ਲੁਧਿਆਣਾ- ਇੱਥੇ ਗਿੱਲ ਰੋਡ ਸਥਿਤ ਇੰਡੀਆ ਇੰਫੋਲਾਈਨ ਫਾਇਨਾਂਸ ਕੰਪਨੀ (ਸੋਨਾ ਗਹਿਣੇ ਰੱਖਣ ਵਾਲੀ ਕੰਪਨੀ) ਦੇ ਦਫ਼ਤਰ ’ਤੇ ਅੱਜ ਚਾਰ ਲੁਟੇਰਿਆਂ ਨੇ ਡਾਕਾ ਮਾਰਿਆ ਅਤੇ 20 ਮਿੰਟਾਂ ਵਿਚ 12 ਕਰੋੜ ਰੁਪਏ ਦੀ ਕੀਮਤ ਦਾ 30 ਕਿਲੋ ਸੋਨਾ ਲੁੱਟ ਕੇ ਫ਼ਰਾਰ ਹੋ ਗਏ। ਇਸ ਕੰਪਨੀ ਦੇ ਐਨ ਸਾਹਮਣੇ ਪੁਲੀਸ ਦਾ ਕ੍ਰਾਈਮ ਜਾਂਚ ਏਜੰਸੀ 3 ਦਾ ਥਾਣਾ ਸਥਿਤ ਹੈ, ਪਰ ਫਿਰ ਵੀ ਕਾਰ ਸਵਾਰ ਲੁਟੇਰੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਕੰਪਨੀ ਦੇ ਦਫ਼ਤਰ ਨੂੰ ਬਾਹਰੋਂ ਤਾਲਾ ਲਾ ਕੇ ਫ਼ਰਾਰ ਹੋ ਗਏ।
ਜਾਣਕਾਰੀ ਅਨੁਸਾਰ ਇੰਡੀਆ ਇੰਫੋਲਾਈਨ ਫਾਇਨਾਂਸ ਲਿਮਟਿਡ ਕੰਪਨੀ (ਆਈਆਈਐੱਫਐੱਲ) ਦਾ ਲੁਧਿਆਣਾ ਵਿੱਚ ਗਿੱਲ ਰੋਡ ’ਤੇ ਦਫ਼ਤਰ ਹੈ। ਇਸ ਕੰਪਨੀ ਵਲੋਂ ਸੋਨੇ ਦੇ ਗਹਿਣਿਆਂ ’ਤੇ ਕਰਜ਼ਾ ਦਿੱਤਾ ਜਾਂਦਾ ਹੈ। ਅੱਜ ਸਵੇਰੇ ਕਰੀਬ ਸਾਢੇ 9 ਵਜੇ ਦਫ਼ਤਰ ਵਿੱਚ ਬੈਂਕ ਮੈਨੇਜਰ ਹਰਪ੍ਰੀਤ ਸਿੰਘ, ਮੁਹੰਮਦ ਅਜ਼ਾਨ ਤੇ ਅਮਿਤ ਕੁਮਾਰ ਤੇ ਸਵੀਪਰ ਵਰਸ਼ਾ ਮੌਜੂਦ ਸਨ ਕਿ ਅਚਾਨਕ ਚਾਰ ਹਥਿਆਰਬੰਦ ਨਕਾਬਪੋਸ਼ ਵਿਅਕਤੀ ਦਫ਼ਤਰ ਦੇ ਅੰਦਰ ਦਾਖ਼ਲ ਹੋ ਗਏ। ਨਕਾਬਪੋਸ਼ਾਂ ਨੇ ਦਫ਼ਤਰ ਵਿੱਚ ਮੌਜੂਦ ਸਾਰੇ ਮੁਲਾਜ਼ਮਾਂ ਨੂੰ ਇੱਕ ਕੈਬਿਨ ’ਚ ਬੰਦੀ ਬਣਾ ਲਿਆ ਅਤੇ ਬੰਦੂਕ ਨਾਲ ਡਰਾ-ਧਮਕਾ ਕੇ ਚਾਬੀ ਲੈ ਲਈ। ਇਸੇ ਦੌਰਾਨ ਦਫ਼ਤਰ ਦੀ ਮੁਲਾਜ਼ਮ ਗੁਰਪ੍ਰੀਤ ਕੌਰ ਅੰਦਰ ਆਈ ਤਾਂ ਲੁਟੇਰੇ ਅੰਦਰ ਹੀ ਮੌਜੂਦ ਸਨ। ਉਨ੍ਹਾਂ ਨੇ ਗੁਰਪ੍ਰੀਤ ਨੂੰ ਆਉਂਦਿਆਂ ਹੀ ਬਾਕੀ ਮੁਲਾਜ਼ਮਾਂ ਨਾਲ ਬੰਦ ਕਰ ਦਿੱਤਾ ਅਤੇ ਉਸ ਦਾ ਮੋਬਾਈਲ ਫੋਨ ਤੇ ਸਾਮਾਨ ਖੋਹ ਲਿਆ। ਇਹ ਨਕਾਬਪੋਸ਼ ਲੁਟਰੇ ਕਰੀਬ 20-22 ਮਿੰਟਾਂ ’ਚ 30 ਕਿਲੋ ਸੋਨੇ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ ਅਤੇ ਜਾਂਦੇ ਹੋਏ ਸੀਸੀਟੀਵੀ ਕੈਮਰਾ ਤੋੜ ਕੇ ਡੀਵੀਆਰ ਨਾਲ ਲੈ ਗਏ। ਇਹ ਲੁਟੇਰੇ ਸਾਰਾ ਸੋਨਾ ਬੈਗ ’ਚ ਪਾ ਕੇ ਬਾਹਰ ਨਿਕਲੇ ਅਤੇ ਪਹਿਲਾਂ ਤੋਂ ਕਾਰ ’ਚ ਬੈਠੇ ਉਡੀਕ ਰਹੇ ਸਾਥੀ ਨਾਲ ਬੈਠ ਕੇ ਫ਼ਰਾਰ ਹੋ ਗਏ। ਬਾਹਰ ਜਾਣ ਲੱਗੇ ਇਹ ਦਫ਼ਤਰ ਨੂੰ ਬਾਹਰੋਂ ਤਾਲਾ ਲਾ ਗਏ। ਇਸ ਤੋਂ ਬਾਅਦ ਕਿਸੇ ਤਰ੍ਹਾਂ ਕੰਪਨੀ ਦੇ ਮੁਲਾਜ਼ਮਾਂ ਨੇ ਖ਼ੁਦ ਨੂੰ ਖੋਲ੍ਹਿਆ ਤੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ, ਡੀਸੀਪੀ ਅਸ਼ਵਨੀ ਕਪੂਰ, ਡੀਸੀਪੀ ਸਿਮਰਤਪਾਲ ਸਿੰਘ ਢੀਂਡਸਾ ਤੇ ਕਈ ਥਾਣਿਆਂ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਵੀ ਮੌਕੇ ’ਤੇ ਪੁੱਜ ਗਈ। ਲੁਟੇਰੇ ਨਾਲ ਵਾਲੀ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਏ। ਘਟਨਾ ਬਾਰੇ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਲੁਟੇਰਿਆਂ ਬਾਰੇ ਕਈ ਸਬੂਤ ਮਿਲੇ ਹਨ। ਪੁਲੀਸ ਨੇ ਫਿਲਹਾਲ ਥਾਣਾ ਡਿਵੀਜ਼ਨ ਨੰਬਰ 6 ’ਚ ਕੇਸ ਦਰਜ ਕਰ ਲਿਆ ਹੈ।
HOME ਲੁਧਿਆਣਾ ਵਿਚ ਦਿਨ-ਦਿਹਾੜੇ 30 ਕਿਲੋ ਸੋਨਾ ਲੁੱਟਿਆ