਹੈ| ਜਨਤਕ ਥਾਂ ਉਤੇ ਖੱਲਲ ਪਾਉਣ ਲਈ ਉਸ ਨੂੰ 2 ਮਹੀਨੇ ਦੀ ਵੱਖਰੀ ਸਜਾ ਦਿੱਤੀ ਗਈ ਹੈ| ਪਰ ਪਟੇਲ ਨੂੰ ਕੁੱਲ 4 ਸਾਲ ਅਤੇ 2 ਮਹੀਨੇ ਸਲਾਖਾ ਪਿੱਛੇ ਬਿਤਾਉਣੇ ਪੈਣਗੇ |