ਲੇਹ-ਲਦਾਖ਼: ਫਿਰਦੌਸ ਦੀ ਇੱਕ ਝਲਕ

(ਸਮਾਜ ਵੀਕਲੀ)

ਕਾਦਰ ਦੀ ਸਾਜੀ-ਨਿਵਾਜੀ ਇਹ ਬੇਅੰਤ, ਬੇਸ਼ੁਮਾਰ ਤੇ ਬਹੁਰੰਗੀ ਕੁਦਰਤ ਉਸ ਦੀ ਖ਼ੂਬਸੂਰਤ ਇਬਾਰਤ ਹੈ, ਅਜਿਹੀ ਹੀ ਇੱਕ ਕੁਦਰਤੀ ਨਿਯਮਤਾ ਨਾਲ ਲਬਰੇਜ਼ ਧਰਤੀ ਹੈ: ਲੇਹ-ਲਦਾਖ, ਜਿਸ ਦਾ ਨਾਮ ਸੁਣਦਿਆਂ ਹੀ ਮਨ ਕੁਦਰਤ ਦੀ ਸੁੰਦਰਤਾ ਦੇ ਗੁਣ-ਗਾਣ ਕਰਨ ਲਈ ਅੰਸ਼-ਅੰਸ਼ ਕਰ ਉੱਠਦਾ ਹੈ। ਲੱਦਾਖ ਸਫ਼ਰਨਾਮੇ ਦੇ ਚੋਥੇ ਦਿਨ ਯਾਨੀ ਕਿ 13 ਜੂਨ ਨੂੰ ਸਾਡੀ ਮੁੱਖ ਮੰਜ਼ਿਲ ਲੇਹ ਪਹੁੰਚਣ ਦੀ ਸੀ, ਆਰੀਅਨ ਵੈਲੀ ਦੇ ਵਿਲੱਖਣ ਸੱਭਿਆਚਾਰ ਦੇ ਰੂ-ਬ-ਰੂ ਹੋਣ ਤੋਂ ਬਾਅਦ ਕਈ ਸਵਾਲਾਂ ਦੇ ਜਵਾਬ ਲੱਭਦੇ ਅਸੀਂ (ਪੰਜੇ ਦੌਸਤ: ਰਵਿੰਦਰ ਸਿੰਘ, ਜਤਿੰਦਰ ਮੋਹਨ, ਕਰਨੈਲ ਸਿੰਘ, ਬਲਵਿੰਦਰ ਸਿੰਘ ਅਤੇ ਇਨ੍ਹਾਂ ਸਤਰਾਂ ਦਾ ਲੇਖਕ) ‘ਖਲਸੀ’ ਵਲ ਹੋ ਤੁਰੇ, ਦੱਸ ਦਿਆਂ ਕਿ ‘ਖਲਸੀ’ ਦੇ ਸਥਾਨ ਉਪਰ ਹੀ ਕਾਰਗਿਲ ਤੋਂ ਲੇਹ ਜਾਣ ਦੇ ਦੋਵੇਂ ਰਸਤੇ ਯਾਨੀ ਕਿ ਲੇਹ ਵਾਇਆ ਬਟਾਲਿਕ ਸੈਕਟਰ ਜਾਂ ਲੇਹ ਵਾਇਆ ਲਾਮਾਯਰੂ ਆ ਕੇ ਮਿਲਦੇ ਹਨ। ਮੋਟਰਬਾਈਕਰਾਂ ਦੀ ਸੂਚੀ ਵਿੱਚ ਲੇਹ-ਲਦਾਖ ਇਕ ਖਾਸ ਸਥਾਨ ਰੱਖਦਾ ਹੈ। ਲੈਂਡਸਕੇਪ, ਸ਼੍ਰੀਨਗਰ ਤੋਂ ਲੱਦਾਖ ਦੇ ਲੇਹ ਤੱਕ ਦੇ ਸਫ਼ਰ ਨੂੰ ਸਭ ਤੋਂ ਯਾਦਗਾਰ ਯਾਤਰਾਵਾਂ ਵਿੱਚੋਂ ਇੱਕ ਬਣਾਉਂਦੇ ਹਨ।

ਆਰੀਅਨ ਵੈਲੀ ਤੋਂ ਲੇਹ ਦੀ ਦੂਰੀ ਤਕਰੀਬਨ 170 ਕਿਲੋਮੀਟਰ ਦੇ ਨੇੜੇ-ਤੇੜੇ ਹੈ, ਵੈਲੀ ਤੋਂ ਖਲਸੀ ਤੱਕ ਦਾ ਸੁਹਾਵਣਾ ਸਫ਼ਰ, ਟੇਡੇ-ਮੇਢੇ ਰਸਤੇ ਦੇ ਉਪਰ, ਸਿੰਧ ਦਰਿਆ ਜਿਸ ਨੂੰ ਅੰਗਰੇਜ਼ੀ ਵਿੱਚ ‘ਇੰਡਸ’ ਦਰਿਆ ਵੀ ਕਹਿੰਦੇ ਹਾਂ ਦੇ ਨਾਲ-ਨਾਲ ਚਲਦਾ ਹੈ, ਗਗਨ ਚੁੰਬੀ ਪਹਾੜਾਂ ਅਤੇ ਹੇਠਾਂ ਕਲ-ਕਲ ਵਗਦਾ ਸਿੰਧ ਦਰਿਆ, ਸਫਰ ਨੂੰ ਬਹੁਤ ਹੀ ਖੂਬਸੂਰਤੀ ਬਖਸ਼ਦਾ ਹੈ। ਖਲਸੀ ਤੋਂ ਚਾਹ-ਪਾਣੀ ਪੀ ਕੇ ਅਸਾਂ ਹੁਣ ਲੇਹ ਵੱਲ ਨੂੰ ਰਵਾਨਾ ਹੋ ਪਏ। ਦ੍ਰਿਸ਼ ਕਮਾਲ ਦੇ ਸਨ, ਰੰਗ-ਬਿਰੰਗੇ ਪਹਾੜ ਤਾਂ ਇਸ ਤੋਂ ਪਹਿਲਾਂ ਅਸੀ ਨਹੀਂ ਸਨ ਵੇਖੇ। ਰਮਣੀਕ ਥਾਵਾਂ ’ਤੇ ਰੁਕ-ਰੁਕ ਕੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਦੇ ਹੋਏ ਅਸੀਂ ਤਸਵੀਰਾਂ ਵਿੱਚ ਇਨ੍ਹਾਂ ਸੁਨਿਹਰੀ ਯਾਦਾ ਨੂੰ ਕੈਦ ਕਰਨ ਦਾ ਯਤਨ ਕਰ ਰਹੇ ਸਾਂ।

