ਰਾਹਗੀਰਾਂ ਤੋਂ ਲੁੱਟਖੋਹ ਕਰਨ ਤੇ ਸਵੇਰੇ ਦੇ ਸਮੇਂ ਘਰਾਂ ’ਚ ਦਾਖਲ ਹੋ ਕੇ ਸਾਮਾਨ ਚੋਰੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਥਾਣਾ ਡਵੀਜ਼ਨ ਨੰਬਰ 4 ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਦੇ ਕਬਜ਼ੇ ’ਚੋਂ ਪੁਲੀਸ ਨੇ 9 ਮੋਬਾਈਲ ਫੋਨ, 5 ਹਜ਼ਾਰ ਕੈਸ਼ ਤੇ ਵਾਰਦਾਤ ’ਚ ਵਰਤਿਆ ਜਾਂਦਾ ਚੋਰੀ ਦਾ ਮੋਟਰਸਾਈਕਲ, ਇੱਕ ਸਿਲੰਡਰ, ਐਲਸੀਡੀ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ’ਚ ਜੁਗਿਆਣਾ ਵਾਸੀ ਰਮੇਸ਼ ਕੂਮਾ ਉਰਫ਼ ਬਿੱਲੀ ਤੇ ਉਸ ਦੇ ਸਾਥੀ ਜਲੰਧਰ ਦੇ ਨਕੋਦਰ ਚੌਕ ਸਥਿਤ ਦਿਆਲ ਨਗਰ ਵਾਸੀ ਨਰੇਸ਼ ਕੁਮਾਰ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਦੋਹਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਏਡੀਸੀਪੀ-1 ਗੁਰਪ੍ਰੀਤ ਸਿੰਘ ਸਿਕੰਦ ਨੇ ਦੱਸਿਆ ਕਿ ਮੁਲਜ਼ਮ ਹਥਿਆਰਾਂ ਦੀ ਨੋਕ ’ਤੇ ਰਾਹਗੀਰਾਂ ਤੋਂ ਮੋਬਾਈਲ ਫੋਨ ਤੇ ਨਗਦੀ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲੀਸ ਅਨੁਸਾਰ ਮੁਲਜ਼ਮ ਬਿੱਲੀ ਇੰਨਾ ਚਲਾਕ ਸੀ ਕਿ ਉਹ ਸਵੇਰੇ ਸਵੇਰੇ ਲੋਕਾਂ ਦੇ ਘਰਾਂ ’ਚ ਦਾਖਲ ਹੋ ਜਾਂਦਾ ਸੀ, ਜੋ ਲੋਕ ਸਵੇਰੇ ਪੰਜ ਵਜੇ ਦੇ ਕਰੀਬ ਘਰਾਂ ਤੋਂ ਨਿਕਲ ਕੇ ਦੁੱਧ ਲੈਣ ਜਾਂਦੇ ਜਾਂ ਫਿਰ ਸੈਰ ਕਰਨ ਲਈ ਜਾਂਦੇ ਸਨ ਤਾਂ ਮੁਲਜ਼ਮ ਪਿੱਛੋਂ ਘਰਾਂ ’ਚ ਦਾਖਲ ਹੋ ਜਾਂਦਾ ਸੀ। ਉਹ ਘਰਾਂ ’ਚ ਲੋਕਾਂ ਦੇ ਮੋਬਾਈਲ ਤੇ ਹੋਰ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਜਾਂਦਾ ਸੀ। ਮੁਲਜ਼ਮ ਨਰੇਸ਼ ਕੁਮਾਰ ਬਾਹਰ ਖੜ੍ਹਾ ਹੋ ਕੇ ਮੁਲਜ਼ਮ ਬਿੱਲੀ ਦੀ ਉਡੀਕ ਕਰਦਾ ਸੀ। ਜਦੋਂ ਬਿੱਲੀ ਵਾਰਦਾਤ ਨੂੰ ਅੰਜਾਮ ਦੇ ਕੇ ਬਾਹਰ ਆਉਂਦਾ ਤਾਂ ਦੋਵੇਂ ਚੋਰੀ ਦੇ ਮੋਟਰਸਾਈਕਲ ’ਤੇ ਫ਼ਰਾਰ ਹੋ ਜਾਂਦੇ ਸਨ। ਇਸੇ ਦੌਰਾਨ ਦੋ ਪਹੀਆ ਵਾਹਨ ਚੋਰ ਗਰੋਹ ਦੇ ਦੋ ਮੈਂਬਰਾਂ ਨੂੰ ਥਾਣਾ ਡਵੀਜ਼ਨ ਨੰਬਰ 2 ਦੀ ਚੌਂਕੀ ਜਨਕਪੁਰੀ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਇੱਕ ਮੋਟਰਸਾਈਕਲ ਤੇ ਦੋ ਐਕਟਿਵਾ ਸਕੂਟਰੀਆਂ ਬਰਾਮਦ ਕੀਤੀਆਂ ਹਨ। ਪੁਲੀਸ ਨੇ ਇਸ ਮਾਮਲੇ ’ਚ ਟਿੱਬਾ ਰੋਡ ਸਥਿਤ ਸਤਕਰਤਾਰ ਨਗਰ ਵਾਸੀ ਗੁਰਪ੍ਰੀਤ ਸਿੰਘ ਉਰਫ਼ ਮੋਨੂੰ ਤੇ ਈਡਬਲਯੂਐਸ ਕਲੋਨੀ ਵਾਸੀ ਸੁਖਜੀਤ ਸਿੰਘ ਉਰਫ਼ ਜੱਸੀ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਪੁਲੀਸ ਰਿਮਾਂਡ ’ਤੇ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਗਈ ਹੈ। ਏਡੀਸੀਪੀ ਗੁਰਪ੍ਰੀਤ ਸਿੰਘ ਸਿਕੰਦ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਇਲਾਕੇ ’ਚ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਗ਼ੁਪਤ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ।
INDIA ਲੁੱਟਾਂ-ਖੋਹਾਂ ਤੇ ਘਰਾਂ ’ਚ ਦਾਖਲ ਹੋ ਕੇ ਚੋਰੀ ਕਰਨ ਵਾਲੇ ਗ੍ਰਿਫ਼ਤਾਰ