ਲੈਸਟਰ ਚੋਂ ਮਹਾਤਮਾ ਗਾਂਧੀ ਦਾ ਬੁੱਤ ਹਟਾਏ ਜਾਣ ਦੀ ਜ਼ੋਰਦਾਰ ਮੰਗ

ਲੰਡਨ,ਲੈਸਟਰ (ਰਾਜਵੀਰ ਸਮਰਾ’) (ਸਮਾਜਵੀਕਲੀ): ਪਿਛਲੇ ਦਿਨੀਂ ਅਮਰੀਕਾ ਚ ਪੁਲਿਸ ਹੱਥੋਂ ਹੋਈ  ਇਕ ਕਾਲੇ ਦੀ ਮੌਤ ਤੋਂ ਬਾਅਦ ਸਥਾਨਕ ਬਹੁਗਿਣਤੀ ਹਿੰਦੂ ਵੱਸੋਂ ਵਾਲੇ ਬੈਲਗਰੇਵ ਇਲਾਕੇ ਵਿੱਚ ਗੋਲਡਨ ਮਾਈਲ ਰੋਡ ‘ਤੇ 2009 ਵਿੱਚ ਲਗਾਏ ਗਏ 3.5 ਮੀਟਰ ਉੱਚੇ ਮਹਾਤਮਾ ਗਾਂਧੀ ਦੇ ਕਾਂਸੀ ਦੇ ਬਣੇ ਬੁੱਤ ਨੂੰ ਇੱਥੋਂ ਹਟਾਉਣ ਬਾਰੇ ਇਕ ਵਾਰ ਫੇਰ ਜ਼ੋਰਦਾਰ ਅਵਾਜ ਉਠ ਰਹੀ ਹੈ ।

ਡਰਬੀ ਦੀ ਰਹਿਣ ਵਾਲੀ ਕੈਰੀ ਪੈਂਗੁਲਰ ਵੱਲੋ ਇਸ ਬੁੱਤ ਨੂੰ ਹਟਾਉਣ ਵਾਸਤੇ ਚਲਾਈ  ਜਾ  ਰਹੀ ਆਨਲਾਈਨ ਮੁਹਿੰਮ ਨੂੰ ਪੰਦਰਾਂ ਦਿਨਾਂ ਦੇ ਛੋਟੇ ਜਿਹਾ ਵਕਫ਼ੇ ਵਿੱਚ ਹੀ 6000 ਲੋਕਾਂ ਨੇ ਹਾਂ ਪੱਖੀ ਹੁੰਗਾਰਾ ਦਿੱਤਾ ਹੈ ।

ਕੈਰੀ ਵੱਲੋਂ ਆਨਲਾਈਨ ਵਾਇਰਲ ਕੀਤੀ ਗਈ ਪੁਟੀਸ਼ਨ ਵਿੱਚ ਮਹਾਤਮਾ ਗਾਂਧੀ ਨੂੰ ਫਾਸ਼ੀਵਾਦੀ, ਨਸਲਵਾਦੀ ਤੇ ਕਾਮੀ ਅਯਾਸ਼ ਦੱਸਦਿਆਂ ਕਿਹਾ ਗਿਆ ਹੈ ਕਿ ਉਸ ਦੇ ਕਾਰਨ 1947 ਵੇਲੇ ਹਿੰਦੁਸਤਾਨ ਦੇ ਲੱਖਾਂ ਲੋਕਾਂ ਨੂੰ ਮੁਸੀਬਤਾਂ ਦੇ ਪਹਾੜ ਝੱਲਣੇ ਪਏ ਜਿਹਨਾਂ ਦਾ ਸਿਲਸਿਲਾ 1948 ਤੱਕ ਗਾਂਧੀ ਦੀ ਮੌਤ ਤੱਕ ਨਿਰੰਤਰ ਚੱਲਦਾ ਰਿਹਾ । ਪੁਟੀਸ਼ਨਰ ਦਾ ਕਹਿਣਾ ਹੈ ਗਾਂਧੀ ਦਾ ਬੁੱਤ ਲਾਉਣਾ ਨਸਲਵਾਦ ਨੂੰ ਵੜਾਵਾਂ ਦੇਣ ਦੇ ਬਰਾਬਰ ਹੈ ਜਿਸ ਕਰਕੇ ਇਸ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ ।