ਸਾਨੂੰ ਆਰੀਅਨ ਵੈਲੀ ਵਿੱਚੋਂ ਨਿਕਲਦਿਆਂ ਕਾਫੀ ਦੇਰ ਹੋ ਗਈ ਸੀ, ਇਸ ਲਈ ਸਾਨੂੰ ‘ਖਲਸੀ’ ਹੀ ਅੱਠ ਵੱਜ ਗਏ ਸੀ ਪਰੰਤੂ ਨਾਲ ਦੇ ਸਾਥੀ ਲੇਹ ਜਾ ਕੇ ਹੀ ਰਾਤ ਰੁਕਣਾ ਚਾਹੁੰਦੇ ਸੀ। ਉਪਰੋਂ ਗੱਡੀ ਦਾ ਟਾਇਰ ਪੈਂਚਰ ਹੋ ਗਿਆ, ਇਸ ਤੋਂ ਵੀ ਵੱਧ ਕੀ ਮਾੜਾ ਹੋ ਸਕਦਾ ਸੀ ਕਿ ਸਟਿਪਨੀ ਵਾਲੇ ਟਾਇਰ ਬਦਲਣ ਲੱਗੇ ਤਾਂ ਵੇਖਣ ਤੇ ਪਤਾ ਲੱਗਾ ਕਿ ਹਵਾ ਉਸ ਵਿੱਚ ਵੀ ਨਹੀਂ ਸੀ, ਰਸਤੇ ਵਿੱਚ ਦੂਰ-ਦੂਰ ਤੱਕ ਕੋਈ ਨਹੀਂ ਦਿਸ ਰਿਹਾ ਸੀ, ਇਹ ਤਾਂ ਭਲਾ ਹੋਵੇ ਪਿੱਛੇ ਆਈ ਸੰਗਰੂਰ ਵਾਲੇ ਰਮਨਦੀਪ ਹੁਰਾਂ ਦਾ ਜਿੰਨਾ ਕੋਲ ਗੱਡੀ ਵਿੱਚ ਪੰਪ ਸੀ ਜਿਸ ਨਾਲ ਹਵਾ ਭਰ ਕੇ ਅਸੀਂ ਅੱਗੇ ਵਧੇ ਤੇ ਫਿਰ ਨਿਮੂ ਜਾ ਕੇ ਪੈਂਚਰ ਲਵਾਇਆ। ਰਾਤ ਦੇ ਤਕਰੀਬਨ 11 ਵੱਜ ਚੁੱਕੇ ਸਨ। ਹੁਣ ਅਸੀ ਦੁਚਿੱਤੀ ਸਾਂ ਕਿ ਨਿਮੂ ਰੁਕਿਆ ਜਾਏ ਜਾਂ ਫਿਰ ਲੇਹ ਹੀ ਜਾਇਆ ਜਾਏ। ਅਸੀਂ ਉੱਥੇ ‘ਐਪਰੀਕੋਟ ਕਿਚਨ ਢਾਬੇ’ ਵਿੱਚ ਰਾਤ ਦਾ ਖਾਣਾ ਖਾਧਾ, ਹੋਟਲ ਦੇ ਮਾਲਕ ਨਾਲ ਅਸੀਂ ਲੇਹ ਰੁਕਣ ਲਈ ਕਿਸੇ ਹੋਟਲ ਵਿੱਚ ਕਮਰੇ ਦਾ ਇੰਤਜ਼ਾਮ ਬਾਰੇ ਗੱਲ ਕੀਤੀ।

ਕਿਉਂਕਿ ਅਸੀਂ ਇੰਟਰਨੈੱਟ ਉਪਰ ਜਿਹੜੇ ਵੀ ਉਪਲਬਧ ਹੋਟਲਾਂ ਦੇ ਨੰਬਰ ਸਨ, ਉਨ੍ਹਾਂ ਤੇ ਸੰਪਰਕ ਕਰ ਚੁੱਕੇ ਸਾ ਪਰੰਤੂ ਸਭ ਬੂਕਿੰਗ ਫੁੱਲ ਜਾਂ ਫਿਰ ਕਿਰਾਇਆ ਬਹੁਤ ਜਿਆਦਾ ਦੱਸ ਰਹੇ ਸਨ। ਇੱਥੇ ਹੁਣ ਤੁਹਾਡੇ ਕਿਰਦਾਰ ਕੰਮ ਆਉਂਦੇ ਹਨ। ਹੋਟਲ ਦੇ ਮਾਲਕ ਦੀ ਪਤਨੀ ਜਿਹੜੀ ਉੱਥੇ ਹੀ ਮੋਜੂਦ ਸੀ, ਉਨ੍ਹਾਂ ਦੇ ਦੱਸਣ ਮੁਤਾਬਕ ਪਹਿਲਾ ਸਕੂਲ ਵਿੱਚ ਅਧਿਆਪਕ ਸੀ ਫਿਰ ਉਹ ਦੋਵੇ ਪਤੀ-ਪਤਨੀ ਹੋਟਲ ਬਿਜਨਸ ਵਿੱਚ ਆ ਗਏ। ਉਹ ਪੜਨ ਲਈ ਚੰਡੀਗੜ੍ਹ ਆਈ ਸੀ, ਇੱਥੇ ਪੰਜਾਬੀਆਂ ਦੇ ਖੁੱਲੇ-ਡੁੱਲੇ ਸੁਭਾਅ ਅਤੇ ਪ੍ਰਾਹੁਣਚਾਰੀ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ, ਉਨ੍ਹਾਂ ਦੇ ਹੋਟਲ ਬੰਦ ਕਰਨ ਦਾ ਸਮਾਂ ਵੀ ਹੋ ਰਿਹਾ ਸੀ , ਉਹ ਰਹਿਣ ਵਾਲੇ ਵੀ ਲੇਹ ਦੇ ਹੀ ਸਨ, ਨਿਮੂ ਤੋਂ ਲੇਹ ਤਕਰੀਬਨ 35 ਕਿਲੋਮੀਟਰ ਹੈ, ਉਸ ਦਾ ਪਤੀ ਨੇ ਸਾਨੂੰ ਆਪ ਰਾਤ ਦੇ ਤਕਰੀਬਨ ਇਕ ਵਜੇ ਹੋਟਲ ਵਿੱਚ ਜਾ ਕੇ ਵਾਜਬ ਮੁੱਲ ਤੇ ਕਮਰਾ ਦਿਵਾਇਆ। ਸਾਡਾ ਪ੍ਰੋਗਰਾਮ ਇਕ ਦਿਨ ਲੇਹ ਰੁੱਕ ਕੇ ਵਾਪਸੀ ਸਮੇਂ ਤਸੱਲੀ ਨਾਲ ਗੁਰਦੁਆਰਾ ਪੱਥਰ ਸਾਹਿਬ ਦਰਸ਼ਨ ਕਰਨ ਦਾ ਬਣਿਆ ਸੀ। ਵੈਸੇ ਸਾਡਾ ਪ੍ਰੋਗਰਾਮ ਲੇਹ ਤੋਂ ਮਨਾਲੀ ਰਾਹੀ ਵਾਪਸੀ ਕਰਨ ਦਾ ਸੀ ਪਰੰਤੂ ਸਾਨੂੰ ਇਸ ਸਫਰ ਦੌਰਾਨ ਮੌਸਮ ਦੀ ਖਰਾਬੀ ਅਤੇ ਮਨਾਲੀ ਵਿੱਚ ਟ੍ਰੈਫਿਕ ਜਾਮ ਅਤੇ ਸੜਕ ਦੀ ਖਸਤਾ ਹਾਲਤ ਕਾਰਨ ਲੇਹ ਤੋਂ ਵਾਪਸ ਸ੍ਰੀਨਗਰ ਵੱਲ ਵਾਪਸੀ ਕਰਨ ਦਾ ਹੀ ਪ੍ਰੋਗਰਾਮ ਬਣਾਉਣਾ ਪਿਆ।

