ਲੁਧਿਆਣਾ (ਸਮਾਜਵੀਕਲੀ) : ਕਰੋਨਾ ਦਾ ਕਹਿਰ ਸਨਅਤੀ ਸ਼ਹਿਰ ਵਿੱਚ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸ਼ਹਿਰ ਵਿੱਚ ਸ਼ਨਿੱਚਰਵਾਰ ਸ਼ਾਮ ਨੂੰ ਵੀ ਕਰੋਨਾ ਦੇ 7 ਨਵੇਂ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਦੇ ਨਾਲ ਹੀ ਸ਼ਹਿਰ ਵਿੱਚ ਕਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ ਹੁਣ 505 ਪੁੱਜ ਗਈ ਹੈ।
ਇਸ ਤੋਂ ਇਲਾਵਾ ਸ਼ਹਿਰ ਦੇ ਵੱਖ ਵੱਖ ਹਸਪਤਾਲਾਂ ਵਿੱਚ ਬਾਕੀ ਜ਼ਿਲ੍ਹਿਆਂ ਤੇ ਸੂਬਿਆਂ ਨਾਲ ਸੰਬੰਧਤ ਵੀ 7 ਮਰੀਜ਼ ਪਾਜ਼ੇਟਿਵ ਆਏ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਵੱਖ ਵੱਖ ਹਸਪਤਾਲਾਂ ਵਿੱਚ ਦੋ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ, ਇੱਕ ਬਜ਼ੁਰਗ ਔਰਤ ਲੁਧਿਆਣਾ ਨਾਲ ਸੰਬੰਧਤ ਤੇ ਇੱਕ 49 ਸਾਲਾਂ ਵਿਅਕਤੀ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ।
ਸਨਅਤੀ ਸ਼ਹਿਰ ਦੇ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਪਟਿਆਲਾ ਤੋਂ ਅੱਜ ਆਈਆਂ ਰਿਪੋਰਟਾਂ ਵਿੱਚ 1 ਰਿਪੋਰਟ ਪਾਜ਼ੇਟਿਵ ਆਈ ਹੈ, ਜੋਕਿ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਡੀਐੱਮਸੀ ਹਸਪਤਾਲ ਤੋਂ 10 ਰਿਪੋਰਟਾਂ ਪਾਜ਼ੇਟਿਵ ਆਈਆਂ ਹਨ, ਜਿਨ੍ਹਾਂ ਵਿੱਚ 5 ਮਰੀਜ਼ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਤੇ 2 ਮਰੀਜ਼ ਜਲੰਧਰ, 1 ਮੋਗਾ, 1 ਫਿਰੋਜ਼ਪੁਰ ਅਤੇ ਇੱਕ ਰਿਪੋਰਟ ਹਰਿਆਣਾ ਦੇ ਮਰੀਜ਼ ਦੀ ਪਾਜ਼ੇਟਿਵ ਆਈ ਹੈ,ਇਹ ਸਾਰੇ ਇਸੇ ਹਸਪਤਾਲ ਵਿਚ ਦਾਖਲ ਹਨ।
ਇਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਹਸਪਤਾਲ ਵਿੱਚ ਵੀ ਜਲੰਧਰ ਦੇ ਇੱਕ ਮਰੀਜ਼ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਸ਼ਹਿਰ ਦੇ ਪ੍ਰੀਤ ਹਸਪਤਾਲ ਵਿੱਚ 2 ਰਿਪੋਰਟਾਂ ਪਾਜ਼ੇਟਿਵ ਆਈਆਂ ਹਨ, ਜਿਨ੍ਹਾਂ ਵਿੱਚ ਇੱਕ ਲੁਧਿਆਣਾ ਤੇ ਇੱਕ ਮੋਗਾ ਨਾਲ ਸੰਬੰਧਤ ਹੈ।
ਇਸ ਤੋਂ ਇਲਾਵਾ ਅੱਜ ਲੁਧਿਆਣਾ ਦੇ ਜੀਟੀਬੀ ਹਸਪਤਾਲ ਵਿੱਚ ਡੇਹਲੋਂ ਦੇ ਗੋਪਾਲਪੁਰ ਪਿੰਡ ਦੀ 70 ਸਾਲਾਂ ਔਰਤ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਡੀਐੱਮਸੀ ਹਸਪਤਾਲ ਵਿੱਚ ਫਿਰੋਜ਼ਪੁਰ ਦੇ ਤਲਵੰਡੀ ਭਾਈਕੇ ਦੇ 46 ਸਾਲਾਂ ਵਿਅਕਤੀ ਦੀ ਕਰੋਨਾ ਨਾਲ ਮੌਤ ਹੋ ਗਈ। ਦੋਵੇਂ ਮਰੀਜ਼ਾਂ ਨੂੰ ਹੋਰ ਵੀ ਕਈ ਬਿਮਾਰੀ ਸਨ।