ਕੈਰੀ ਦਾ ਕਹਿਣਾ ਹੈ ਕਿ ਜਦ ਪੁਟੀਸ਼ਨ ਸਾਈਨ ਕਰਨ ਵਾਲ਼ਿਆਂ ਦੀ ਗਿਣਤੀ ਪੰਜ ਹਜ਼ਾਰ ਤੋਂ ਟੱਪ ਗਈ ਤਾਂ ਸਥਾਨਕ ਸਿਟੀ ਕੌਂਸਲ ਅਧਿਕਾਰੀਆ ਨੇ ਉਸ ਨਾਲ ਸੰਪਰਕ ਕਰਕੇ ਕਿਹਾ ਕਿ ਉਹ ਆਪਣੀ ਪੁਟੀਸ਼ਨ ਨੂੰ ਸਮਾਪਤੀ ਉਪਰੰਤ ਕੌਂਸਲ ਕੋਲ ਜਮਾਂ ਕਰਾ ਦੇਵੇ ਤਾਂ ਕਿ ਉਸ ਉੱਤੇ ਵਿਚਾਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇ ।ਇਸ ਦੇ ਨਾਲ ਹੀ ਮੁਹਿੰਮ ਕਰਤਾ ਮਿਸ ਕੈਰੀ ਨੇ ਉਸ ਦੀ ਪੁਟੀਸ਼ਨ ਨੂੰ ਭਰਵਾਂ ਹੁੰਗਾਰਾ ਦੇਣ ਵਾਲੇ ਲੋਕਾਂ ਦਾ ਧੰਨਵਾਦ ਵੀ ਕੀਤਾ ਹੈ ।

ਦੂਸਰੇ ਪਾਸੇ ਇਕ ਹਿੰਦੂ ਚੈਰਿਟੀ ਦੇ ਕੁਝ ਮੈਂਬਰਾਂ ਵੱਲੋਂ ਇੱਥੋਂ ਦੇ ਸਾਬਕਾ ਮੈਂਬਰ ਪਾਰਲੀਮੈਂਟ ਕੀਟ ਵਾਜ ਦੀ ਅਗਵਾਈ ਹੇਠ ਇਸ ਬੁੱਤ ਨੂੰ ਨਾ ਹਟਾਉਣ ਵਾਸਤੇ, ਬੁੱਤ ਦੇ ਆਲੇ ਦੁਆਲੇ ਚਿੱਟੇ ਰਿਬਨ ਨਾਲ ਗੋਲ ਘੇਰਾ ਬਣਾ ਕੇ ਪ੍ਰਦਰਸ਼ਨ ਕੀਤਾ ਗਿਆ । ਇਸ  ਮੌਕੇ ਕੀਟ ਵਾਜ ਨੇ ਕਿਹਾ ਕਿ ਬੁੱਤ ਨਹੀਂ ਹਟਾਉਣ ਦਿੱਤਾ ਜਾਵੇਗਾ ਤੇ ਜੋ ਲੋਕ ਇਸ ਤਰਾਂ ਦੀ ਮੰਗ ਕਰ ਰਹੇ ਹਨ ਉਹਨਾਂ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਜਾਵੇਗਾ । ਉਹਨਾਂ ਨੇ ਗਾਂਧੀ ਦੀ ਤੁਲਨਾ, ਕਿੰਗ ਮਾਰਟਿਨ ਲੂਥਰ ਨਾਲ ਵੀ ਕੀਤੀ । ਲੈਸਟਰ ਈਸਟ ਦੀ ਮੌਜੂਦਾ ਕਾਲੀ ਐਮ ਪੀ ਕਲੌਡੀਆ ਵੈੱਬ ਨੇ ਮੁਹਿੰਮ ਦੀ ਨਿੰਦਿਆ ਕਰਦਿਆ ਇਸ ਨੂੰ ਮੰਦਭਾਗਾ ਕਿਹਾ ਹੈ ।