ਲੇਹ ਲੱਦਾਖ ਦੀ ਸਾਂਝੀ ਰਾਜਧਾਨੀ (ਸਰਦੀਆਂ ਵਿੱਚ ਕਾਰਗਿਲ) ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਲੇਹ 3,524 ਮੀਟਰ (11,562 ਫੁੱਟ) ਦੀ ਉਚਾਈ ‘ਤੇ ਹੈ, ਅਤੇ ਰਾਸ਼ਟਰੀ ਰਾਜਮਾਰਗ 1 ਦੁਆਰਾ ਦੱਖਣ-ਪੱਛਮ ਵਿੱਚ ਸ਼੍ਰੀਨਗਰ ਅਤੇ ਦੱਖਣ ਵਿੱਚ ਮਨਾਲੀ ਨਾਲ ਲੇਹ-ਮਨਾਲੀ ਹਾਈਵੇ (ਰਾਸ਼ਟਰੀ ਰਾਜਮਾਰਗ 3 ਦਾ ਹਿੱਸਾ) ਰਾਹੀਂ ਜੁੜਿਆ ਹੋਇਆ ਹੈ। ਇਹ ਸ਼ਹਿਰ ਸਿੰਧ ਦੇ ਕਿਨਾਰੇ ਸਥਿਤ ਹੈ। ਮੁੱਖ ਪਹੁੰਚ ਸੜਕਾਂ ਵਿੱਚ 434 ਕਿਲੋਮੀਟਰ ਸ਼੍ਰੀਨਗਰ-ਲੇਹ ਹਾਈਵੇਅ ਸ਼ਾਮਲ ਹੈ ਜੋ ਲੇਹ ਨੂੰ ਸ਼੍ਰੀਨਗਰ ਨਾਲ ਜੋੜਦਾ ਹੈ ਅਤੇ 428 ਕਿਲੋਮੀਟਰ ਲੇਹ-ਮਨਾਲੀ ਹਾਈਵੇਅ ਜੋ ਮਨਾਲੀ ਨੂੰ ਲੇਹ ਨਾਲ ਜੋੜਦਾ ਹੈ। ਲੇਹ ਵਿੱਚ ਨਵੰਬਰ ਦੇ ਅਖੀਰ ਤੋਂ ਮਾਰਚ ਦੇ ਸ਼ੁਰੂ ਵਿੱਚ ਲੰਮੀ, ਠੰਡੀਆਂ ਸਰਦੀਆਂ ਹੁੰਦੀਆਂ ਹਨ। ਜਿਸ ਦੇ ਫਲਸਰੂਪ ਸ਼੍ਰੀਨਗਰ ਅਤੇ ਮਨਾਲੀ ਤੋਂ ਪਹੁੰਚਣ ਵਾਲੀਆਂ ਸੜਕਾਂ ਅਕਸਰ ਸਰਦੀਆਂ ਵਿੱਚ ਬਰਫ ਨਾਲ ਬੰਦ ਹੋ ਜਾਂਦੀਆਂ ਹਨ, ਸਿੰਧੂ ਘਾਟੀ ਵਿੱਚ ਸਥਾਨਕ ਸੜਕਾਂ ਆਮ ਤੌਰ ‘ਤੇ ਮੀਂਹ ਅਤੇ ਬਰਫਬਾਰੀ ਦੇ ਘੱਟ ਪੱਧਰ ਕਾਰਨ ਖੁੱਲ੍ਹੀਆਂ ਰਹਿੰਦੀਆਂ ਹਨ। ਇਥੇ ਬਹੁਤ ਸਾਰੇ ਬੁੱਧ ਮੱਠ ਹਨ। ਸੈਲਾਨੀਆਂ ਨੂੰ ਇੱਥੇ ਸਮਾਂ ਬਿਤਾ ਕੇ ਅਸੀਮ ਆਤਮਕ ਸ਼ਾਂਤੀ ਮਿਲਦੀ ਹੈ। ਮੱਠਾਂ ਇਵੇਂ ਪ੍ਰਤੀਤ ਹੁੰਦੇ ਸਨ ਕਿ ਜਿਵੇਂ ਕਿਸੇ ਰਹੱਸ ਦਾ ਪ੍ਰਗਟਾਵਾ ਕਰਦੇ ਹੋਣ।

