ਪਠਾਨਕੋਟ- ਸਰਨਾ ਨਹਿਰ ਕਲੋਨੀ ਅਤੇ ਕਿਲਾ ਜਮਾਲਪੁਰ ਡੇਰਾ ਵਿੱਚ ਬੀਤੀ ਰਾਤ ਲੁਟੇਰਿਆਂ ਨੇ 2 ਘਰਾਂ ਵਿੱਚ ਦਾਖਲ ਹੋ ਕੇ ਘਰ ਦੇ ਜੀਆਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਅਤੇ ਘਰਾਂ ਵਿੱਚੋਂ ਨਗਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ। ਲੁਟੇਰਿਆਂ ਦੀ ਗਿਣਤੀ ਚਾਰ ਦੱਸੀ ਜਾਂਦੀ ਹੈ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਐਸ.ਪੀ. ਹੈਡਕੁਆਟਰ ਰਣਜੀਤ ਸਿੰਘ, ਡੀ.ਐਸ.ਪੀ ਦਿਹਾਤੀ ਦਵਿੰਦਰ ਸਿੰਘ, ਡੀ.ਐਸ.ਪੀ ਹੈਡਕੁਆਟਰ ਰਾਜੇਸ਼ ਮੱਟੂ ਤੇ ਥਾਣਾ ਮੁਖੀ ਤੇਜਿੰਦਰ ਸਿੰਘ ਮੌਕੇ ਉਪਰ ਪੁੱਜ ਗਏ ਅਤੇ ਉਨ੍ਹਾਂ ਜਾਂਚ ਪੜਤਾਲ ਆਰੰਭ ਦਿੱਤੀ ਅਤੇ ਨਾਲ ਹੀ ਫਿੰਗਰ ਪ੍ਰਿੰਟਸ ਟੀਮ ਅਤੇ ਡਾਗ ਸਕੁਐਡ ਨੂੰ ਬੁਲਾ ਲਿਆ ਅਤੇ ਟੀਮ ਨੇ ਵੀ ਉਥੋਂ ਫਿੰਗਰ ਪ੍ਰਿੰਟਸ ਦੇ ਨਿਸ਼ਾਨ ਇਕੱਤਰ ਕਰ ਲਏ।
ਜ਼ਖਮੀਆਂ ਵਿੱਚ 2 ਔਰਤਾਂ ਅਤੇ 2 ਵਿਅਕਤੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਇੱਕ ਔਰਤ ਸਰਕਾਰੀ ਅਧਿਆਪਕਾ ਹੈ ਅਤੇ ਲੁਟੇਰੇ ਉਸ ਨੂੰ ਜ਼ਖਮੀ ਕਰਨ ਬਾਅਦ ਉਸ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਲਾਹ ਕੇ ਅਤੇ ਕਟਰ ਨਾਲ ਉਸ ਦੀਆਂ ਬਾਹਾਂ ਵਿੱਚ ਪਹਿਨੇ ਹੋਏ ਕੜੇ ਕੱਟ ਕੇ ਲੈ ਗਏ ਜਦ ਕਿ ਕੜੇ ਆਰਟੀਫੀਸ਼ਲ ਸਨ। ਕਿਲਾ ਜਮਾਲਪੁਰ ਡੇਰਾ ਦੇ ਹਮਲੇ ਵਿੱਚ ਪ੍ਰਭਾਵਿਤ ਹੋਏ ਪਰਿਵਾਰ ਦੇ ਮੈਂਬਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਨੂੰ ਚਾਰ ਲੁਟੇਰੇ ਉਨ੍ਹਾਂ ਦੇ ਘਰ ਦਾਖ਼ਲ ਹੋਏ ਤੇ ਇਕ ਨੇ ਉਸ ਦੀ ਪਤਨੀ ਜਸਵੀਰ ਕੌਰ ’ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਮਗਰੋਂ ਰੌਲਾ ਪੈਣ ’ਤੇ ਲੁਟੇਰੇ ਭੱਜ ਨਿਕਲੇ। ਇੱਕ ਲੁਟੇਰੇ ਨੂੰ ਭਜਦੇ ਸਮੇਂ ਉਸ ਦੇ ਤਾਏ ਦੇ ਲੜਕੇ ਹਰਦੇਵ ਸਿੰਘ ਨੂੰ ਵੀ ਜ਼ਖਮੀ ਕਰ ਦਿੱਤਾ।