ਇੱਥੇ ਜਿਕਰਯੋਗ ਹੈ ਕਿ ਗਾਂਧੀ ਦੇ ਇਸ ਬੁੱਤ ਨੂੰ ਹਟਾਉਣ ਵਾਸਤੇ 2009 ਵਿੱਚ ਇਸ ਦੇ ਲਗਾਏ ਜਾਣ ਤੋਂ ਤੁਰੰਤ ਬਾਦ ਹੀ ਸਮੇਂ ਸਮੇਂ ਵਿਰੋਧ ਮੁਹਿੰਮਾਂ ਸਾਹਮਣੇ ਆਉਂਦੀਆਂ ਰਹੀਆਂ ਹਨ । ਇਸ ਬੁੱਤ ਉੱਤੇ ਕਾਲਕ ਵੀ ਪੋਤੀ ਗਈ, ਗਾਂਧੀ ਦੇ ਸਿਰ ਤੇ ਪੱਗੜੀ ਵੀ ਬੰਨ੍ਹੀ ਗਈ ਤੇ ਇਸ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀਆ ਕਈ  ਵਾਰ ਕੋਸ਼ਿਸ਼ਾਂ ਕੀਤੀਆ ਜਾਂਦੀਆਂ ਰਹੀਆਂ ।ਪਿਛਲੇ ਸਾਲ ਮਾਨਚੈਸਟਰ ਦੇ ਕੁੱਝ ਵਿਦਿਆਰਥੀਆ ਨੇ ਗਾਂਧੀ ਉੱਤੇ ਨਸਲਵਾਦੀ ਹੋਣ ਦਾ ਦੋਸ਼ ਲਗਾ ਕੇ ਇਸ ਬੁੱਤ ਨੂੰ ਹਟਾਉਣ ਦੀ ਵੀ ਜ਼ੋਰਦਾਰ ਮੰਗ ਕੀਤੀ ਸੀ ।

ਮਹਾਤਮਾ ਗਾਂਧੀ ਦੇ ਬੁੱਤ ਨੂੰ ਲੈ ਕੇ ਸ਼ਹਿਰ ਵਿੱਚ ਸਥਿਤੀ ਬੜੀ ਤਨਾਅ ਵਾਲੀ ਬਣਦੀ ਜਾ ਰਹੀ ਹੈ । ਸਥਾਨਕ ਸਿੱਟੀ ਕੌਂਸਲ ਦੇ ਅਧਿਕਾਰੀਆ ਵੱਲੋਂ ਪੁਟੀਸ਼ਨਰ ਨੂੰ ਉਸ  ਦੀ  ਪੁਟੀਸ਼ਨ ਉੱਤੇ ਸੰਜੀਦਗੀ ਨਾਲ ਵਿਚਾਰ ਕਰਨ ਦਾ ਭਰੋਸਾ ਦੇ ਦਿੱਤਾ ਗਿਆ ਹੈ ।ਗਾਂਧੀ ਦਾ ਬੁੱਤ ਹਟਾਇਆ ਜਾਂਦਾ  ਹੈ ਜਾਂ ਨਹੀਂ, ਇਸ ਬਾਰੇ ਅਜੇ ਕੁੱਜ ਵੀ ਕਹਿਣਾ ਸਮੇਂ ਤੋਂ ਪਹਿਲਾ ਦੀ ਗੱਲ ਹੋਵੇਗੀ, ਪਰ ਗਾਂਧੀ ਦੇ ਬੁੱਤ ਨੂੰ ਇਕ  ਵਾਰ  ਫੇਰ ਕੁੱਜ ਅਨਸਰਾਂ ਵੱਲੋਂ ਨੁਕਸਾਨ ਪਹੁੰਚਾਏ ਦਾ ਖਤਰਾ ਜ਼ਰੂਰ ਪੈਦਾ ਹੋ ਗਿਆ ਹੈ।

Previous articleSystemic racism exists in Canadian police: Commissioner
Next article2 rockets hit military base near Baghdad