ਚੱਲੋ ਗੱਲ ਤੋਰਦੇ ਹਾਂ ਆਪਣੇ ਸਫਰਨਾਮੇ ਦੀ, ਰਾਤ ਹੋਟਲ ਦੇ ਕਮਰੇ ਵਿੱਚ ਬਿਤਾਉਣ ਤੋਂ ਬਾਅਦ ਸਵੇਰੇ ਸਵੱਖਤੇ ਹੀ ਅਸੀਂ ਗੁਰਦੁਆਰਾ ਦਾਤਨ ਸਾਹਿਬ ਜਿਸ ਧਰਤੀ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਦੁਜੀ ਉਦਾਸੀ ਸਮੇਂ ਸੰਨ 1517 ਈਸਵੀ ਭਾਗ ਲਾਏ ਸੀ, ਜੀ ਦੇ ਦਰਸ਼ਨ ਕੀਤੇ, ਗ੍ਰੰਥੀ ਸਾਹਿਬ ਜੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਜੀ ਦੀ ਸੁੰਦਰ ਇਮਾਰਤ ਦੀ ਕਾਰ ਸੇਵਾ ਚੱਲ ਰਹੀ ਹੈ। ਕੋਰੋਨਾ ਮਹਾਮਾਰੀ ਕਾਰਨ ਸਭ ਕੁੱਝ ਬੰਦ ਹੋਣ ਕਾਰਨ ਕੰਮ ਵਿੱਚ ਦੇਰੀ ਹੋ ਰਹੀ ਹੈ। ਉੱਥੋ ਦੇ ਲੋਕ ਗੁਰਦੁਆਰਾ ਸਾਹਿਬ ਵਿਖੇ ਬਿਰਾਜਮਾਨ ਦਰੱਖਤ ਨੂੰ ਆਪਣੇ ਪਾਵਨ ਗੁਰੂ ‘ਰਿਮਪੋਚੇ ਲਾਮਾ’ ਦੇ ਰੂਪ ਵਿੱਚ ਪੂਜਦੇ ਹਨ। ਅਜਿਹਾ ਗੁਰਦੁਆਰਾ ਸਾਹਿਬ ਵਿਖੇ ਇਤਿਹਾਸ ਪੜਨ ਨੂੰ ਮਿਲਦਾ ਹੈ। ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਮੇਰੀ ਜੋ ਸਭ ਤੋਂ ਪਹਿਲੀ ਰੀਝ ਹੁੰਦੀ ਹੈ ਕਿ ਹਰ ਸਵੇਰ ਅਖਬਾਰ ਪੜਨਾ, ਖਾਸਕਰ ਜਿਸ ਜਗ੍ਹਾ ਤੁਸੀਂ ਗਏ ਹੋ ਉਥੋਂ ਦੇ ਸਥਾਨਕ ਅਖ਼ਬਾਰ, ਮੈਂ ਲੱਭਦਾ ਲਭਾਉਂਦਾ ਏਬੀਸੀ ਨਿਊਜ ਏਜੰਸੀ ਪਹੁੰਚਿਆ ਤਾਂ ਮੈਨੂੰ ਉਥੇ ਦੇ ਮੈਨੇਜਰ ਹੁਸਨ ਲਾਲ ਜੀ ਮਿਲੇ ਇਤਫ਼ਾਕ ਨਾਲ ਉਹ ਵੀ ਹੁਸ਼ਿਆਰਪੁਰ ਦੇ ਇਤਿਹਾਸਕ ਪਿੰਡ ਬਜਵਾੜਾ ਤੋਂ ਸਨ।

ਉਨ੍ਹਾਂ ਬੜੀ ਗਰਮਜੋਸ਼ੀ ਨਾਲ ਸਾਡਾ ਸਵਾਗਤ ਕੀਤਾ। ‘ਗਰੈਟਰ ਲਦਾਂਖ’, ‘ਵੋਇਸ ਆਫ ਲਦਾਖ਼’, ‘ਸਿਟੀ ਰਿਪੋਰਟਰ’, ‘ਦਾ ਨੋਰਥ ਲਾਈਨਸ’, ‘ਦਾ ਅਰਥ ਨਿਊਜ’, ‘ਲਦਾਖ਼ ਬੁਲੇਟਿਨ’, ‘ਦਾ ਐਕਸਲੈਸਰ’, ‘ਦੈਨਿਕ ਜਾਗਰਣ’, ‘ਦੈਨਿਕ ਟ੍ਰਿਬਿਊਨ’, ਆਦਿ। ਅਖਬਾਰਾਂ ਪਹੁੰਚਦੀਆਂ ਹਨ। ਸਥਾਨਕ ਅਖਬਾਰਾ ਜਿਆਦਾਤਰ ਹਫਤਾਵਾਰੀ ਪੜਨ ਨੂੰ ਮਿਲਦੀਆਂ ਹਨ। ਦੈਨਿਕ ਜਾਗਰਣ, ਦੈਨਿਕ ਟ੍ਰਿਬਿਊਨ ਨਿਯਮਿਤ ਰੂਪ ਵਿੱਚ ਪਹੁੰਚਦਾ ਹੈ। ਪਰੰਤੂ ਸਿਆਲ ਵਿੱਚ ਬਰਫ ਪੈਣ ਜਾਂ ਮੌਸਮ ਖਰਾਬ ਹੋਣ ਕਾਰਨ ਸਭ ਕੁੱਝ ਬੰਦ ਹੋ ਜਾਂਦਾ ਹੈ। ‘ਲੇਹ ਕੁਸ਼ੋਕ ਬਕੁਲਾ ਰਿੰਪੋਚੀ’ ਹਵਾਈ ਅੱਡੇ ਤੋਂ ਦਿੱਲੀ, ਜੰਮੂ, ਸ਼੍ਰੀਨਗਰ ਅਤੇ ਚੰਡੀਗੜ੍ਹ ਲਈ ਉਡਾਣਾਂ ਹਨ। ਏਅਰ ਇੰਡੀਆ, ਗੋ ਫਸਟ, ਇੰਡੀਗੋ ਅਤੇ ਵਿਸਤਾਰਾ ਸੀਜ਼ਨ ਸਮੇਂ ਦੌਰਾਨ ਕਈ ਉਡਾਣਾਂ ਦੇ ਨਾਲ ਰੋਜ਼ਾਨਾ ਦਿੱਲੀ ਤੋਂ ਲੇਹ ਦਾ ਸੰਚਾਲਨ ਕਰਦੀ ਹੈ। ਕਿਉਂਕਿ ਲੇਹ ਉੱਚੀ ਉਚਾਈ ‘ਤੇ ਸਥਿਤ ਹੈ, ਆਕਸੀਜਨ ਦੀ ਕਮੀ ਕਾਰਨ ਸਾਹ ਲੈਣ ਵਿੱਚ ਸਮੱਸਿਆ ਹੋ ਸਕਦੀ ਹੈ। ਸੈਲਾਨੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਯਾਤਰਾ ‘ਤੇ ਜਾਣ ਤੋਂ ਪਹਿਲਾਂ ਆਪਣੇ ਡਾਕਟਰਾਂ ਨਾਲ ਸਲਾਹ-ਮਸ਼ਵਰਾ ਕਰਨ ਅਤੇ ਢੁਕਵੇਂ ਊਨੀ ਕੱਪੜਿਆਂ ਦਾ ਪ੍ਰਬੰਧ ਕਰਨ ਕਿਉਂਕਿ ਸਰਦੀਆਂ ਵਿੱਚ ਤਾਪਮਾਨ -20 ਡਿਗਰੀ ਤੋਂ ਵੱਧ ਜਾਂਦਾ ਹੈ।

