ਸਰਕਾਰੀ ਆਈਟੀਆਈ (ਲੜਕੇ) ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵੰਬਰ 2018 ਵਿਚ ਲਗਾਏ ‘ਰੁਜ਼ਗਾਰ ਮੇਲੇ’ ਦੌਰਾਨ ਇਕ ਪ੍ਰਾਈਵੇਟ ਸੰਸਥਾ ਵੱਲੋਂ ਭਰਤੀ ਕੀਤੀਆਂ ਲੜਕੀਆਂ ਨੇ ਅਦਾਰੇ ਵਲੋਂ ਉਨ੍ਹਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਲਗਾਏ।
ਮੁੱਖ ਬੱਸ ਅੱਡੇ ਦੇ ਸਾਹਮਣੇ ਸ਼ਨੀਦੇਵ ਮੰਦਰ ਵਾਲੀ ਗਲੀ ਵਿਚ ‘ਗੀਤ ਗਿਆਨ ਐਂਟਰਪ੍ਰਾਈਜ਼’(ਜੀਜੀਈ) ਮੁਹਾਲੀ ਦੀ ਬਰਾਂਚ ਸਟੂਡੈਂਟਸ ਕੇਅਰ ਸੈਂਟਰ ’ਚ ਭਰਤੀ ਹੋਈ ਅੰਗਰੇਜ਼ ਕੌਰ ਵਾਸੀ ਸੇਖਾ ਨੇ ਦੱਸਿਆ ਕਿ ਉਸ ਨੂੰ ਸਰਕਾਰੀ ਰੁਜ਼ਗਾਰ ਮੇਲੇ ਦੌਰਾਨ ਵਿੱਚ ਕੰਮ ਕਰਨ ਲਈ 13 ਨਵੰਬਰ 2018 ਨਿਯੁਕਤੀ ਪੱਤਰ ਸੌਂਪਿਆ ਗਿਆ ਸੀ ਤੇ ਉਸ ਨੇ 1 ਜਨਵਰੀ 2019 ਤੋਂ ਕੰਮ ’ਤੇ ਜਾਣਾ ਸੀ। ਉਸ ਨੂੰ 5 ਹਜ਼ਾਰ ਮਾਸਿਕ ਤਨਖ਼ਾਹ ਦੇਣ ਦਾ ਵਾਅਦਾ ਕੀਤਾ ਗਿਆ ਸੀ। ਜਸਵੰਤ ਕੌਰ ਵਾਸੀ ਭਦੌੜ, ਜੋ ਬੀਐਸਸੀ(ਆਈਟੀ) ਹੈ, ਨੇ ਕਿਹਾ ਕਿ ਉਸ ਨੂੰ ਦੋ ਮਹੀਨਿਆਂ ਤੋਂ ਵੱਧ ਦਾ ਸਮਾਂ ਇਸ ਸੰਸਥਾ ਵਿੱਚ ਹੋ ਗਿਆ ਹੈ। ਤਨਖ਼ਾਹ ਤਾਂ ਕੀ ਦੇਣੀ ਸੀ, ਬਲਕਿ ਇਹ ਹਦਾਇਤ ਕੀਤੀ ਗਈ ਕਿ ਜੇਕਰ 10 ਵਿਦਿਆਰਥੀ ਲਿਆਉਂਗੇ ਤਾਂ 3 ਹਜ਼ਾਰ, ਜੇ 15 ਲਿਆਉਂਗੇ ਤਾਂ 5 ਹਜ਼ਾਰ, ਜੇ 20 ਵਿਦਿਆਰਥੀ ਲਿਆਉਂਗੇ ਤਾਂ 7 ਹਜ਼ਾਰ ਰੁਪਏ ਦਿੱਤੇ ਜਾਣਗੇ। ਸਰਵੇ ਦੇ ਨਾਮ ’ਤੇ ਬਿਨਾਂ ਕਿਰਾਇਆ ਦਿੱਤੇ ਪਿੰਡਾਂ ਵਿਚ ਜਾਣ ਲਈ ਮਜਬੂਰ ਕੀਤਾ ਜਾਂਦਾ ਹੈ। ਸਿਮਰਨਜੀਤ ਕੌਰ ਵਾਸੀ ਨਵੀਂ ਬਸਤੀ ਰਾਮਸਰ ਰੋਡ ਧਨੌਲਾ (12ਵੀਂ) ਨੇ ਕਿਹਾ ਇਸ ਸੈਂਟਰ ਵਿੱਚ ਕੰਪਿਊਟਰ ਵਗੈਰਾ ਅਤੇ ਢੁੱਕਵਾਂ ਫ਼ਰਨੀਚਰ ਤੱਕ ਨਹੀਂ ਹੈ। ਸਿਰਫ਼ ਟੈਂਟ ਤੇ ਕੁੱਝ ਕੁਰਸੀਆਂ ਹਨ। ਲੜਕੀਆਂ ਨੇ ਇਹ ਵੀ ਦੱਸਿਆ ਕਿ ਇਸ ਕੇਂਦਰ ਵਿੱਚ ਉਨ੍ਹਾਂ ਨੂੰ ਕੋਈ ਉਚਿਤ ਮਾਹਿਰਾਂ ਵੱਲੋਂ ਕਿਸੇ ਕਿਸਮ ਦੀ ਟਰੇਨਿੰਗ ਨਹੀਂ ਦਿੱਤੀ ਜਾਂਦੀ, ਬਲਕਿ 1500-2000 ਰੁਪਏ ਬਿਨਾਂ ਕਿਸੇ ਰਸੀਦ ਤੋਂ ਵਸੂਲੇ ਵੀ ਜਾ ਰਹੇ ਹਨ। ਇਨ੍ਹਾਂ ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਵਾਂਗ ਹੋਰ ਵੀ ਕਈ ਨੌਜਵਾਨ ਲੜਕੀਆਂ/ ਲੜਕੇ ਪੀੜ੍ਹਤ ਹਨ ਪਰ ਸੰਚਾਲਕਾਂ ਦੀਆਂ ਕਥਿਤ ਧਮਕੀਆਂ ਕਾਰਨ ਅਜੇ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੇ। ਉਨ੍ਹਾਂ ਇਸ ‘ਕਥਿਤ ਧੋਖਾਧੜੀ’ ਦੀ ਜਾਂਚ ਕਰਾਉਣ ਲਈ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਤੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਪੈਸੇ ਵੀ ਵਾਪਸ ਕਰਵਾਏ ਜਾਣ। ਅਜਿਹਾ ਨਾ ਹੋਣ ’ਤੇ ਮਾਪਿਆਂ ਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ।
INDIA ਲੈਣ ਗਈਆਂ ਸਨ ਰੁਜ਼ਗਾਰ ਪਰ ਗਲ ਪੈ ਗਈ ਵਗਾਰ