ਚੰਡੀਗੜ੍ਹ (ਸਮਾਜਵੀਕਲੀ) – ਪੇਂਡੂ ਪੰਜਾਬ ’ਚੋਂ ਹੁਣ ਮਜ਼ਦੂਰਾਂ ਦੇ ਸੰਕਟ ਨੂੰ ਲੈ ਕੇ ਬਾਈਕਾਟ ਦੇ ਹੋਕੇ ਗੂੰਜਣ ਲੱਗੇ ਹਨ। ਇਸ ਸੰਕਟ ਨੇ ਭਾਈਚਾਰੇ ’ਚ ਦੁਫੇੜ ਦਾ ਮੁੱਢ ਬੰਨ੍ਹ ਦਿੱਤਾ ਹੈ। ਪਿੰਡਾਂ ਦੇ ਘੜੰਮ ਚੌਧਰੀ ਮੌਕੇ ਨੂੰ ਲਕੀਰਾਂ ਖਿੱਚਣ ਲਈ ਵਰਤਣ ਦੇ ਰਾਹ ਤੁਰੇ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ’ਚੋਂ ਕਰੀਬ 11 ਲੱਖ ਮਜ਼ਦੂਰ ਹਿਜਰਤ ਦੇ ਰਾਹ ਪਏ ਹਨ। ਕਰੀਬ ਛੇ ਲੱਖ ਮਜ਼ਦੂਰ ਤਾਂ ਇਕੱਲੇ ਲੁਧਿਆਣਾ ਦੇ ਹਨ।
ਸਨਅਤੀ ਸੈਕਟਰ ਦੇ ਇਸ ਮਜ਼ਦੂਰ ਤਬਕੇ ਦਾ ਪਰਵਾਸ ਇਵੇਂ ਦਾ ਪ੍ਰਭਾਵ ਸਿਰਜ ਰਿਹਾ ਹੈ ਕਿ ਜਿਵੇਂ ਖੇਤੀ ਸੈਕਟਰ ਦੀ ਲੇਬਰ ਨੇ ਵਾਪਸੀ ਕਰ ਲਈ ਹੋਵੇ। ਇੰਨਾ ਜ਼ਰੂਰ ਹੈ ਕਿ ਵਿਸਾਖੀ ਮੌਕੇ ਪੰਜਾਬ ਆਉਣ ਵਾਲੀ ਆਰਜ਼ੀ ਲੇਬਰ ਐਤਕੀਂ ਨਹੀਂ ਆ ਸਕੀ। ਸੂਤਰ ਦੱਸਦੇ ਹਨ ਕਿ ਕਿਸਾਨਾਂ ਵੱਲੋਂ ਮਤੇ ਪਾਸ ਕਰਕੇ ਨਿਸ਼ਚਿਤ ਮਜ਼ਦੂਰੀ ਦੇਣ ਲਈ ਮੁਨਿਆਦੀ ਕਰਾਈ ਜਾ ਰਹੀ ਹੈ ਜਦਕਿ ਮਜ਼ਦੂਰ ਭਾਈਚਾਰੇ ਨੇ ਵੀ ਅੰਦਰੋਂ ਅੰਦਰੀਂ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ।
ਠੇਕੇ ’ਤੇ ਜ਼ਮੀਨਾਂ ਲੈਣ ਵਾਲੇ ਕਿਸਾਨ ਮੁੱਕਰਨ ਲੱਗੇ ਹਨ ਤੇ ਕਿਸਾਨੀ ਦਰਮਿਆਨ ਹੀ ਇੱਕ ਨਵੀਂ ਲਕੀਰ ਖੜ੍ਹੀ ਹੋਣ ਲੱਗੀ ਹੈ। ਕਿਸਾਨ ਮਜ਼ਦੂਰ ਧਿਰਾਂ ਇਸ ਮਾਮਲੇ ’ਤੇ ਗੰਭੀਰ ਹਨ ਜੋ ਕਿਸੇ ਸੂਰਤ ਵਿਚ ਕੋਈ ਦਰਾੜ ਨਹੀਂ ਦੇਖਣਾ ਚਾਹੁੰਦੀਆਂ ਹਨ। ਕਿਸਾਨਾਂ ਨੂੰ ਡਰ ਹੈ ਕਿ ਕਿਤੇ ਸਥਾਨਕ ਮਜ਼ਦੂਰ ਪ੍ਰਤੀ ਏਕੜ ਭਾਅ ਉੱਚਾ ਨਾ ਮੰਗ ਲੈਣ।
ਮੁਕਤਸਰ ਜ਼ਿਲ੍ਹੇ ਦੇ ਬਲਾਕ ਗਿੱੱਦੜਬਾਹਾ ਨੇ ਇਸ ਦਾ ਮੁੱਢ ਬੰਨ੍ਹਿਆ ਹੈ ਅਤੇ ਹੁਣ ਸਮੁੱਚੇ ਮਾਲਵੇ ’ਚ ਹੋਕੇ ਵੱਜਣ ਲੱਗੇ ਹਨ। ਮਲੋਟ ਦੇ ਪਿੰਡ ਮਾਹੂਆਣਾ ’ਚ ਪੰਚਾਇਤੀ ਇਕੱਠ ਨੇ ਜ਼ਮੀਨਾਂ ਦਾ ਠੇਕਾ ਹੀ ਨਿਸ਼ਚਿਤ ਕਰ ਦਿੱਤਾ ਹੈ ਅਤੇ ਬਠਿੰਡਾ ਦੇ ਪਿੰਡ ਜੀਦਾ ਦੀ ਪੰਚਾਇਤ ਨੇ ਲੇਬਰ ਦਾ ਪ੍ਰਤੀ ਏਕੜ 3000 ਤੋਂ 3200 ਰੁਪਏ ਰੇਟ ਤੈਅ ਕੀਤਾ ਹੈ। ਜੋ ਪਾਲਣਾ ਨਹੀਂ ਕਰੇਗਾ ਉਸ ਨੂੰ 10 ਹਜ਼ਾਰ ਰੁਪਏ ਜੁਰਮਾਨਾ ਵੀ ਰੱਖਿਆ ਹੈ।
ਪਿੰਡ ਗੁਰੂਸਰ (ਭਗਤਾ) ਨੇ ਪ੍ਰਤੀ ਏਕੜ ਝੋਨੇ ਦੀ ਲਵਾਈ ਦਾ ਭਾਅ ਤਿੰਨ ਹਜ਼ਾਰ ਨਿਸ਼ਚਿਤ ਕਰ ਦਿੱਤਾ ਹੈ। ਮੋਗਾ ਦੇ ਪਿੰਡ ਰਣੀਕੇ ਨੇ ਠੇਕੇ ਦਾ ਭਾਅ ਬੰਨ੍ਹ ਦਿੱਤਾ ਹੈ। ਮਾਨਸਾ ਦੇ ਪਿੰਡ ਭੈਣੀ ਬਾਘਾ ਵਿੱਚ ਮਤਾ ਪਾਸ ਕੀਤਾ ਗਿਆ ਹੈ ਕਿ ਠੇਕੇ ਦੀ ਅਦਾਇਗੀ ਦੋ ਕਿਸ਼ਤਾਂ ਵਿੱਚ ਕਰਨੀ ਹੈ ਜਦਕਿ ਪਹਿਲੋਂ ਇੱਥੇ ਇੱਕੋ ਕਿਸ਼ਤ ਵਿੱਚ ਅਦਾਇਗੀ ਹੁੰਦੀ ਸੀ। ਮਜ਼ਦੂਰੀ ਦਾ ਭਾਅ 3200 ਰੁਪਏ ਤੈਅ ਕੀਤਾ ਹੈ। ਬਰਨਾਲਾ ਜ਼ਿਲ੍ਹੇ ਦੇ ਦਰਜਨ ਪਿੰਡਾਂ ’ਚ ਵੀ ਕੁੜੱਤਣ ਬਣਨ ਲੱਗੀ ਹੈ। ਪਿੰਡ ਚੀਮਾ ਦੀ ਪੰਚਾਇਤ ਨੇ ਤਾਂ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਰੱਖ ਦਿੱਤਾ ਹੈ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਪਟਿਆਲਾ ਨੇ ਅੱਜ ਪਿੰਡ ਗੱਜੂਮਾਜਰਾ ’ਚ ਜ਼ਿਲ੍ਹਾ ਪੱਧਰੀ ਮੀਟਿੰਗ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਸੰਜਮ ਵਰਤਣ ਲਈ ਆਖਿਆ ਹੈ। ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਲੇਬਰ ਦਾ ਸੰਕਟ ਆਰਜ਼ੀ ਹੈ ਪਰ ਪੱਕੀਆਂ ਲਕੀਰਾਂ ਖਿੱਚੇ ਜਾਣ ਦਾ ਡਰ ਵੀ ਹੈ। ਭਾਕਿਯੂ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਅਤੇ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਨੇ ਮੰਗ ਰੱਖੀ ਹੈ ਕਿ ਸਰਕਾਰ ਸਹਿਕਾਰੀ ਸਭਾਵਾਂ ਜ਼ਰੀਏ ਝੋਨੇ ਦੀ ਲਵਾਈ ਲਈ ਮਸ਼ੀਨਾਂ ਦਾ ਪ੍ਰਬੰਧ ਕਰੇ।
ਉਨ੍ਹਾਂ ਕਿਹਾ ਕਿ ਉਹ ਕਿਸੇ ਹਾਲ ’ਚ ਪਿੰਡਾਂ ਦੇ ਘੜੰਮ ਚੌਧਰੀਆਂ ਦੀ ਪੁੱਗਣ ਨਹੀਂ ਦੇਣਗੇ ਤੇ ਦੋਹਾਂ ਧੜਿਆਂ ਨੂੰ ਸਮਝਾਉਣਗੇ।
ਦੁਆਬੇ ਦੀ ਗੰਨਾ ਪੱਟੀ ’ਚ ਇਵੇਂ ਦਾ ਹਾਲੇ ਸੰਕਟ ਉਭਰਿਆ ਨਹੀਂ ਹੈ। ਭਾਕਿਯੂ (ਦੁਆਬਾ) ਦੇ ਸੀਨੀਅਰ ਆਗੂ ਸਤਨਾਮ ਸਿੰਘ ਆਖਦੇ ਹਨ ਕਿ ਆਉਂਦੇ ਦਿਨਾਂ ਵਿੱਚ ਦੁਆਬੇ ’ਚ ਵੀ ਇਹ ਲਾਗ ਆ ਸਕਦੀ ਹੈ। ਕਿਸਾਨ ਮੰਗ ਕਰਦੇ ਹਨ ਕਿ ਸਰਕਾਰ ਫੌਰੀ ਝੋਨੇ ਦੀ ਅਗੇਤੀ ਲਵਾਈ ਦੀ ਛੋਟ ਦੇਵੇ ਤਾਂ ਜੋ ਲੇਬਰ ਸੰਕਟ ਨਾਲ ਕਿਸਾਨ ਨਜਿੱਠ ਸਕਣ।
ਅਫਵਾਹਾਂ ਦਾ ਬਾਜ਼ਾਰ ਵੀ ਸਿਖਰ ’ਤੇ ਹੈ। ਪਿੰਡ ਜੇਠੂਕੇ ’ਚ ਇੱਕ ਅਫ਼ਵਾਹ ਨੇ ਹੀ ਲਕੀਰ ਖਿੱਚ ਦੇਣੀ ਸੀ। ਕਿਸਾਨ ਆਗੂ ਝੰਡਾ ਸਿੰਘ ਨੇ ਮੌਕਾ ਸੰਭਾਲ ਲਿਆ। ਪਿੰਡ ਅਸਪਾਲ ਕਲਾਂ ਅਤੇ ਪਿੰਡ ਝਲੂਰ ਵੀ ਏਦਾਂ ਦੇ ਮਤੇ ਪਾਸ ਹੋ ਗਏ ਹਨ। ਸੰਗਰੂਰ ਦੇ ਪਿੰਡ ਲਾਡ ਵਣਜਾਰਾ ਅਤੇ ਕੌਹਰੀਆ ਆਦਿ ਪਿੰਡਾਂ ’ਚੋਂ ਅਜਿਹੀਆਂ ਖ਼ਬਰਾਂ ਮਿਲੀਆਂ ਹਨ। ਕਾਨੂੰਨੀ ਮਾਹਿਰ ਆਖਦੇ ਹਨ ਕਿ ਪੰਚਾਇਤਾਂ ਵੱਲੋਂ ਪਾਏ ਅਜਿਹੇ ਮਤੇ ਕਾਨੂੰਨੀ ਜ਼ੱਦ ਵਿਚ ਨਹੀਂ ਆਉਂਦੇ ਹਨ। ਭਾਵੇਂ ਇਹ ਆਰਜ਼ੀ ਸਮਾਜਿਕ ਸੰਕਟ ਹੈ ਪਰ ਜਾਤ ਪਾਤ ਦੀ ਕੰਧ ਨੂੰ ਹੋਰ ਮਜ਼ਬੂਤ ਕਰਨ ਲਈ ਸ਼ਕਤੀ ਬਖਸ਼ੇਗਾ।