ਇਸ ਤੋਂ ਬਾਅਦ ਅਸੀਂ ਲੇਹ ਬਜਾਰ ਵਿੱਚ ਖਰੀਦਦਾਰੀ ਕਰਨ ਨਿਕਲੇ, ਬਜਾਰ ਖੁੱਲਾ-ਡੁੱਲਾ ਸੀ, ਸਫਾਈ ਦਾ ਵੀ ਖਾਸ ਧਿਆਨ ਸੀ, ਲੇਹ ਵਾਸੀਆਂ ਦੇ ਪਰੰਪਰਾਗਤ ਕਪੜੇ, ਗਹਿਣਿਆਂ ਤੋਂ ਇਲਾਵਾਂ ਬ੍ਰਾਡਿਡ ਕਪੜੇ ਦੇ ਸ਼ੋਅ ਰੂਮ ਉਪਲਬਧ ਹਨ, ਅਸੀਂ ਲੇਹ ਸ਼ਹਿਰ ਵਿੱਚ ਪ੍ਰਸਿਧ ਬੋਧੀ ਜੋਖਾਂਗ ਮੰਦਿਰ ਦੇ ਦਰਸ਼ਨਾਂ ਨੂੰ ਗਏ। ਦੱਸ ਦੇਵਾਂ ਕਿ ਇਸ ਦੀ ਉਸਾਰੀ 1957 ਈਸਵੀ ਵਿੱਚ ਕਰਵਾਈ ਗਈ, ਜੋ ਸੈਲਾਨੀਆਂ ਲਈ ਦਿਨ ਭਰ ਖੁੱਲ੍ਹਾ ਰਹਿੰਦਾ ਹੈ। ਜੋਖਾਂਗ ਗੋਂਪਾ ਲੇਹ ਦੇ ਮੇਨ ਬਜ਼ਾਰ ਤੋਂ ਬਿਲਕੁਲ ਕੋਨੇ ਦੇ ਆਲੇ-ਦੁਆਲੇ ਇੱਕ ਵਿਸ਼ਾਲ ਆਧੁਨਿਕ ਗੋਂਪਾ ਹੈ। ਇਥੇ ਲੱਦਾਖੀ ਬੋਧੀ ਐਸੋਸੀਏਸ਼ਨ ਦਾ ਦਫਤਰ ਵੀ ਹੈ। ਤੁਸੀਂ ਇੱਥੇ ਸਵੇਰ ਦੀਆਂ ਪ੍ਰਾਰਥਨਾਵਾਂ ਲਈ ਭਿਕਸ਼ੂਆਂ ਨੂੰ ਇਕੱਠੇ ਹੁੰਦੇ ਦੇਖ ਸਕਦੇ ਹੋ।

ਜਿਸ ਦਿਨ ਅਸੀਂ ਲੇਹ ਸਾਂ ਜੋ ਗੱਲ ਮੈਨੂੰ ਸਭ ਤੋਂ ਵਧੀਆ ਲੱਗੀ ਕਿ ਉਨ੍ਹਾਂ ਦੇ ਧਾਰਮਿਕ ਕੈਲੰਡਰ ਅਨੁਸਾਰ ਕੋਈ ਖਾਸ ਦਿਨ ਸੀ ਜਿਸ ਦੇ ਮੱਦੇਨਜ਼ਰ ਸਾਰਾ ਲੇਹ ਸ਼ਹਿਰ ਵਿੱਚ ਕਿਸੇ ਵੀ ਦੁਕਾਨ, ਢਾਬੇ ਤੇ ਕੋਈ ਵੀ ਮੀਟ-ਮਾਸ ਦੀ ਵਿਕਰੀ ਨਹੀਂ ਹੋ ਰਹੀ ਸੀ। ਇਸ ਤੋਂ ਬਾਅਦ ਅਸੀ ਬਜਾਰ ਵਿੱਚ ਘੁੱਮ ਰਹੇ ਸੀ ਤਾਂ ਅਸੀਂ ਏਟੀਐਮ ਵਿੱਚੋਂ ਪੈਸੇ ਕਢਵਾਉਣ ਲੱਗੇ ਤਾਂ ਪੰਜਾਬ ਨੈਸ਼ਨਲ ਬੈਂਕ ਦੇ ਸਾਹਮਣੇ ਸਾਨੂੰ ਗੁਰਦੁਆਰਾ ਧਰਮਸਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦਾ ਵੀ ਮੌਕਾ ਮਿਲਿਆ, ਲਕੜੀ ਦੀ ਬਣੀ ਪੋੜੀ ਉਪਰ ਚੜ ਕੇ ਤੀਜੀ ਮੰਜ਼ਿਲ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੀ ਹਾਲਤ ਖਸਤਾ ਹੈ। ਦਜੀ ਮੰਜਿਲ ਉਪਰ ਹਿੰਦੂ ਧਰਮਸਾਲਾ ਅਤੇ ਹੇਠਾਂ ਦੁਕਾਨਾਂ ਹਨ।