ਦੂਸਰੇ ਪਾਸੇ ਵਾਰਡ ਨੰਬਰ 49 ਸਰਨਾ ਦੇ ਵਾਸੀ ਜੋਗਿੰਦਰ ਪਾਲ ਨੇ ਦੱਸਿਆ ਕਿ ਰਾਤ 2.30 ਵਜੇ ਦੇ ਕਰੀਬ ਚਾਰ ਨੌਜਵਾਨ ਹਥਿਆਰਾਂ ਸਮੇਤ ਉਸ ਦੇ ਘਰ ਆ ਵੜੇ ਤੇ ਉਸ ਦੀ ਪਤਨੀ ਕੁਲਜੀਤ ਕੌਰ ’ਤੇ ਡਾਂਗਾਂ ਨਾਲ ਹਮਲਾ ਕਰਕੇ ਘਰ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ। ਜਿੱਥੋਂ ਉਨ੍ਹਾਂ ਨੇ 23 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਅਤੇ ਕੁਲਜੀਤ ਕੌਰ ਦੀਆਂ ਸੋਨੇ ਦੀ ਵਾਲੀਆਂ ਲਾਹ ਲਈਆਂ ਅਤੇ ਜਾਣ ਲੱਗਿਆਂ ਦੋਹਾਂ ਨੂੰ ਕਮਰੇ ਵਿੱਚ ਬੰਦ ਕਰਕੇ ਚਲੇ ਗਏ। ਸਵੇਰੇ ਕਿਸੇ ਤਰ੍ਹਾਂ ਪੁਲੀਸ ਨੂੰ ਸੂਚਿਤ ਕੀਤਾ ਗਿਆ। ਦੋਹਾਂ ਨੂੰ ਨਜ਼ਦੀਕ ਪੈਂਦੇ ਹਸਪਤਾਲ ਵਿੱਚ ਪਿੰਡ ਦੇ ਲੋਕਾਂ ਨੇ ਲਿਜਾ ਕੇ ਦਾਖਲ ਕਰਵਾਇਆ। ਇਸੇ ਦੌਰਾਨ ਪੁਲੀਸ ਨੇ ਘਟਨਾ ਸਥਾਨ ’ਤੇ ਪੁੱਜ ਕੇ ਜਾਇਜ਼ਾ ਲਿਆ। ਜ਼ਖਮੀ ਜੋਗਿੰਦਰ ਪਾਲ ਭਾਰਤ ਸੰਚਾਰ ਨਿਗਮ ਵਿੱਚੋਂ ਸੇਵਾਮੁਕਤ ਹੋਇਆ ਹੈ ਜਦ ਕਿ ਉਸ ਦੀ ਪਤਨੀ ਕੁਲਜੀਤ ਕੌਰ ਸਰਕਾਰੀ ਸਕੂਲ ਵਿੱਚ ਅਧਿਆਪਕਾ ਹੈ। ਦੂਸਰੇ ਪਾਸੇ ਡੀ.ਐਸ.ਪੀ ਦਿਹਾਤੀ ਦਵਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤਿਆਂ ਖਿਲਾਫ ਧਾਰਾ 458, 459, 506 ਤਹਿਤ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਗਈ ਹੈ। ਐਸ.ਪੀ. ਹੈਡਕੁਆਟਰ ਰਣਜੀਤ ਸਿੰਘ ਦਾ ਕਹਿਣਾ ਸੀ ਕਿ ਇਹ ਵਾਰਦਾਤ ਇੱਕੋ ਹੀ ਗੈਂਗ ਵੱਲੋਂ ਕੀਤੀ ਗਈ ਜਾਪਦੀ ਹੈ। ਉਨ੍ਹਾਂ ਕਿਹਾ ਕਿ ਖੋਜੀ ਕੁੱਤਾ ਫਰੀਦਾਨਗਰ ਨਹਿਰ ਵਾਲੇ ਪਾਸੇ ਪੈਂਦੀ ਨਹਿਰ ਦੀ ਪਟੜੀ ਤੱਕ ਗਿਆ।
INDIA ਲੁਟੇਰਿਆਂ ਨੇ ਦੋ ਘਰਾਂ ਨੂੰ ਨਿਸ਼ਾਨਾ ਬਣਾਇਆ