ਕੀਰਤਪੁਰ ਸਾਹਿਬ : ਲੁਧਿਆਣਾ ਦੇ ਇੱਕ ਪ੍ਰਸਿੱਧ ਵਪਾਰੀ ਦੇ ਭੇਤਭਰੇ ਹਾਲਾਤ ਵਿਚ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ ਜਿਸ ਦੀ ਕਾਰ ਸ੍ਰੀ ਕੀਰਤਪੁਰ ਸਾਹਿਬ ਭਾਖੜਾ ਨਹਿਰ ਦੀ ਕੱਚੀ ਪਟੜੀ ‘ਤੇ ਮਿਲੀ ਹੈ।
ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਲੋਕਾਂ ਨੇ ਕਾਰ ਵੇਖੀ ਤਾਂ ਪੁਲਿਸ ਨੂੰ ਸੂਚਿਤ ਕੀਤਾ। ਕਾਰ ਦੇ ਸ਼ੀਸ਼ੇ ‘ਤੇ ਕਾਗਜ਼ ਦਾ ਟੁੱਕੜਾ ਲੱਗਾ ਸੀ, ਜਿਸ ‘ਤੇ ਸਾਗਰ ਨਾਗਪਾਲ, 26, ਨਿਊ ਮਾਡਲ ਟਾਊਨ ਲੁਧਿਆਣਾ ਤੇ ਮੋਬਾਈਲ ਨੰਬਰ ਲਿਖਿਆ ਸੀ। ਮੋਬਾਈਲ ਜ਼ਰੀਏ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ।
ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਜਾਂਚ ਅਧਿਕਾਰੀ ਏਐੱਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਕਾਰ ਸਾਗਰ ਨਾਗਪਾਲ (28) ਦੀ ਹੈ। ਸਾਗਰ ਨਾਗਪਾਲ ਦੇ ਪਰਿਵਾਰ ਨੇ ਸ਼ਿਕਾਇਤ ਦਰਜ ਨਹੀਂ ਕਰਵਾਈ। ਕੇਸ ਦੀ ਛਾਣਬੀਣ ਲੁਧਿਆਣਾ ਪੁਲਿਸ ਹੀ ਕਰੇਗੀ। ਫਿਲਹਾਲ ਪਰਿਵਾਰਕ ਮੈਂਬਰ ਕਾਰ ਲੈ ਗਏ ਹਨ।
ਇਸ ਬਾਰੇ ਸਾਗਰ ਨਾਗਪਾਲ ਦੇ ਪਿਤਾ ਚੰਚਲ ਨਾਗਪਾਲ ਨੇ ਦੱਸਿਆ ਕਿ ਸਾਗਰ ਕੱਲ੍ਹ ਤੋਂ ਲਾਪਤਾ ਹੈ। ਸਾਨੂੰ ਉਸਦਾ ਸਿਰਫ਼ ਮੋਬਾਈਲ ਮਿਲਿਆ ਹੈ। ਉਸਦਾ ਪਰਸ, ਲਾਇਸੰਸ, ਸੋਨੇ ਦੀਆਂ ਮੁੰਦਰੀਆਂ ਤੇ ਚੈਨੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਉਹ ਲੁਧਿਆਣੇ ਜਾ ਕੇ ਰਿਪੋਰਟ ਦਰਜ ਕਰਾਉਣਗੇ।