ਜਿੰਨੀ ਲੱਦਾਖ ਦੀ ਕੁਦਰਤੀ ਸੁੰਦਰਤਾ ਲੋਕਾਂ ਨੂੰ ਦਿਲਚਸਪ ਬਣਾਉਂਦੀ ਹੈ, ਪ੍ਰਾਚੀਨ ਸਮਾਰਕ ਅਤੇ ਇਤਿਹਾਸ ਵੀ ਬਹੁਤ ਮਹੱਤਵ ਰੱਖਦੇ ਹਨ। ਲੱਦਾਖ ਵਿੱਚ ਕਈ ਪ੍ਰਾਚੀਨ ਅਤੇ ਇਤਿਹਾਸਕ ਸਮਾਰਕ ਹਨ, ਅਜਿਹਾ ਹੀ ਇਕ ਸਥਾਨ ਹੈ: ਜੋਰਾਵਰ ਫੋਰਟ। ਜਨਰਲ ਜ਼ੋਰਾਵਰ ਸਿੰਘ ਜੰਮੂ ਦੇ ਰਾਜਾ ਗੁਲਾਬ ਸਿੰਘ ਅਤੇ ਸ਼ੇਰਾ ਪੰਜਾਬ ਦੇ ਸਿੱਖ ਸ਼ਾਸਕ ਮਹਾਰਾਜ ਰਣਜੀਤ ਸਿੰਘ ਦਾ ਇੱਕ ਫੌਜੀ ਜਰਨੈਲ ਸੀ। ਉਸਨੇ ਕਿਸ਼ਤਵਾੜ ਦੇ ਗਵਰਨਰ (ਵਜ਼ੀਰ-ਏ-ਵਜ਼ਾਰਤ) ਵਜੋਂ ਸੇਵਾ ਕੀਤੀ ਅਤੇ ਲੱਦਾਖ ਅਤੇ ਬਾਲਟਿਸਤਾਨ ਨੂੰ ਜਿੱਤ ਕੇ ਰਾਜ ਦੇ ਖੇਤਰਾਂ ਦਾ ਵਿਸਥਾਰ ਕੀਤਾ। ਕਿਲ੍ਹੇ ਵਿੱਚ ਇੱਕ ਇਤਿਹਾਸ ਦਾ ਕਮਰਾ ਹੈ ਜਿੱਥੇ ਚਿੱਤਰਕਾਰੀ ਅਤੇ ਲਿਖਤਾਂ ਸਮੇਤ ਇਤਿਹਾਸ ਦੀਆਂ ਸਾਰੀਆਂ ਕਲਾਕ੍ਰਿਤੀਆਂ ਅਤੇ ਮਹੱਤਵਪੂਰਨ ਚੀਜ਼ਾਂ ਰੱਖੀਆਂ ਗਈਆਂ ਹਨ। ਕਿਲ੍ਹੇ ਦਾ ਨਿਰਮਾਣ ਅਪ੍ਰੈਲ 1836 ਵਿਚ ਹੋਇਆ ਸੀ, ਕਿਲ੍ਹਾ ਰਣਨੀਤਕ ਤੌਰ ‘ਤੇ ਲੇਹ ਪੈਲੇਸ ਦੇ ਉੱਪਰ ਸਥਿਤ ਹੈ ਤਾਂ ਜੋ ਆਲੇ-ਦੁਆਲੇ ਦੇ ਦੂਰ-ਦੁਰਾਡੇ ਦੇ ਦ੍ਰਿਸ਼ ਨੂੰ ਦੇਖਿਆ ਜਾ ਸਕੇ। ਲੇਹ ਮਾਰਕੀਟ ਤੋਂ ਲਗਭਗ 1 ਕਿਲੋਮੀਟਰ ਦੀ ਦੂਰੀ ‘ਤੇ ਹੈ। ਜ਼ੋਰੋਵਰ ਸਿੰਘ ਨੂੰ ‘ਭਾਰਤ ਦਾ ਨੈਪੋਲੀਅਨ’ ਅਤੇ ‘ਲਦਾਖ ਦਾ ਵਿਜੇਤਾ’ ਆਖ ਕੇ ਨਿਵਾਜਿਆ ਜਾਂਦਾ ਹੈ।

‘ਹਾਲ ਆਫ ਫੇਮ’ ਇੱਕ ਅਜਾਇਬ ਘਰ ਹੈ ਜੋ ਭਾਰਤੀ ਫੌਜ ਦੁਆਰਾ ਭਾਰਤ-ਪਾਕਿਸਤਾਨ ਯੁੱਧਾਂ ਵਿੱਚ ਮਾਤ ਭੂਮੀ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਭਾਰਤੀ ਸੈਨਿਕਾਂ ਦੀ ਯਾਦ ਵਿੱਚ ਬਣਾਇਆ ਗਿਆ ਹੈ। ਹਾਲ ਆਫ ਫੇਮ ਮਿਊਜ਼ੀਅਮ ਲੇਹ-ਕਾਰਗਿਲ ਰੋਡ ‘ਤੇ ਲੇਹ ਸ਼ਹਿਰ ਤੋਂ ਲਗਭਗ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਸਿਖਰਲੀ ਮੰਜ਼ਿਲ ‘ਤੇ ਬੰਦੂਕਾਂ ਅਤੇ ਸਾਜ਼ੋ-ਸਾਮਾਨ ਹਨ ਜੋ ਭਾਰਤੀ ਫੌਜ ਦੁਆਰਾ ਪਾਕਿਸਤਾਨੀ ਫੌਜ ਨਾਲ ਲੜਾਈਆਂ ਦੌਰਾਨ ਹਿਰਾਸਤ ਵਿੱਚ ਲਏ ਗਏ ਹਨ। ਸਾਨੂੰ ਇਸ ਸਫਰ ਦੌਰਾਨ ਨੂਬਰਾ ਵੈਲੀ ਅਤੇ ਪੈਗੋਂਗ ਝੀਲ ਨਾ ਜਾ ਸਕਣ ਦਾ ਮਲਾਲ ਜਰੂਰ ਰਹੇਗਾ, ਦੱਸੀ ਚਲਾਂ ਕਿ ਪੈਂਗੌਂਗ ਝੀਲ, ਲਗਭਗ 4,350 ਮੀਟਰ ਦੀ ਉਚਾਈ ‘ਤੇ ਸਥਿਤ ਦੁਨੀਆ ਦੀ ਸਭ ਤੋਂ ਉੱਚੀ ਖਾਰੇ ਵਾਲੇ ਪਾਣੀ ਦੀ ਝੀਲ ਹੈ। ਇਸ ਦਾ ਪਾਣੀ, ਜੋ ਕਿ ਨੀਲੇ ਰੰਗ ਵਿੱਚ ਰੰਗਿਆ ਜਾਪਦਾ ਹੈ। ਲਗਭਗ 160 ਕਿਲੋਮੀਟਰ ਤੱਕ ਫੈਲੀ, ਪੈਂਗੌਂਗ ਝੀਲ ਦਾ ਇੱਕ ਤਿਹਾਈ ਹਿੱਸਾ ਭਾਰਤ ਵਿੱਚ ਹੈ ਅਤੇ ਦੂਜਾ ਦੋ ਤਿਹਾਈ ਚੀਨ ਵਿੱਚ ਹੈ। ਪਿਛਲੇ ਸਮੇਂ ਵਿੱਚ ਹਿੰਦੀ ਫਿਲਮ ‘ਥ੍ਰੀ ਇੰਡੀਟਸ’ ਕਾਰਨ ਇਹ ਝੀਲ ਵਧੇਰੇ ਚਰਚਾ ਵਿੱਚ ਆਈ ਸੀ। ਹੁਣ ਅਸੀਂ ਆਪਣੇ ਮਨ ਵਿੱਚ ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ਗੁਰਦੁਆਰਾ ਪੱਥਰ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਲਈ ਆਪਣਾ ਸਫ਼ਰ ਸ਼ੁਰੂ ਕੀਤਾ।

