ਆਪਣੀ ਕਾਰ ਵਿਚ ਸਵਾਰੀਆਂ ਨੂੰ ਲਿਫਟ ਦੇਣ ਦੇ ਬਹਾਨੇ ਬਿਠਾ ਕੇ ਉਨ੍ਹਾਂ ਦਾ ਸਾਮਾਨ ਲੁੱਟਣ ਵਾਲੇ ਵਿਅਕਤੀ ਨੂੰ ਪੁਲੀਸ ਨੇ ਚੋਰੀ ਦੀ ਕਾਰ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਕਰਤਾਰਪੁਰ ਰਣਜੀਤ ਸਿੰਘ ਨੇ ਦੱਸਿਆ ਕਿ ਇੰਦਰਜੀਤ ਵਾਸੀ ਕਾਹਲਵਾਂ ਥਾਣਾ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਚੋਰੀ ਦੀ ਕਾਰ ਵਿਚ ਮੁੱਖ ਸੜਕਾਂ ’ਤੇ ਨਿਕਲਦਾ ਸੀ। ਇਕੱਲੀ ਖੜ੍ਹੀ ਸਵਾਰੀ ਨੂੰ ਲਿਫਟ ਦੇਣ ਬਹਾਨੇ ਆਪਣੀ ਕਾਰ ਵਿਚ ਬਿਠਾ ਲੈਂਦਾ ਸੀ। ਰਸਤੇ ਵਿਚ ਰੁਕ ਕੇ ਚਾਹ ਪੀਣ ਦੇ ਬਹਾਨੇ ਸਵਾਰੀ ਨੂੰ ਚਾਹ ਵਿਚ ਨਸ਼ੀਲੀਆਂ ਗੋਲੀਆਂ ਘੋਲ ਕੇ ਪਿਲਾਉਣ ਉਪਰੰਤ ਬੇਹੋਸ਼ੀ ਦੀ ਹਾਲਤ ਵਿਚ ਸਾਮਾਨ ਲੁੱਟਦਾ ਸੀ ਤੇ ਬੇਅਬਾਦ ਜਗ੍ਹਾ ਵਿਚ ਸਵਾਰੀ ਨੂੰ ਸੁੱਟ ਦਿੰਦਾ ਸੀ।
ਡੀਐਸਪੀ ਰਣਜੀਤ ਸਿੰਘ ਨੇ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇੰਦਰਜੀਤ ਵੱਲੋਂ ਦਿੱਤੀ ਨਸ਼ੀਲੀ ਦਵਾਈ ਪੀਣ ਕਾਰਨ ਥਾਣਾ ਮਹੂਆ ਜ਼ਿਲ੍ਹਾ ਦੌਸਾ (ਰਾਜਸਥਾਨ) ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਜਿਸ ਵਿਚ ਕਥਿਤ ਦੋਸ਼ੀ ਇੰਦਰਜੀਤ ਨੂੰ 7 ਸਾਲਾਂ ਦੀ ਸਜ਼ਾ ਹੋਈ ਸੀ। ਜ਼ਮਾਨਤ ’ਤੇ ਆਉਣ ਉਪਰੰਤ ਉਸ ਨੇ ਜਨਤਾ ਟੈਕਸੀ ਸਟੈਂਡ ਲੁਧਿਆਣਾ ਤੋਂ ਚਿੰਤਪੂਰਨੀ ਜਾਣ ਲਈ ਸਵਿਫਟ ਕਾਰ ਕਿਰਾਏ ’ਤੇ ਲਈ। ਡਰਾਈਵਰ ਨੂੰ ਨਸ਼ੀਲੀ ਚਾਹ ਪਿਲਾ ਕੇ ਕਾਰ ਖੋਹ ਲਈ ਜਿਸ ਨੂੰ ਹਿਮਾਚਲ ਪੁਲੀਸ ਨੇ ਫੜ ਲਿਆ ਤੇ ਧਰਮਸ਼ਾਲਾ ਜੇਲ੍ਹ ਵਿਚ ਰਿਹਾ। ਜਿਥੋਂ ਜ਼ਮਾਨਤ ’ਤੇ ਆਉਣ ਤੋਂ ਬਾਅਦ ਫਰੀਦਾਬਾਦ ਤੋਂ ਸਵਿਫਟ ਕਾਰ ਕਿਰਾਏ ’ਤੇ ਲਈ ਅਤੇ ਮੇਰਠ ਦੇ ਥਾਣਾ ਦੋਗਲਾ ਵਿਚ ਗੱਡੀ ਖੋਹ ਕੇ ਜਾਅਲੀ ਨੰਬਰ ਲਾ ਕੇ ਫਿਰ ਤੋਂ ਵਾਰਦਾਤਾਂ ਕਰਨ ਲੱਗਾ। ਫੜੇ ਗਏ ਵਿਅਕਤੀ ਨੇ ਪੀਏਪੀ ਚੌਕ ਤੋਂ ਗੁਰਪ੍ਰੀਤ ਸਿੰਘ ਨਾਮੀ ਵਿਅਕਤੀ ਨੂੰ ਲਿਫਟ ਦੇ ਬਹਾਨੇ ਕਾਰ ਵਿਚ ਬਿਠਾਇਆ ਤੇ ਕਾਲਾ ਬੱਕਰਾ ਕੋਲ ਉਸ ਨੂੰ ਨਸ਼ੀਲੀ ਚਾਹ ਪਿਲਾ ਕੇ ਉਸ ਕੋਲੋਂ 45 ਹਜ਼ਾਰ ਰੁਪਏ, ਮੋਬਾਈਲ ਫੋਨ ਤੇ ਹੋਰ ਸਾਮਾਨ ਲੁੱਟਿਆ ਸੀ।
ਨਸ਼ੀਲੀ ਚਾਹ ਪਿਲਾ ਕੇ ਲੁੱਟਣ ਵਾਲੇ ਵਿਅਕਤੀ ਨੂੰ ਮਕਸੂਦਾਂ ਪੁਲੀਸ ਨੇ ਥਾਣਾ ਮੁਖੀ ਜਰਨੈਲ ਸਿੰਘ ਦੀ ਅਗਵਾਈ ਵਿਚ ਨਾਕਾ ਲਾ ਕੇ ਬਿਧੀਪੁਰ ਨੇੜਿਓਂ ਕਾਬੂ ਕੀਤਾ ਹੈ। ਫੜੇ ਗਏ ਵਿਅਕਤੀ ਖਿਲਾਫ ਕਾਂਗੜਾ, ਮੇਰਠ, ਮੂਰਥਲ, ਆਦਮਪੁਰ ਤੇ ਮਕਸੂਦਾਂ ਥਾਣਿਆਂ ਵਿਚ ਪਹਿਲਾਂ ਵੀ ਲੁੱਟ ਖੋਹ ਦੇ ਮੁਕੱਦਮੇ ਦਰਜ ਸਨ।
INDIA ਲਿਫ਼ਟ ਦੇ ਕੇ ਸਵਾਰੀਆਂ ਦਾ ਸਾਮਾਨ ਲੁੱਟਣ ਵਾਲਾ ਗ੍ਰਿਫ਼ਤਾਰ