ਲਿਟਲ ਫਲਾਵਰ ਸਕੂਲ ਦੇ ਵਿਦਿਆਰਥੀ ਟਰਾਈਸਿਟੀ ’ਚ ਛਾਏ

ਦਿ ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ (ਸੀਆਈਐੱਸਸੀਈ) ਵੱਲੋਂ ਅੱਜ ਇੰਡੀਅਨ ਸਰਟੀਫਿਕੇਟ ਫਾਰ ਸੈਕੰਡਰੀ ਐਜੂਕੇਸ਼ਨ (ਆਈਸੀਐੱਸਈ ਦਸਵੀਂ) ਤੇ ਇੰਡੀਅਨ ਸਕੂਲ ਸਰਟੀਫਿਕੇਟ (ਆਈਐੱਸਸੀ ਬਾਰ੍ਹਵੀਂ) ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਦਸਵੀਂ ਦੇ ਨਤੀਜੇ ਵਿਚ ਪੰਚਕੂਲਾ ਦੇ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਬੱਚਿਆਂ ਦੀ ਝੰਡੀ ਰਹੀ। ਟਰਾਈਸਿਟੀ ਵਿਚ ਲਿਟਲ ਫਲਾਵਰ ਸਕੂਲ ਦੀ ਆਦਿਤੀ ਸਿੰਗਲਾ ਨੇ 98.6 ਫੀਸਦੀ ਅੰਕ ਲੈ ਕੇ ਟੌਪ ਕੀਤਾ। ਸਟਰਾਅਬੇਰੀ ਸਕੂਲ ਸੈਕਟਰ-26 ਦੇ ਪਵਿਤ ਭੱਲਾ ਤੇ ਲਿਟਲ ਫਲਾਵਰ ਸਕੂਲ ਦੀ ਰਾਘਵ ਗੋਇਲ ਨੇ 98.4 ਫੀਸਦੀ ਅੰਕ ਲੈ ਕੇ ਸਾਂਝਾ ਦੂਜਾ ਸਥਾਨ ਹਾਸਲ ਕੀਤਾ। ਤੀਜੇ ਸਥਾਨ ’ਤੇ ਵੀ ਲਿਟਲ ਫਲਾਵਰ ਸਕੂਲ ਦੀ ਗਰਿਮਾ ਗਰਗ ਰਹੀ ਜਿਸ ਨੇ 98.2 ਫੀਸਦੀ ਅੰਕ ਹਾਸਲ ਕੀਤੇ। ਬਾਰ੍ਹਵੀਂ ਦੇ ਨਤੀਜੇ ਵਿਚ ਕਾਮਰਸ ਸਟਰੀਮ ਵਿਚ ਸੇਂਟ ਜ਼ੇਵੀਅਰ ਸਕੂਲ ਸੈਕਟਰ-44 ਦੇ ਹਰਿਤਾਭ ਹਰਸ਼ਿਤ ਨੇ 99 ਫੀਸਦੀ ਅੰਕ ਲੈ ਕੇ ਟਰਾਈਸਿਟੀ ਵਿਚ ਟੌਪ ਕੀਤਾ। ਮੈਡੀਕਲ ਸਟਰੀਮ ਵਿਚ ਸਟਰਾਅਬੇਰੀ ਫੀਲਡਜ਼ ਸਕੂਲ ਸੈਕਟਰ-26 ਦੇ ਅਕਸ਼ਿਤ ਛਾਬੜਾ ਨੇ 96.25 ਫੀਸਦੀ, ਨਾਨ-ਮੈਡੀਕਲ ਵਿਚ ਯਾਦਵਿੰਦਰਾ ਪਬਲਿਕ ਸਕੂਲ ਮੁਹਾਲੀ ਦੀ ਤਰਨਦੀਪ ਕੌਰ ਨੇ 98.5 ਫੀਸਦੀ ਤੇ ਆਰਟਸ ਸਟਰੀਮ ਵਿਚ ਸਟਰਾਅਬੇਰੀ ਸਕੂਲ ਦੇ ਚੇਤੰਨਿਆ ਗੁਪਤਾ ਨੇ 99.5 ਫੀਸਦੀ ਅੰਕ ਹਾਸਲ ਕਰਕੇ ਟੌਪ ਕੀਤਾ। ਸੇਂਟ ਜ਼ੇਵੀਅਰ ਦੇ ਕਾਮਰਸ ਟੌਪਰ ਹਰਿਤਾਭ ਦੇ ਪਿਤਾ ਐੱਸਬੀਆਈ ਵਿਚ ਅਧਿਕਾਰੀ ਹਨ ਤੇ ਮਾਂ ਘਰੇਲੂ ਸੁਆਣੀ ਹੈ। ਹਰਿਤਾਭ ਨੇ ਦੱਸਿਆ ਕਿ ਉਸ ਨੇ ਰੋਜ਼ਾਨਾ ਚਾਰ ਤੋਂ ਪੰਜ ਘੰਟੇ ਪੜ੍ਹਾਈ ਕੀਤੀ ਤੇ ਸੋਸ਼ਲ ਮੀਡੀਆ ਵਿਚ ਅਕਾਊਂਟ ਤਾਂ ਬਣਾਏ ਪਰ ਇਨ੍ਹਾਂ ਤੋਂ ਦੂਰੀ ਬਣਾਈ ਰੱਖੀ। ਉਸ ਨੇ ਦੱਸਿਆ ਕਿ ਉਹ ਆਪਣੀ ਮਾਤਾ ਦੇ ਫੋਨ ਨੰਬਰ ਤੋਂ ਹੀ ਵਟਸਐਪ ਚਲਾ ਕੇ ਅਧਿਆਪਕਾਂ ਤੋਂ ਨੋਟਸ ਹਾਸਲ ਕਰਦਾ ਰਿਹਾ ਹੈ। ਹਰਿਤਾਭ ਆਈਐਫਐਸ ਵਿਚ ਜਾਣ ਦਾ ਚਾਹਵਾਨ ਹੈ ਤੇ ਉਹ ਫੁਰਸਤ ਦੇ ਪਲਾਂ ਵਿਚ ਫੁਟਬਾਲ ਖੇਡ ਕੇ ਤਣਾਅ ਨੂੰ ਦੂਰ ਕਰਦਾ ਰਿਹਾ ਹੈ। ਸਟਰਾਅਬੇਰੀ ਦੇ ਪਵਿਤ ਭੱਲਾ ਦੇ 98.4 ਫੀਸਦੀ ਅੰਕ ਆਏ ਹਨ। ਉਸ ਦੱਸਿਆ ਕਿ ਪ੍ਰੀਖਿਆ ਦੇ ਦਿਨਾਂ ਵਿਚ ਤਣਾਅ ਆਮ ਗੱਲ ਹੈ ਪਰ ਉਸ ਨੇ ਕਦੀ ਵੀ ਤਣਾਅ ਨੂੰ ਆਪਣੇ ’ਤੇ ਹਾਵੀ ਨਹੀਂ ਹੋਣ ਦਿੱਤਾ। ਪਵਿਤ ਦੇ ਮਾਪੇ ਡਾਕਟਰ ਹਨ ਤੇ ਉਹ ਵੀ ਡਾਕਟਰ ਬਣਨ ਦਾ ਚਾਹਵਾਨ ਹੈ। ਉਹ ਰੋਜ਼ਾਨਾ ਛੇ ਘੰਟੇ ਤਕ ਪੜ੍ਹਦਾ ਰਿਹਾ ਹੈ ਤੇ ਫੁਰਸਤ ਦੇ ਪਲਾਂ ਵਿਚ ਤੇਜ਼ ਤੁਰਨਾ ਪਸੰਦ ਕਰਦਾ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ ਵਿਚ ਆਈਸੀਐੱਸਈ ਦੇ ਚਾਰ ਸਕੂਲ ਹਨ ਜਿਨ੍ਹਾਂ ਵਿਚ ਸੇਂਟ ਜ਼ੇਵੀਅਰ ਸਕੂਲ ਸੈਕਟਰ-44, ਟੈਂਡਰ ਹਾਰਟ ਸਕੂਲ ਸੈਕਟਰ-33, ਸੇਂਟ ਸਟੀਫਨ ਸੈਕਟਰ-45 ਤੇ ਸਟਰਾਬਰੀ ਫੀਲਡ ਸਕੂਲ ਸੈਕਟਰ-26 ਸ਼ਾਮਲ ਹਨ।

Previous article‘ਵਿਸ਼ਵ ਦੀ ਤੀਜੀ ਵੱਡੀ ਆਰਥਿਕ ਸ਼ਕਤੀ ਬਣੇਗਾ ਭਾਰਤ’
Next articleਸੜਕ ਹਾਦਸੇ ਵਿੱਚ ਪਿਉ-ਪੁੱਤਰ ਹਲਾਕ