ਲਿਬਰਲਜ਼ ਹਾਕੀ: ਸਿੰਧ ਬੈਂਕ ਤੇ ਸਿਗਨਲਜ਼ ਫਾਈਨਲ ’ਚ

ਪੰਜਾਬ ਐਂਡ ਸਿੰਧ ਬੈਂਕ ਅਤੇ ਸਿਗਨਲਜ਼ ਕੋਰ ਦੀਆਂ ਟੀਮਾਂ ਇੱਥੇ ਜਾਰੀ ਜੀ.ਐੱਸ. ਬੈਂਸ ਲਿਬਰਲਜ਼ ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚ ਗਈਆਂ ਹਨ। ਅੱਜ ਹੋਏ ਸੈਮੀਫਾਈਨਲ ਮੁਕਾਬਲਿਆਂ ’ਚ ਪੰਜਾਬ ਐਂਡ ਸਿੰਧ ਬੈਂਕ ਨੇ ਏ.ਐੱਸ.ਸੀ ਬੰਗਲੁਰੂ ਅਤੇ ਸਿਗਨਲਜ਼ ਕੋਰ ਜਲੰਧਰ ਨੇ ਈ.ਐਮ.ਈ. ਨੂੰ ਹਰਾ ਦਿੱਤਾ। ਫਾਈਨਲ ਮੈਚ ਸ਼ਨਿਚਰਵਾਰ ਨੂੰ ਹੋਵੇਗਾ। ਸਿੰਧ ਬੈਂਕ ਅਤੇ ਏ.ਐੱਸ.ਸੀ ਵਿਚਾਲੇ ਹੋਇਆ ਮੈਚ ਪੰਜਾਬ ਐਂਡ ਸਿੰਧ ਬੈਂਕ ਦੀ ਟੀਮ ਨੇ 4-1 ਨਾਲ ਜਿੱਤਿਆ। ਬੈਂਕ ਦੀ ਟੀਮ ਵੱਲੋਂ ਅਸ਼ੀਸ਼ਪਾਲ ਸ਼ਰਮਾ ਨੇ 12ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ 1-0 ਦੀ ਲੀਡ ਦਿਵਾਈ। ਏ.ਐਸ.ਸੀ ਦੀ ਟੀਮ ਨੇ ਜਵਾਬੀ ਹਮਲਾ ਕਰਦਿਆਂ ਐੱਸ.ਟੋਪੋ ਵੱਲੋਂ ਦਾਗੇ ਗੋਲ ਦੀ ਬਦੌਲਤ ਦੋਵਾਂ ਟੀਮਾਂ ਨੂੰ ਬਰਾਬਰ ਕਰ ਦਿੱਤਾ। ਅਸ਼ੀਸ਼ਪਾਲ ਨੇ 27ਵੇਂ ਮਿੰਟ ਅਤੇ 55ਵੇਂ ਮਿੰਟ ਵਿੱਚ ਦੋ ਗੋਲ ਕੀਤੇ। ਹਰਮਨਜੀਤ ਨੇ 44ਵੇਂ ਮਿੰਟ ਵਿੱਚ ਇੱਕ ਹੋਰ ਗੋਲ ਕੀਤਾ। ਏ.ਐੱਸ.ਸੀ. ਦੀ ਟੀਮ ਨੂੰ ਗੋਲ ਕਰਨ ਦੀ ਕਈ ਮੌਕੇ ਮਿਲੇ ਪਰ ਉਹ ਇਸ ਦਾ ਲਾਹਾ ਨਹੀਂ ਲੈ ਸਕੇ। ਦੂਜਾ ਸੈਮੀਫਾਈਨਲ ਸਿਗਨਲਜ਼ ਕੋਰ ਤੇ ਈ.ਐਮ.ਈ. ਜਲੰਧਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਹ ਮੈਚ ਇੱਕਪਾਸੜ ਰਿਹਾ। ਮੈਚ ਦੇ ਸ਼ੁਰੂ ਵਿੱਚ ਹੀ ਸਿਗਨਲਜ਼ ਦੀ ਟੀਮ ਨੇ ਵਿਰੋਧੀ ਟੀਮ ’ਤੇ ਦਬਾਅ ਬਣਾ ਦਿੱਤਾ ਤੇ ਗੋਲ ਕਰਨ ਦਾ ਕੋਈ ਮੌਕਾ ਨਾ ਦਿੱਤਾ। ਕੋਰ ਦੀ ਟੀਮ ਵੱਲੋਂ ਮਿਹਰ ਸਿੰਘ ਨੇ ਪੈਨਲਟੀ ਕਾਰਨਰ ਦੁਆਰਾ ਗੋਲ ਕਰਕੇ ਟੀਮ ਨੂੰ 1-0 ਦੀ ਲੀਡ ਦਿਵਾਈ। ਮੈਚ ਦੇ 24ਵੇਂ ਮਿੰਟ ਵਿੱਚ ਅਰੁਣ ਕੁਮਾਰ ਨੇ ਗੋਲ ਕਰਕੇ ਸਿਗਨਲਜ਼ ਟੀਮ ਦੀ ਲੀਡ 2-0 ਨਾਲ ਦੁੱਗਣਾ ਕਰ ਦਿੱਤਾ। ਜਤਿੰਦਰ ਸਿੰਘ ਨੇ 42ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਦੀ ਲੀਡ ਨੂੰ 3-0 ਕਰ ਦਿੱਤਾ।

Previous articleਓਲੰਪਿਕ ਤੋਂ ਪਹਿਲਾਂ ਫਿਟਨੈੱਸ ਹਾਸਲ ਕਰਨੀ ਜ਼ਰੂਰੀ: ਰਾਣੀ
Next articleਫ਼ੌਰੀ ਸੁਣਵਾਈ ਲਈ ਵਕੀਲ ਪਹਿਲਾਂ ਰਜਿਸਟਰਾਰ ਨਾਲ ਕੇਸ ਵਿਚਾਰਨ: ਬੋਬੜੇ