ਲੁਧਿਆਣਾ ਹੋਇਆ ਪਾਣੀ-ਪਾਣੀ

ਸ਼ਹਿਰ ਵਿੱਚ ਸਵੇਰੇ ਇੱਕ ਘੰਟਾ ਤੇਜ਼ ਹਨ੍ਹੇਰੀ ਨਾਲ ਵਰ੍ਹੇ ਮੀਂਹ ਨੇ ਸ਼ਹਿਰ ਨੂੰ ਕੁਝ ਹੀ ਮਿੰਟਾਂ ਵਿੱਚ ਪਾਣੀ ਪਾਣੀ ਕਰ ਦਿੱਤਾ। ਪੀਏਯੂ ਦੇ ਮੌਸਮ ਵਿਭਾਗ ਮੁਤਾਬਕ ਇੱਕ ਘੰਟਾ ਵਿੱਚ 30 ਐਮਐਮ ਮੀਂਹ ਵਰ੍ਹਿਆ। ਮੀਂਹ ਕਾਰਨ ਸ਼ਹਿਰ ਦੇ ਜ਼ਿਆਦਾਤਰ ਇਲਾਕੇ ਪਾਣੀ ਨਾਲ ਭਰ ਗਏ। ਕਈ ਇਲਾਕਿਆਂ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਟਰੈਫ਼ਿਕ ਜਾਮ ਵਰਗੇ ਹਾਲਾਤ ਹੋ ਗਏ। ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਉਸਾਰੀ ਅਧੀਨ ਫਿਰੋਜ਼ਪੁਰ ਰੋਡ, ਨੈਸ਼ਨਲ ਹਾਈਵੇਅ, ਚੰਡੀਗੜ੍ਹ ਰੋਡ ਤੇ ਇਸਦੇ ਨਾਲ ਦੱਖਣੀ ਬਾਈਪਾਸ ਦੇ ਕਈ ਹਿੱਸਿਆਂ ਵਿੱਚ ਆਈ। ਸ਼ਹਿਰ ਦੇ ਦਮੋਰਿਆ ਪੁਲ, ਲਿੰਕ ਰੋਡ, ਹੰਬੜਾ ਰੋਡ, ਬਾੜੇਵਾਲ, ਚੰਡੀਗੜ੍ਹ ਰੋਡ, ਪੁਰਾਣੀ ਜੀਟੀ ਰੋਡ, ਗਿੱਲ ਰੋਡ, ਗਿਆਸਪੁਰਾ, ਸ਼ੇਰਪੁਰਾ, ਢੰਡਾਰੀ ਕਲਾਂ, ਗੁਰਦੇਵ ਨਗਰ, ਸਰਾਭਾ ਨਗਰ, ਮਾਡਲ ਟਾਊਨ, ਜਨਤਾ ਨਗਰ ਤੇ ਦੁਗਰੀ ਆਦਿ ਇਲਾਕਿਆਂ ਵਿੱਚ ਪਾਣੀ ਭਰ ਗਿਆ। ਇਸਦੇ ਨਾਲ ਹੀ ਘੁਮਾਰ ਮੰਡੀ ਦੇ ਕੁਝ ਇਲਾਕੇ, ਬਦੌੜ ਹਾਊਸ, ਜਲੰਧਰ ਬਾਈਪਾਸ, ਸਲੇਮ ਟਾਬਰੀ, ਰਾਹੋਂ ਰੋਡ, ਬਸਤੀ ਜੋਧੇਵਾਲ, ਸ਼ਿਵਾਜੀ ਨਗਰ, ਚੌੜਾ ਬਾਜ਼ਾਰ, ਬਾਜਵਾ ਨਗਰ, ਸ਼ਿਵਪੁਰੀ ਤੇ ਹੈਬੋਵਾਲ ਕਈ ਇਲਾਕਿਆਂ ਵਿਚ ਮੀਂਹ ਦਾ ਪਾਣੀ ਕਾਫ਼ੀ ਸਮੇਂ ਤੱਕ ਭਰਿਆ ਰਿਹਾ। ਜਗਰਾਉਂ ਪੁਲ ਤੋਂ ਜਲੰਧਰ ਬਾਈਪਾਸ ਤੱਕ ਐਲੀਵੇਟੇਡ ਰੋਡ, ਲੱਕੜ ਪੁਲ, ਦੱਖਮੀ ਬਾਈਪਾਸ, ਫਿਰੋਜ਼ਪੁਰ ਰੋਡ ਤੇ ਚੰਡੀਗੜ੍ਹ ਰੋਡ ਦੀਆਂ ਮੁੱਖ ਸੜਕਾਂ ਉੱਤੇ ਦੇਰ ਸ਼ਾਮ ਤੱਕ ਮੀਂਹ ਦਾ ਪਾਣੀ ਖੜ੍ਹਾ ਰਿਹਾ।

Previous articleਮੋਹਲੇਧਾਰ ਮੀਂਹ: ਇਕ ਘੰਟੇ ’ਚ ਜਲੰਧਰ ਹੋਇਆ ਜਲ-ਅੰਦਰ
Next articleਬੈਡਮਿੰਟਨ: ਲਕਸ਼ੈ, ਪ੍ਰਣਯ ਅਤੇ ਸੌਰਭ ਯੂਐੱਸ ਓਪਨ ਦੇ ਦੂਜੇ ਦੌਰ ’ਚ