ਦੁੱਗਰੀ ਇਲਾਕੇ ’ਚ ਵੀਰਵਾਰ ਦੀ ਦੁਪਹਿਰ ਨੂੰ ਹਥਿਆਰਬੰਦ ਲੁਟੇਰਿਆਂ ਨੇ ਮਨੀ ਐਕਸਚੇਂਜਰ ਦੇ ਦਫ਼ਤਰ ’ਚ ਦਾਖ਼ਲ ਹੋ ਕੇ ਉਸ ਨੂੰ ਕਾਤਲਾਨਾ ਹਮਲਾ ਕਰ ਦਿੱਤਾ। ਮਨੀਂ ਐਕਸਚੇਂਜਰ ਨੂੰ ਬੁਰੀ ਤਰ੍ਹਾ ਜ਼ਖਮੀ ਕਰਨ ਤੋਂ ਬਾਅਦ ਮੁਲਜ਼ਮ ਉੱਥੋਂ ਢਾਈ ਲੱਖ ਰੁਪਏ ਤੇ ਇੱਕ ਹਜ਼ਾਰ ਡਾਲਰ ਲੈ ਕੇ ਫ਼ਰਾਰ ਹੋ ਗਏ। ਫੱਟੜ ਪਰਮਿੰਦਰ ਸਿੰਘ ਸੇਖੋਂ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ। ਪੁਲੀਸ ਨੇ ਮੁਲਜ਼ਮਾਂ ਲਈ ਜਾਲ ਵਿਛਾਇਆ ਤੇ ਉਨ੍ਹਾਂ ਨੂੰ ਡੇਹਲੋਂ ਦੇ ਕੋਲ ਘੇਰ ਲਿਆ, ਪਰ ਮੁਲਜ਼ਮਾਂ ਨੇ ਪੁਲੀਸ ਪਾਰਟੀ ’ਤੇ ਵੀ ਫਾਇਰ ਕਰ ਦਿੱਤਾ। ਮੁਲਜ਼ਮਾਂ ਦਾ ਪਿੱਛਾ ਕਰ ਰਹੇ ਮੁਲਾਜ਼ਮ ਵਾਲ ਵਾਲ ਬਚ ਗਏ। ਪੁਲੀਸ ਨੇ ਇਸ ਮਾਮਲੇ ’ਚ ਚਾਰ ਲੁਟੇਰਿਆਂ ਨੂੰ ਕਾਬੂ ਕਰ ਲਿਆ। ਚਾਰਾਂ ਮੁਲਜ਼ਮਾਂ ਦੇ ਖਿਲਾਫ਼ ਪੁਲੀਸ ਨੇ ਥਾਣਾ ਦੁੱਗਰੀ ’ਚ ਲੁੱਟਖੋਹ ਅਤੇ ਡੇਹਲੋਂ ’ਚ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਇਸ ਮਾਮਲੇ ’ਚ ਈਡਬਲਯੂਐਸ ਕਲੋਨੀ ਵਾਸੀ ਹਰਭਜਨ ਸਿੰਘ, ਪਿੰਡ ਨੱਥੋਵਾਲ ਵਾਸੀ ਸੁਖਵਿੰਦਰ ਸਿੰਘ, ਰਾਏਕੋਟ ਵਾਸੀ ਰਣਜੀਤ ਸਿੰਘ ਤੇ ਜਸਵਿੰਦਰ ਸਿੰਘ ਦੇ ਖਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਦੁੱਗਰੀ ਰੋਡ ’ਤੇ ਪਰਮਿੰਦਰ ਸਿੰਘ ਸੇਖੋਂ ਦਾ ਸੇਖੋਂ ਐਂਡ ਸੇਖੋਂ ਨਾਮ ਤੋਂ ਦਫ਼ਤਰ ਹੈ ਜਿੱਥੇ ਮਨੀ ਐਕਸਚੇਂਜ ਦਾ ਕੰਮ ਚੱਲਦਾ ਹੈ। ਵੀਰਵਾਰ ਦੀ ਦੁਪਹਿਰ ਉਹ ਆਪਣੇ ਦਫ਼ਤਰ ’ਚ ਇਕੱਲੇ ਬੈਠੇ ਹੋਏ ਸਨ। ਇਸੇ ਦੌਰਾਨ ਹਥਿਆਰਾਂ ਨਾਲ ਲੈਸ ਹੋ ਕੇ ਦੋ ਮੋਟਰਸਾਈਕਲਾਂ ’ਤੇ ਸਵਾਰ ਚਾਰ ਲੁਟੇਰੇ ਦਫ਼ਤਰ ’ਚਆ ਵੜੇ। ਆਉਂਦੇ ਹੀ ਮੁਲਜ਼ਮਾਂ ਨੇ ਪਰਮਿੰਦਰ ਸਿੰਘ ’ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਹ ਢਾਈ ਲੱਖ ਰੁਪਏ ਤੇ ਇੱਕ ਹਜ਼ਾਰ ਡਾਲਰ ਲੈ ਕੇ ਫ਼ਰਾਰ ਹੋ ਗਏ। ਜ਼ਖ਼ਮੀ ਹਾਲਤ ’ਚ ਪਰਮਿੰਦਰ ਦਾ ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋਏ। ਲੋਕਾਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ। ਮੋਟਰਸਾਈਕਲ ’ਤੇ ਸਵਾਰ ਹੋ ਜਦੋਂ ਲੁਟੇਰੇ ਉਥੋਂ ਫ਼ਰਾਰ ਹੋਏ ਤਾਂ ਲੋਕਾਂ ਨੇ ਪੁਲੀਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲੀਸ ਨੇ ਮੁਲਜ਼ਮਾਂ ਦਾ ਪਤਾ ਲਾ ਲਿਆ ਕਿ ਉਹ ਡੇਹਲੋਂ ਵੱਲ ਨੂੰ ਫ਼ਰਾਰ ਹੋਏ ਹਨ। ਇਸ ਤੋਂ ਬਾਅਦ ਪੁਲੀਸ ਨੇ ਮੁਲਜ਼ਮਾਂ ਦਾ ਪਿੱਛਾ ਕੀਤਾ ਤੇ ਡੇਹਲੋਂ ਦੇ ਕੋਲ ਉਨ੍ਹਾਂ ਨੂੰ ਘੇਰ ਲਿਆ। ਜਦੋਂ ਪੁਲੀਸ ਨੇ ਮੁਲਜ਼ਮਾਂ ਨੂੰ ਘੇਰਿਆ ਤਾਂ ਮੁਲਜ਼ਮਾਂ ਨੇ ਆਪਣੇ ਕੋਲ ਰੱਖੇ ਦੇਸੀ ਕੱਟੇ ਨਾਲ ਪੁਲੀਸ ਪਾਰਟੀ ’ਤੇ ਗ਼ੋਲੀ ਚਲਾ ਦਿੱਤੀ, ਪਰ ਪੁਲੀਸ ਮੁਲਾਜ਼ਮ ਵਾਲ ਵਾਲ ਬਚ ਗਏ। ਪੁਲੀਸ ਨੇ ਕਾਫ਼ੀ ਮੁਸਤੈਦੀ ਨਾਲ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ’ਚੋਂ ਪੁਲੀਸ ਨੇ ਦੋ ਦੇਸੀ ਕੱਟੇ, ਕਾਰਤੂਸ ਤੇ ਹਥਿਆਰ ਬਰਾਮਦ ਕੀਤੇ ਹਨ।
INDIA ਲੁਟੇਰਿਆਂ ਨੇ ਪਿੱਛਾ ਕਰ ਰਹੇ ਪੁਲੀਸ ਮੁਲਾਜ਼ਮਾਂ ’ਤੇ ਗੋਲੀ ਚਲਾਈ