ਬ੍ਰਿਸਬਨ, (ਸਮਾਜ ਵੀਕਲੀ) : ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬਨ ਵਿੱਚ ‘ਆਸਟਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬਨ’ ਵੱਲੋਂ ਲੇਖਕ ਸ਼ਮੀ ਜਲੰਧਰੀ ਦੇ ਕਾਵਿ-ਸੰਗ੍ਰਹਿ ‘ਪਹਿਲੀ ਬਾਰਿਸ਼’ ’ਤੇ ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ ਕਰਵਾਇਆ ਗਿਆ। ਗੋਸ਼ਟੀ ਦੀ ਸ਼ੁਰੂਆਤ ਕਰਦਿਆਂ ਸੰਸਥਾ ਦੇ ਸੈਕਟਰੀ ਹਰਮਨ ਗਿੱਲ ਨੇ ਕਾਵਿ ਸੰਗ੍ਰਹਿ ‘ਪਹਿਲੀ ਬਾਰਿਸ਼’ ਨੂੰ ਮਨੁੱਖੀ ਸਾਂਝ ਦਾ ਪ੍ਰਤੀਕ ਦੱਸਿਆ। ਮੰਚ ਸੰਚਾਲਕ ਵਰਿੰਦਰ ਅਲੀਸ਼ੇਰ ਨੇ ਸੰਸਥਾ ਦੀਆਂ ਪ੍ਰਾਪਤੀਆਂ ਅਤੇ ਭਵਿੱਖੀ ਯੋਜਨਾਵਾਂ ਦੀ ਜਾਣਕਾਰੀ ਦਿੱਤੀ।
ਕਵਿੱਤਰੀ ਹਰਜੀਤ ਕੌਰ ਸੰਧੂ ਨੇ ਕਾਵਿ-ਸੰਗ੍ਰਹਿ ਨੂੰ ਕੁਦਰਤ, ਇਸ਼ਕ ਹਕੀਕੀ, ਸਮਾਜਿਕ ਚੇਤਨਾ, ਪੰਜਾਬੀ ਬੋਲੀ, ਹਿੰਦ-ਪਾਕਿ ਦੋਸਤੀ ਦੇ ਨਾਂ ਸੁਚੱਜਾ ਸ਼ਬਦੀ ਸੁਮੇਲ ਹੈ। ਸੰਸਥਾ ਦੇ ਪ੍ਰਧਾਨ ਜਸਵੰਤ ਵਾਗਲਾ ਨੇ ਸ਼ਮੀ ਦੀਆਂ ਰਚਨਾਵਾਂ ਨੂੰ ਸੂਫ਼ੀਆਨਾ ਰੰਗਤ, ਦੇਸ਼ ਪ੍ਰੇਮ, ਸਮਾਜਿਕ ਨਿਘਾਰਾਂ ’ਤੇ ਚੋਟ ਵਾਲੀਆਂ ਦੱਸਿਆ। ਲਹਿੰਦੇ ਪੰਜਾਬ (ਪਾਕਿ) ਤੋਂ ਕਵੀ ਹਾਫਿਜ਼ ਸੋਹੇਲ ਤੇ ਗਜ਼ਲਗੋ ਨਦੀਮ ਅਕਰਮ ਨੇ ਪੰਜਾਬੀ, ਉਰਦੂ ਅਤੇ ਫ਼ਾਰਸੀ ਭਾਸ਼ਾ ਦੇ ਸੁਮੇਲ ਨਾਲ ਬੈਠਕ ਨੂੰ ਸਿਖਰ ’ਤੇ ਪਹੁੰਚਾਇਆ।
ਹਿੰਦੀ ਕਵਿੱਤਰੀ ਵਿਭਾ ਦਾਸ ਨੇ ਕਵਿਤਾ ਰਾਹੀਂ ਇਨਸਾਨੀ ਫਿਤਰਤ ਅਤੇ ਵਲਵਲਿਆਂ ਦੀ ਗੱਲ ਕੀਤੀ। ਇਸ ਮੌਕੇ ਲੇਖਕ ਅਤੇ ਗੀਤਕਾਰ ਸੁਰਜੀਤ ਸੰਧੂ, ਗਜ਼ਲਗੋ ਜਸਵੰਤ ਵਾਗਲਾ, ਵਰਿੰਦਰ ਅਲੀਸ਼ੇਰ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਬੈਠਕ ’ਚ ਛੋਟੇ ਬੱਚਿਆਂ ਦੀ ਹਾਜ਼ਰੀ ਸਲਾਹੁਣਯੋਗ ਰਹੀ, ਜਿਨ੍ਹਾਂ ਵਿੱਚੋਂ ਸੁਖਮਨ ਤੇ ਅਸ਼ਮੀਤ ਨੇ ਗੀਤ ਤੇ ਕਵਿਤਾ ਪੇਸ਼ ਕੀਤੀ। ਇਸ ਮੌਕੇ ਰਛਪਾਲ ਹੇਅਰ ਨੇ ਵਿਦੇਸ਼ੀ ਬੱਚਿਆਂ ’ਚ ਮਾਂ ਬੋਲੀ ਪੰਜਾਬੀ ਦੇ ਲਗਾਤਾਰ ਪਸਾਰੇ ਨੂੰ ਮੌਜੂਦਾ ਸਮੇਂ ਦੀ ਮੰਗ ਕਰਾਰ ਦਿੱਤਾ।