ਵਾਸ਼ਿੰਗਟਨ : ਅਮਰੀਕੀ ਫ਼ੌਜ ਦਾ ਦਾਅਵਾ ਹੈ ਕਿ ਪਿਛਲੇ ਮਹੀਨੇ ਲੀਬੀਆ ਦੀ ਰਾਜਧਾਨੀ ਤਿ੍ਪੋਲੀ ਦੇ ਨਜ਼ਦੀਕ ਲਾਪਤਾ ਹੋਏ ਉਸ ਦੇ ਹਥਿਆਰ ਰਹਿਤ ਡ੍ਰੋਨ ਨੂੰ ਅਸਲ ਵਿਚ ਰੂਸੀ ਹਵਾਈ ਫ਼ੌਜ ਨੇ ਮਾਰ ਸੁੱਟਿਆ ਸੀ। ਅਮਰੀਕੀ ਫ਼ੌਜ ਨੇ ਡ੍ਰੋਨ ਦੇ ਮਲਬੇ ਨੂੰ ਵਾਪਸ ਕਰਨ ਦੀ ਮੰਗ ਕੀਤੀ ਹੈ। ਅਮਰੀਕੀ ਅਫਰੀਕਾ ਕਮਾਨ ਨੇ ਇਹ ਜਾਣਕਾਰੀ ਦਿੱਤੀ।
ਕਮਾਨ ਦਾ ਕਹਿਣਾ ਹੈ ਕਿ ਇਹ ਘਟਨਾ ਤੇਲ ਸੰਪੰਨ ਦੇਸ਼ ਲੀਬੀਆ ਦੀ ਖਾਨਾਜੰਗੀ ‘ਚ ਰੂਸੀ ਭੂਮਿਕਾ ਨੂੰ ਸਾਹਮਣੇ ਕਰਦੀ ਹੈ। ਉਹ ਇਸ ਖਾਨਾਜੰਗੀ ‘ਚ ਪੂਰਬੀ ਲੀਬੀਆ ਦੇ ਕਮਾਂਡਰ ਖ਼ਲੀਫਾ ਹਫ਼ਤਾਰ ਵੱਲੋਂ ਦਖ਼ਲ ਦੇ ਰਿਹਾ ਹੈ। ਹਫ਼ਤਾਰ ਨੇ ਤਿ੍ਪੋਲੀ ‘ਤੇ ਕਬਜ਼ੇ ਦਾ ਐਲਾਨ ਕੀਤਾ ਹੈ, ਜਿਹੜਾ ਹਾਲੇ ਲੀਬੀਆ ਦੀ ਅੰਤਰਰਾਸ਼ਟਰੀ ਪੱਧਰ ‘ਤੇ ਸਰਕਾਰ ਗੌਰਮਿੰਟ ਆਫ ਨੈਸ਼ਨਲ ਅਕਾਰਡ ਦੇ ਕਬਜ਼ੇ ਵਿਚ ਹੈ।
ਅਮਰੀਕੀ ਅਫਰੀਕਾ ਕਮਾਨ ਦੇ ਮੁਖੀ ਜਨਰਲ ਸਟੀਫੇਨ ਟਾਊਨਸੈਂਡ ਨੇ ਕਿਹਾ, ‘ਮੈਨੂੰ ਵਿਸ਼ਵਾਸ ਹੈ ਕਿ ਹਮਲੇ ਦੇ ਸਮੇਂ ਹਵਾਈ ਫ਼ੌਜੀਆਂ ਨੂੰ ਇਹ ਪਤਾ ਨਹੀਂ ਹੋਵੇਗਾ ਕਿ ਰਿਮੋਟ ਸੰਚਾਲਤ ਡ੍ਰੋਨ ਅਮਰੀਕਾ ਦਾ ਹੈ, ਪਰ ਹੁਣ ਉਸ ਨੂੰ ਨਿਸ਼ਚਿਤ ਤੌਰ ‘ਤੇ ਪਤਾ ਹੋਵੇਗਾ ਕਿ ਡ੍ਰੋਨ ਕਿਸ ਦਾ ਹੈ? ਮੈਨੂੰ ਨਹੀਂ ਪਤਾ ਕਿ ਹੁਣ ਉਹ ਕਿੱਥੇ ਹੈ, ਪਰ ਮੈਂ ਉਸ ਨੂੰ ਲੈ ਕੇ ਕੋਈ ਸੌਦਾ ਨਹੀਂ ਕਰਨ ਜਾ ਰਿਹਾ ਹਾਂ।’