ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਮੁੜ ਹੰਗਾਮਾ; ਤਿੰਨ ਫੱਟੜ

ਲੁਧਿਆਣਾ- ਇੱਥੇ ਕੇਂਦਰੀ ਜੇਲ੍ਹ ਵਿੱਚ ਰਾਤ ਦੇ ਖਾਣੇ ਦੌਰਾਨ ਬੰਦੀਆਂ ਦੇ ਦੋ ਗੁੱਟ ਆਪਸ ਵਿੱਚ ਭਿੜ ਗਏ। ਇਸ ਘਟਨਾ ’ਚ ਤਿੰਨ ਹਵਾਲਾਤੀ ਫੱਟੜ ਹੋ ਗਏ। ਪੁਲੀਸ ਨੇ ਤਿੰਨ ਜਣਿਆਂ ਖ਼ਿਲਾਫ਼ ਕਰਾਸ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੇਰ ਰਾਤ ਸਾਰੇ ਕੈਦੀ ਤੇ ਹਵਾਲਾਤੀ ਖਾਣਾ ਖਾ ਰਹੇ ਸਨ। ਇਸੇ ਦੌਰਾਨ ਬੀਕੇਯੂ ਦੀ ਬੈਰਕ ਨੰਬਰ 6 ਵਿਚ ਦੋ ਹਵਾਲਾਤੀ ਧੜਿਆਂ ’ਚ ਬਹਿਸ ਹੋ ਗਈ। ਹਵਾਲਾਤੀਆਂ ਨੇ ਇੱਕ-ਦੂਜੇ ’ਤੇ ਸਟੀਲ ਦੇ ਡੋਲ ਤੇ ਗਲਾਸਾਂ ਨਾਲ ਹਮਲਾ ਕੀਤਾ। ਹੰਗਾਮਾ ਹੋਣ ’ਤੇ ਜੇਲ੍ਹ ਮੁਲਾਜ਼ਮ ਮੌਕੇ ’ਤੇ ਪੁੱਜੇ। ਪੁਲੀਸ ਨੇ ਝਗੜਾ ਕਰ ਰਹੀਆਂ ਦੋਵੇਂ ਧਿਰਾਂ ਨੂੰ ਸ਼ਾਂਤ ਕੀਤਾ ਅਤੇ ਕੁੱਟਮਾਰ ’ਚ ਜ਼ਖ਼ਮੀ ਤਿੰਨ ਕੈਦੀਆਂ ਨੂੰ ਇਲਾਜ ਲਈ ਜੇਲ੍ਹ ਦੇ ਹਸਪਤਾਲ ’ਚ ਪਹੁੰਚਾਇਆ, ਜਿੱਥੋ ਉਨ੍ਹਾਂ ਨੂੰ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਜ਼ਖ਼ਮੀਆਂ ਦੀ ਪਛਾਣ ਹਵਾਲਾਤੀ ਸੰਦੀਪ, ਰਵੀ ਤੇ ਕਰਨ ਵਜੋਂ ਹੋਈ ਹੈ। ਸਿਵਲ ਹਸਪਤਾਲ ’ਚ ਇਲਾਜ ਤੋਂ ਬਾਅਦ ਤਿੰਨਾਂ ਨੂੰ ਦੁਬਾਰਾ ਜੇਲ੍ਹ ਭੇਜ ਦਿੱਤਾ ਗਿਆ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਇਸ ਮਾਮਲੇ ਵਿੱਚ ਤਿੰਨਾਂ ਬੰਦੀਆਂ ਖ਼ਿਲਾਫ਼ ਕਰਾਸ ਐਫਆਈਆਰ ਦਰਜ ਕੀਤਾ ਹੈ। ਜੇਲ੍ਹ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
ਦੱਸਣਯੋਗ ਹੈ ਕਿ ਬੀਤੇ ਵੀਰਵਾਰ ਨੂੰ ਇਸ ਜੇਲ੍ਹ ਵਿੱਚ ਬੰਦੀ ਸਾਥੀ ਦੀ ਮੌਤ ਤੋਂ ਬਾਅਦ ਕੈਦੀਆਂ ਨੇ ਹੰਗਾਮਾ ਕੀਤਾ ਸੀ ਅਤੇ ਹਾਲਾਤ ਬੇਕਾਬੂ ਹੋ ਗਏ ਸਨ। ਪੁਲੀਸ ਨੂੰ ਹਾਲਾਤ ’ਤੇ ਕਾਬੂ ਪਾਉਣ ਲਈ ਅੱਥਰੂ ਗੈਸ ਛੱਡਣੀ ਪਈ ਸੀ ਅਤੇ ਗੋਲੀਆਂ ਚਲਾਉਣੀਆਂ ਪਈਆਂ ਸਨ, ਜਿਸ ਵਿੱਚ 5 ਬੰਦੀ ਤੇ 10 ਪੁਲੀਸ ਮੁਲਾਜ਼ਮ ਫੱਟੜ ਹੋ ਗਏ ਸਨ ਤੇ ਇੱਕ ਬੰਦੀ ਦੀ ਮੌਤ ਹੋ ਗਈ ਸੀ।

Previous articleਦੱਖਣੀ ਕੈਲੀਫੋਰਨੀਆ ’ਚ ਭੂਚਾਲ ਨਾਲ ਇਮਾਰਤਾਂ ਡਿੱਗਿਆਂ
Next articleUSA eves beat Netherlands 2-0 to win fourth WC title