ਗੁਰਦੁਆਰਾ ਪੱਥਰ ਸਾਹਿਬ ਜੋ ਕਿ ਲੇਹ ਤੋਂ ਲਗਭਗ 25 ਮੀਲ ਦੂਰ, ਲੇਹ-ਕਾਰਗਿਲ ਸੜਕ ‘ਤੇ, ਸਮੁੰਦਰ ਤਲ ਤੋਂ ਤਕਰੀਬਨ 12000 ਫੁੱਟ ਦੀ ਉਚਾਈ ‘ਤੇ, ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਯਾਦ ਵਿਚ ਉਸਾਰਿਆ ਗਿਆ ਇਕ ਸੁੰਦਰ ਗੁਰਦੁਆਰਾ ਸਾਹਿਬ ਹੈ। ਗੁਰਦੁਆਰਾ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੀ ਲੱਦਾਖ ਖੇਤਰ ਦੀ ਯਾਤਰਾ ਦੀ ਯਾਦ ਵਿਚ 1517 ਵਿਚ ਉਸਾਰਿਆ ਗਿਆ ਹੈ। । ਆਪਣੇ ਜੀਵਨ ਕਾਲ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਕਈ ਦੂਰ-ਦੁਰਾਡੇ ਸਥਾਨਾਂ ਦੀ ਯਾਤਰਾ ਕੀਤੀ ਅਤੇ ਅਜਿਹਾ ਹੀ ਇੱਕ ਸਥਾਨ ਤਿੱਬਤ ਸੀ। ਗੁਰੂ ਨਾਨਕ ਦੇਵ ਜੀ ਨੂੰ ਤਿੱਬਤੀ ਬੋਧੀਆਂ ਦੁਆਰਾ ਚੰਗੀ ਤਰ੍ਹਾਂ ਸਤਿਕਾਰਿਆ ਜਾਂਦਾ ਹੈ ਜੋ ਉਨ੍ਹਾਂ ਨੂੰ ਸੰਤ ਮੰਨਦੇ ਹਨ; ਤਿੱਬਤ ਵਿੱਚ ਬੋਧੀਆਂ ਦੇ ਅਧਿਆਤਮਕ ਆਗੂ ਦਲਾਈ ਲਾਮਾ ਨੇ ਕੁਝ ਸਿੱਖ ਆਗੂਆਂ ਨਾਲ ਗੱਲਬਾਤ ਵਿੱਚ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਤਿੱਬਤ ਵਾਸੀ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਗੋਮਪਕਾ ਮਹਾਰਾਜ ਦੇ ਨਾਮ ਹੇਠ ਇੱਕ ਬੋਧੀ ਸੰਤ ਵਜੋਂ ਸਤਿਕਾਰਦੇ ਹਨ।

ਮੌਜੂਦਾ ਸਮੇਂ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਭਾਰਤੀ ਫੌਜ ਦੇ ਅਧੀਨ ਹੈ। ਗੁਰਦੁਆਰਾ ਸਾਹਿਬ ਦੀ ਖੂਬਸੂਰਤ ਇਮਾਰਤ ਹੈ ਅਤੇ ਸੁੰਦਰ ਦਰਬਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਭਾਇਮਾਨ ਹਨ। ਮੋਜੂਦਾ ਸਮੇਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਭਾਰਤੀ ਫੌਜ ਦੇ ਅਧੀਨ ਹੈ। ਅਸੀ ਉੁਥੇ ਫੋਜੀ ਵੀਰਾਂ ਨੂੰ ਮਿਲੇ ਜਿੰਨਾ ਬੜੇ ਹੀ ਪਿਆਰ-ਸਤਿਕਾਰ ਨਾਲ ਸਾਨੂੰ ਜੀ ਆਇਆ ਆਖਿਆ ਅਸੀ ਕੁੱਝ ਦੇਰ ਗੁਰੂ ਮਾਹਰਾਜ ਜੀ ਦੀ ਨਿੱਘੀ ਗੋਦ ਦਾ ਨਿੱਘ ਮਾਣਿਆ ਤੇ ਫਿਰ ਥੋੜਾ ਸਮਾਂ ਸੇਵਾ ਕਰਨ ਤੋਂ ਬਾਅਦ ਫੌਜੀ ਵੀਰਾਂ ਨੂੰ ਫਤਿਹ ਬੁਲਾ ਕੇ ਆਪਣੇ ਰਾਹ ਚੱਲ ਪਏ। ਹੁਣੇ-ਹੁਣੇ ਜੋ ਪੰਜਾਬੀ ਗਾਇਕ ਤਰਸੇਮ ਜੱਸੜ ਦਾ ਪੰਜਾਬੀ ਗੀਤ ‘ਰਜ਼ਾ’ ਆਇਆ ਹੈ ਉਸ ਵਿੱਚ ਗੁਰਦੁਆਰਾ ਸਾਹਿਬ ਵਿਖੇ ਸੇਵਾ ਨਿਭਾਉਂਦੇ ਉਹੀ ਫੌਜੀ ਵੀਰਾਂ ਉਪਰ ਵੀ ਦ੍ਰਿੰਸ਼ ਫਿਲਮਾਏ ਗਏ ਹਨ।

