ਲੰਡਨ, (ਰਾਜਵੀਰ ਸਮਰਾ) – ਬੀਤੇ ਕੱਲ੍ਹ ਬਰਤਾਨੀਆ ਦੀਆਂ ਹੋਈਆ ਕੌਂਟੀ ਕੌਂਸਲ ਚੋਣਾਂ ਦੇ ਨਤੀਜੇ ਅੱਜ ਐਲਾਨ ਦਿੱਤੇ ਗਏ, ਜਿਹਨਾ ਦੇ ਮੁਤਾਬਿਕ ਟੌਰੀ ਪਾਰਟੀ ਭਾਰੀ ਬਹੁਮੱਤ ਨਾਲ ਮੁਲਕ ਦੀਆ ਬਹੁਤੀਆਂ ਕੌਂਟੀ ਕੌਂਸਲਾਂ ‘ਤੇ ਕਾਬਜ ਹੋ ਗਈ ਹੈ । ਜਿੱਥੋਂ ਤੱਕ ਲੈਸਟਰਸ਼ਾਇਰ ਕੌਂਟੀ ਕੌਂਸਲ ਦੇ ਰੁਝਾਨਾਂ ਦੀ ਗੱਲ ਹੈ, ਉਸ ਬਾਰੇ ਕਿਹਾ ਜਾ ਸਕਦਾ ਹੈ ਕਿ ਬੇਸ਼ੱਕ ਇਸ ਕੌਂਸਲ ਉੱਤੇ ਪਹਿਲਾਂ ਹੀ ਪਿਛਲੇ ਕਈ ਸਾਲਾਂ ਤੋਂ ਟੌਰੀ ਪਾਰਟੀ ਦਾ ਕਬਜ਼ਾ ਸੀ , ਪਰ ਇਸ ਵਾਰ ਪਾਰਟੀ ਵੱਲੋਂ ਪਿਛਲੀ ਵਾਰ ਨਾਲ਼ੋਂ 7 ਸੀਟਾਂ ਹੋਰ ਸੀਟਾਂ ਦਾ ਵਾਧਾ ਦਰਜ ਕਰ ਦਿੱਤਾ ਗਿਆ ਹੈ । ਹਰ ਚਾਰ ਸਾਲ ਬਾਅਦ ਟਾਊਨ ਹਾਲ ਵਾਸਤੇ ਕੁੱਲ 55 ਸੀਟਾਂ ਦੀ ਹੁੰਦੀ ਇਸ ਚੋਣ ਵਿੱਚ ਪਿਛਲੀ ਵਾਰ ਟੌਰੀ ਪਾਰਟੀ ਕੋਲ 35 ਸੀਟਾਂ ਨਾਲ ਭਾਰੀ ਬਹੁਮੱਤ ਸੀ ਜੋ ਇਸ ਵਾਰ ਸੱਤ ਹੋਰ ਸੀਟਾਂ ਦੇ ਵਾਧੇ ਨਾਲ 42 ਹੋ ਗਿਆ ਹੈ । ਖ਼ਾਸ ਗੱਲ ਇਹ ਰਹੀ ਕਿ ਕਮਲ ਸਿੰਘ ਘਟੋਰੇ ਜੋ ਕਿ ਓਡਬੀ ਵਿਗਸਟਨ ਬਰੋ ਕੌਂਸਲ ਦੇ ਪਹਿਲਾਂ ਹੀ ਡਿਪਟੀ ਲੀਡਰ ਹਨ, ਵੀ ਇਸ ਚੋਣ ਵਿੱਚ ਜੇਤੂ ਰਹੇ ਹਨ । ਇਹਨਾਂ ਚੋਣਾਂ ਚ ਲੇਬਰ ਪਾਰਟੀ ਦਾ ਗ੍ਰਾਫ ਬਹੁਤ ਹੇਠਾਂ ਡਿਗਿਆਂ ਹੈ । ਲੇਬਰ ਪਾਰਟੀ ਨੂੰ ਇਹਨਾਂ ਚੋਣਾਂ ਵਿੱਚ ਸਿਰਫ ਚਾਰ ਸੀਟਾਂ ਜਦ ਕਿ ਲਿਬਰਲ ਡੈਮੋਕਰੇਟਿਕ ਪਾਰਟੀ ਨੂੰ 9 ਸੀਟਾਂ ‘ਤੇ ਸਬਰ ਕਰਨਾ ਪਿਆ ਹੈ।
ਕੌਂਸਲਰ ਕਮਲ ਸਿੰਘ ਘਟੋਰੇ ਨੇ ਇਹ ਚੋਣ ਪਹਿਲੀ ਵਾਰ ਜਿੱਤੀ ਹੈ । ਉਹਨਾਂ ਦੀ ਇਸ ਜਿੱਤ ਨਾਲ ਇੱਥੋਂ ਦੇ ਪੰਜਾਬੀ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਉਹਨਾ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ । ਉਹਨਾਂ ਦੀ ਜਿੱਤ ਨਾਲ ਓਡਬੀ ਵਿਗਸਟਨ ਬਰੋ ਕੌਂਸਲ ਵੱਲੋਂ ਲੈਸਟਰਸ਼ਾਇਰ ਕੌਂਟੀ ਕੌਂਸਲ ਚ ਪੰਜਾਬੀ ਭਾਈਚਾਰੇ ਦੀ ਪਹਿਲੀ ਵਾਰ ਇੰਟਰੀ ਹੋਈ ਹੈ ਜੋ ਕਿ ਇਕ ਵੱਡੀ ਪ੍ਰਾਪਤੀ ਤੇ ਬਹੁਤ ਹੀ ਮਾਣ ਵਾਲੀ ਗੱਲ ਹੈ । ਕੌਂਸਲਰ ਕਮਲ ਸਿੰਘ ਦੀ ਜਿੱਤ ਨਾਲ ਪੂਰੇ ਪੰਜਾਬੀ ਭਾਈਚਾਰੇ ਦੇ ਮਾਣ ਚ ਚੋਖਾ ਵਾਧਾ ਹੋਇਆ ਹੈ । ਇਸ ਕਰਕੇ ਕਮਲ ਸਿੰਘ ਵੱਡੀ ਵਧਾਈ ਦੇ ਪਾਤਰ ਹਨ ਤੇ ਉਹਨਾਂ ਨੂੰ ਸਾਡੇ ਵੱਲੋਂ ਵੀ ਕੋਟਿਨ ਕੋਟਿ ਵਧਾਈਆਂ ਪਰਵਾਨ ਹੋਣ ।