ਲੁਧਿਆਣਾ (ਸਮਾਜਵੀਕਲੀ) – ਸਨਅਤੀ ਸ਼ਹਿਰ ਵਿੱਚ ਕਰੋਨਾਵਾਇਰਸ ਦੇ ਮਰੀਜ਼ਾਂ ’ਚ ਵੀਰਵਾਰ ਨੂੰ ਕਾਫ਼ੀ ਵਾਧਾ ਹੋ ਗਿਆ। ਸ਼ਹਿਰ ਵਿੱਚ ਹੁਣ ਤੱਕ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 12 ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 2 ਔਰਤਾਂ ਦੀ ਮੌਤ ਵੀ ਹੋ ਚੁੱਕੀ ਹੈ।
ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਬੱਗਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਬੁੱਧਵਾਰ ਰਾਤ ਨੂੰ ਦੋ ਨੌਜਵਾਨਾਂ ਦੇ ਕਰੋਨਾ ਸੈਂਪਲ ਪਾਜ਼ੀਟਿਵ ਆਏ ਸਨ, ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਗਣੇਸ਼ ਨਗਰ ਦਾ ਹੈ, ਜੋ ਕਿ ਪੁਲੀਸ ਵੱਲੋਂ ਚੋਰੀ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇੱਕ 15 ਸਾਲਾਂ ਨੌਜਵਾਨ ਚੌਂਕੀਮਾਨ ਦਾ ਹੈ, ਜੋ ਕਿ ਪਹਿਲਾਂ ਤੋਂ ਪਾਜ਼ੀਟਿਵ 55 ਸਾਲਾਂ ਮਰੀਜ਼ ਦਾ ਭਤੀਜਾ ਹੈ। ਇਸ ਤੋਂ ਇਲਾਵਾ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ, ਜਿਸ ਔਰਤ ਦੀ ਬੀਤੇ ਦਿਨ ਮੌਤ ਹੋ ਗਈ ਸੀ, ਉਸਦਾ ਸੈਂਪਲ ਅੱਜ ਪਾਜ਼ੀਟਿਵ ਆਇਆ ਹੈ, ਉਹ ਔਰਤ ਬਰਨਾਲਾ ਦੀ ਰਹਿਣ ਵਾਲੀ ਸੀ।
ਇਸ ਤੋਂ ਇਲਾਵਾ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਸਨਅਤੀ ਸ਼ਹਿਰ ਦੇ ਅਮਰਪੁਰਾ ਇਲਾਕੇ ਦੀ ਰਹਿਣ ਵਾਲੀ ਜਿਸ ਔਰਤ ਦੀ ਮੌਤ ਹੋ ਗਈ ਸੀ, ਇਸਦੇ ਪੁੱਤਰ ਦਾ ਅੱਜ ਸੈਂਪਲ ਪਾਜ਼ੀਟਿਵ ਆ ਗਿਆ ਹੈ, ਜਿਸ ਤੋਂ ਬਾਅਦ ਹੁਣ ਸ਼ਹਿਰ ਵਿਚ ਹੁਣ ਤੱਕ 12 ਮਰੀਜ਼ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 2 ਬਾਹਰੀ ਜ਼ਿਲ੍ਹਿਆਂ ਦੇ ਹਨ। ਸਿਵਲ ਸਰਜਨ ਨੇ ਦੱਸਿਆ ਕਿ ਲੁਧਿਆਣਾ ਵਿੱਚੋਂ ਹੁਣ ਤੱਕ 507 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚੋਂ 442 ਮਰੀਜ਼ਾਂ ਦੀ ਰਿਪੋਰਟ ਨੈਗਟਿਵ ਆ ਗਈ ਹੈ। 42 ਮਰੀਜ਼ਾਂ ਦੇ ਸੈਂਪਲ ਅੱਜ ਭੇਜੇ ਗਏ ਹਨ। 41 ਮਰੀਜ਼ਾਂ ਦੇ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।