ਨਵੀਂ ਦਿੱਲੀ (ਸਮਾਜਵੀਕਲੀ) : ਥਲ ਸੈਨਾ ਨੇ ਲੇਹ ਦੇ ਮਿਲਟਰੀ ਹਸਪਤਾਲ ’ਚ ਮੈਡੀਕਲ ਸਹੂਲਤਾਂ ਵਾਲੇ ਕੇਂਦਰ ਬਾਰੇ ਕੁਝ ਹਲਕਿਆਂ ’ਚ ਕੀਤੀ ਜਾ ਰਹੀ ਆਲੋਚਨਾ ਨੂੰ ‘ਕੂੜ ਪ੍ਰਚਾਰ ਅਤੇ ਅਰਥਹੀਣ’ ਕਰਾਰ ਦਿੱਤਾ ਹੈ। ਇਸੇ ਹਸਪਤਾਲ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਊਨ੍ਹਾਂ ਜ਼ਖ਼ਮੀ ਜਵਾਨਾਂ ਨਾਲ ਗੱਲਬਾਤ ਕੀਤੀ ਸੀ ਜੋ ਗਲਵਾਨ ਘਾਟੀ ’ਚ ਝੜਪਾਂ ਦੌਰਾਨ ਜ਼ਖ਼ਮੀ ਹੋ ਗਏ ਸਨ। ਸੈਨਾ ਨੇ ਇਕ ਬਿਆਨ ’ਚ ਕਿਹਾ ਕਿ ਬਹਾਦਰ ਜਵਾਨਾਂ ਦੇ ਇਲਾਜ ਬਾਰੇ ਖਦਸ਼ਾ ਜਤਾਊਣਾ ਮੰਦਭਾਗਾ ਹੈ।
‘ਹਥਿਆਰਬੰਦ ਬਲਾਂ ਵੱਲੋਂ ਆਪਣੇ ਜਵਾਨਾਂ ਦਾ ਹਰ ਸੰਭਵ ਬਿਹਤਰੀਨ ਇਲਾਜ ਕੀਤਾ ਜਾਂਦਾ ਹੈ।’ ਜ਼ਿਕਰਯੋਗ ਹੈ ਕਿ ਸ੍ਰੀ ਮੋਦੀ ਦੀਆਂ ਕੁਝ ਜ਼ਖ਼ਮੀ ਜਵਾਨਾਂ ਨਾਲ ਗੱਲਬਾਤ ਦੀਆਂ ਤਸਵੀਰਾਂ ਜਾਰੀ ਹੋਣ ਮਗਰੋਂ ਟਵਿਟਰ ’ਤੇ ਟਿੱਪਣੀਆਂ ਕੀਤੀਆਂ ਗਈਆਂ ਸਨ ਕਿ ਇਹ ਕਿਹੋ ਜਿਹਾ ਹਸਪਤਾਲ ਹੈ ਜਿਥੇ ਦਵਾਈਆਂ, ਗਲੂਕੋਜ਼ ਅਤੇ ਮੈਡੀਕਲ ਦਾ ਹੋਰ ਸਾਜ਼ੋ-ਸਾਮਾਨ ਨਜ਼ਰ ਨਹੀਂ ਆਊਂਦਾ। ਸੈਨਾ ਨੇ ਕਿਹਾ ਕਿ 100 ਬਿਸਤਰਿਆਂ ਵਾਲਾ ਇਹ ਕੇਂਦਰ ਜਨਰਲ ਹਸਪਤਾਲ ਕੰਪਲੈਕਸ ਦਾ ਹਿੱਸਾ ਹੀ ਹੈ। ਊਨ੍ਹਾਂ ਕਿਹਾ ਕਿ ਵੈਸੇ ਇਸ ਹਾਲ ਦੀ ਵਰਤੋਂ ਆਡੀਓ-ਵੀਡੀਓ ਟਰੇਨਿੰਗ ਲਈ ਕੀਤੀ ਜਾਂਦੀ ਹੈ ਪਰ ਇਸ ਨੂੰ ਵਾਰਡ ’ਚ ਤਬਦੀਲ ਕੀਤਾ ਗਿਆ ਸੀ।