ਲੁਧਿਆਣਾ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਮੀਂਹ ਨੇ ਤਬਾਹੀ ਮਚਾਈ

ਸਨਅਤੀ ਸ਼ਹਿਰ ਲੁਧਿਆਣਾ ਵਿੱਚ ਸ਼ਨਿਚਰਵਾਰ ਬਾਅਦ ਦੁਪਹਿਰ 3.30 ਵਜੇ ਸ਼ੁਰੂ ਹੋਏ ਮੀਂਹ ਨੇ ਕਈ ਰਿਕਾਰਡ ਤੋੜ ਦਿੱਤੇ। ਮੀਂਹ ਐਤਵਾਰ ਸਵੇਰੇ 3 ਵਜੇ ਤੱਕ ਜਾਰੀ ਰਿਹਾ। ਮੌਸਮ ਵਿਭਾਗ ਅਨੁਸਾਰ ਸ਼ਹਿਰ ’ਚ 150 ਮਿਲੀਮੀਟਰ ਪਾਣੀ ਵਰ੍ਹਿਆ। ਏਨਾ ਮੀਂਹ ਪੈਣ ਕਾਰਨ ਸ਼ਹਿਰ ਦੀਆਂ ਸੜਕਾਂ ਪਾਣੀ ਪਾਣੀ ਹੋ ਗਈਆਂ। ਐਤਵਾਰ ਦੁਪਹਿਰ ਤੱਕ ਸ਼ਹਿਰ ਦੇ ਜ਼ਿਆਦਾਤਾਰ ਇਲਾਕਿਆਂ ’ਚੋਂ ਮੀਂਹ ਦਾ ਪਾਣੀ ਨਹੀਂ ਨਿਕਲ ਸਕਿਆ। ਅਜਿਹੇ ’ਚ ਆਮ ਜਨਤਾ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਆਦਾਤਰ ਥਾਵਾਂ ’ਤੇ ਅੱਜ ਵੀ ਟਰੈਫ਼ਿਕ ਦਾ ਮਾੜਾ ਹਾਲ ਰਿਹਾ।
ਇਸੇ ਦੌਰਾਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਅੱਜ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕੀਤਾ ਗਿਆ। ਖ਼ਬਰ ਲਿਖੇ ਜਾਣ ਤੱਕ ਜ਼ਿਲ੍ਹਾ ਲੁਧਿਆਣਾ ਵਿੱਚ ਸਥਿਤੀ ਥੋੜੀ ਜਿਹੀ ਤਣਾਅਪੂਰਨ ਪਰ ਪੂਰੀ ਤਰ੍ਹਾਂ ਕਾਬੂ ਹੇਠ ਸੀ। ਸਤਲੁੱਜ ਬੰਨ੍ਹ ਦਾ ਕਈ ਜਗ੍ਹਾ ਦੌਰਾ ਕਰਦਿਆਂ ਮੰਤਰੀ ਆਸ਼ੂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਥਾਨਕ ਲੋਕਾਂ ਦੀ ਕਿਸੇ ਵੀ ਗੱਲ ਨੂੰ ਹਲਕੇ ਵਿੱਚ ਨਾ ਲੈਣ। ਜੇਕਰ ਲੋਕਾਂ ਵੱਲੋਂ ਸਤਲੁਜ ਦੇ ਨਾਲ ਖਾਰ (ਮਾਈਨਰ ਬਰੀਚ) ਆਦਿ ਪਈ ਹੋਣ ਦੀ ਖ਼ਬਰ ਦਿੱਤੀ ਜਾ ਰਹੀ ਹੈ ਤਾਂ ਮੌਕਾ ਦੇਖ ਕੇ ਤੁਰੰਤ ਇਹ ਖਾਰਾਂ ਭਰੀਆਂ ਜਾਣ।

Previous articleਸਤਲੁਜ ਦਰਿਆ ਨੇੜਲੇ 85 ਪਿੰਡ ਖਾਲੀ ਕਰਨ ਦੇ ਹੁਕਮ
Next articleਭੂਟਾਨ ਦੇ ਨੌਜਵਾਨਾਂ ’ਚ ਵਿਲੱਖਣ ਪ੍ਰਾਪਤੀਆਂ ਦੀ ਸਮਰੱਥਾ: ਮੋਦੀ