ਇਸ ਤੋਂ ਬਾਅਦ ਅਸੀ ਬੜੀ ਉਤਸੁਕਤਾ ਨਾਲ ਮੈਗਨੇਟਿਕ ਹਿਲ ਦਾ ਇੰਤਜ਼ਾਰ ਕਰ ਰਹੇ ਸਨ, ਲੇਹ-ਲਦਾਖ ਦੇ ਆਲੇ-ਦੁਆਲੇ ਤੁਹਾਡੀਆਂ ਯਾਤਰਾਵਾਂ ਵਿੱਚ, ਤੁਸੀਂ ਮਨਮੋਹਕ ਦ੍ਰਿਸ਼ਾਂ ਨੂੰ ਦੇਖੋਗੇ ਜੋ ਤੁਹਾਡੀ ਉਤਸੁਕਤਾ ਨੂੰ ਖਤਮ ਨਹੀਂ ਕਰਦੇ। ਅਜਿਹਾ ਹੀ ਇੱਕ ਸਥਾਨ ਹੈ ਮੈਗਨੈਟਿਕ ਹਿੱਲ, ਲੇਹ ਤੋਂ ਲਗਭਗ 30 ਕਿਲੋਮੀਟਰ ਦੀ ਦੂਰੀ ‘ਤੇ ਸਥਿਤ, ਰਾਹੀਆਂ ਦੀ ਸਹੂਲਤ ਲਈ ਮੈਗਨੈਟਿਕ ਹਿੱਲ ਵਾਲੇ ਖੇਤਰ ਨੂੰ ਪੀਲੇ ਰੰਗ ਦੇ ਸਾਈਨ ਬੋਰਡ ਦੁਆਰਾ ਚਿੰਨ੍ਹਿਤ ਕੀਤਾ ਗਿਆ ਹੈ ਜਿਸ ‘ਤੇ ਲਿਖਿਆ ਹੈ ‘ਗ੍ਰੈਵਿਟੀ ਨੂੰ ਰੋਕਣ ਵਾਲੀ ਘਟਨਾ’। ਇਹ ਤੁਹਾਨੂੰ ਸੜਕ ‘ਤੇ ਚਿੱਟੇ ਬਿੰਦੂ ਨਾਲ ਚਿੰਨ੍ਹਿਤ ਬਕਸੇ ਵਿੱਚ ਆਪਣੇ ਵਾਹਨ ਪਾਰਕ ਕਰਨ ਲਈ ਵੀ ਨਿਰਦੇਸ਼ ਦਿੰਦਾ ਹੈ, ਜਿਸ ਨੂੰ ਮੈਗਨੈਟਿਕ ਰੋਡ ਵਜੋਂ ਜਾਣਿਆ ਜਾਂਦਾ ਹੈ। ਇੰਜਣ ਬੰਦ ਹੋਣ ‘ਤੇ, ਇੱਕ ਕਾਰ ਇਸ ਪਹਾੜੀ ‘ਤੇ 20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪਹਾੜਾਂ ਵੱਲ ਵਧਦੀ ਹੈ ਜਾਂ ਕਹਿ ਲਉ ਖਿੱਚੀ ਜਾਂਦੀ ਹੈ।

ਇਸ ਅਸਾਧਾਰਨ ਵਰਤਾਰੇ ਦੇ ਕਾਰਨ, ਇਸ ਨੂੰ ‘ਮਿਸਟਰੀ ਹਿੱਲ’ ਅਤੇ ‘ਗ੍ਰੇਵਿਟੀ ਹਿੱਲ’ ਵਰਗੇ ਕਈ ਨਾਮ ਦਿੱਤੇ ਗਏ ਹਨ। ਇਸ ਜਗ੍ਹਾ ਨੂੰ ਵੇਖ ਕੇ ਮਨ ਰੁਮਾਂਚਿਤ ਹੋਏ ਬਿਨਾਂ ਨਹੀਂ ਰਹਿ ਸਕਦਾ। ਮੈਗਨੈਟਿਕ ਹਿਲ ਵਿਖੇ ਹੈਰਾਨੀਜਨਕ ਸਮਾਂ ਬਿਤਾਉਣ ਤੋਂ ਬਾਅਦ ਅਸੀਂ ਫਿਰ ਕਾਰਗਿਲ ਨੂੰ ਤੁਰ ਪਏ। ਕਾਰਗਿਲ ਇਕ ਰਾਤ ਰੁਕਣ ਤੋਂ ਬਾਅਦ ਸ੍ਰੀਨਗਰ ਇਕ ਦਿਨ ਟਿਕਾਣਾ ਕੀਤਾ, ਸ੍ਰੀਨਗਰ ਤੋਂ ਬਾਅਦ ਵਾਪਸੀ ਸਮੇਂ ਇਕ ਦਿਨ ਪਹਿਲਗਾਮ ਵੀ ਰੁਕੇ, ਪਹਿਲਗਾਮ ਦੀਆਂ ਸੁੰਦਰ ਵਾਦੀਆਂ ਵਿੱਚ ਇਕ ਦਿਨ ਬਿਤਾਉਣ ਤੋਂ ਬਾਅਦ ਮਟਨ ਵਿਖੇ ਇਤਿਹਾਸਕ ਅਸਥਾਨ ਗੁਰਦੁਆਰਾ ਮਟਨ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਅਨੰਤਨਾਗ ਹੁੰਦੇ ਹੋਏ ਰਾਤੋ-ਰਾਤ ਹੁਸ਼ਿਆਰਪੁਰ ਆ ਪਹੁੰਚੇ।

ਜਗਜੀਤ ਸਿੰਘ ਗਣੇਸ਼ਪੁਰ
ਕੰਪਿਊਟਰ ਅਧਿਆਪਕ,
ਸਹਸ ਲਕਸੀਹਾਂ,
ਜ਼ਿਲ੍ਹਾਂ-ਹੁਸ਼ਿਆਰਪੁਰ,
ਮੋਬਾਇਲ-94655-76022

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article4 terrorists killed in exchange of fire with police in Pakistan
Next articleCell phones barred in Pakistan cabinet meetings