ਲਾਸ਼ਾਂ ਗਿਣਨਾ ਸਾਡਾ ਕੰਮ ਨਹੀਂ: ਧਨੋਆ

‘ਮਾਰੇ ਗਏ ਦਹਿਸ਼ਤਗਰਦਾਂ ਦੀ ਗਿਣਤੀ ਬਾਰੇ ਦੱਸਣਾ ਸਰਕਾਰ ਦਾ ਕੰਮ, ਸੈਨਾ ਦਾ ਕੰਮ ਨਿਸ਼ਾਨੇ ਫੁੰਡਣਾ’

ਬਾਲਾਕੋਟ ਹਵਾਈ ਹਮਲਿਆਂ ਵਿੱਚ ਮਾਰੇ ਗਏ ਜੈਸ਼ ਦਹਿਸ਼ਤਗਰਦਾਂ ਦੀ ਗਿਣਤੀ ਨੂੰ ਲੈ ਕੇ ਜਾਰੀ ਬਹਿਸ ਦਰਮਿਆਨ ਭਾਰਤੀ ਹਵਾਈ ਫ਼ੌਜ ਦੇ ਮੁਖੀ ਬੀ.ਐਸ.ਧਨੋਆ ਨੇ ਅੱਜ ਕਿਹਾ ਕਿ ਸਾਡਾ ਕੰਮ ਮਾਰਨ ਦਾ ਹੈ, ਲਾਸ਼ਾਂ ਗਿਣਨ ਦਾ ਨਹੀਂ। ਉਨ੍ਹਾਂ ਕਿਹਾ ਕਿ ਮਾਰੇ ਗਏ ਦਹਿਸ਼ਤਗਰਦਾਂ ਦੀ ਤਫ਼ਸੀਲ ਮੁਹੱਈਆ ਕਰਵਾਉਣਾ ਸਰਕਾਰ ਦਾ ਕੰਮ ਹੈ। ਹਵਾਈ ਫੌਜ ਇਨ੍ਹਾਂ ਹਮਲਿਆਂ ਨੂੰ ਮਹਿਜ਼ ਨਿਸ਼ਾਨਾ ਫੁੰਡਣ ਜਾਂ ਫੁੰਡਣ ਵਿੱਚ ਨਾਕਾਮ ਰਹਿਣ ਦੀ ਨਜ਼ਰ ਨਾਲ ਵੇਖਦੀ ਹੈ। ਉਨ੍ਹਾਂ ਕਿਹਾ ਕਿ ਅਭਿਨੰਦਨ ਦੀ ਫਿੱਟਨੈਸ ਸਬੰਧੀ ਕੋਈ ਜੋਖ਼ਮ ਨਹੀਂ ਲਿਆ ਜਾ ਸਕਦਾ ਤੇ ਪੂਰੀ ਤਰ੍ਹਾਂ ਫ਼ਿੱਟ ਹੋਣ ਮਗਰੋਂ ਹੀ ਉਸਦੀ ਏਅਰ ਫੋਰਸ ’ਚ ਵਾਪਸੀ ਹੋਵੇਗੀ। ਹਵਾਈ ਫੌਜ ਮੁਖੀ ਨੇ ਕਿਹਾ ਕਿ ਬੰਗਲੌਰ ਵਿੱਚ ਏਅਰ ਸ਼ੋਅ ਦੀ ਰਿਹਰਸਲ ਦੌਰਾਨ ਅਤੇ ਪਿਛਲੇ ਹਫ਼ਤੇ ਕਸ਼ਮੀਰ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਦੀ ਜਾਂਚ ਕਰਵਾਈ ਜਾਵੇਗੀ। ਹਵਾਈ ਹਮਲਿਆਂ ਤੋਂ ਇਕ ਹਫ਼ਤੇ ਮਗਰੋਂ ਪਹਿਲੀ ਵਾਰ ਮੀਡੀਆ ਦੇ ਰੂਬਰੂ ਹੁੰਦਿਆਂ ਸ੍ਰੀ ਧਨੋਆ ਨੇ ਕਿਹਾ, ‘ਅਸੀਂ ਜੰਗ ਵਿੱਚ ਮਾਰਦੇ ਹਾਂ, ਲਾਸ਼ਾਂ ਦੀ ਗਿਣਤੀ ਨਹੀਂ ਕਰਦੇ। ਅਸੀਂ ਫੁੰਡੇ ਗਏ ਜਾਂ ਫੁੰਡਣ ਤੋਂ ਰਹਿ ਗਏ ਨਿਸ਼ਾਨਿਆਂ ਦੀ ਹੀ ਗਿਣਤੀ ਕਰਦੇ ਹਾਂ।’ ਹਵਾਈ ਫੌਜ ਮੁਖੀ ਨੇ ਕਿਹਾ ਕਿ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਜੇਕਰ ਫ਼ਿੱਟ ਹੋਇਆ ਤਾਂ ਉਹ ਲੜਾਕੂ ਜਹਾਜ਼ ਜ਼ਰੂਰ ਉਡਾਵੇਗ। ਉਨ੍ਹਾਂ ਕਿਹਾ, ‘ਅਸੀਂ ਪਾਇਲਟ ਦੀ ਮੈਡੀਕਲ ਫਿਟਨੈੱਸ ਨਾਲ ਕੋਈ ਜੋਖ਼ਮ ਨਹੀਂ ਲੈ ਸਕਦੇ।’ ਬਾਲਾਕੋਟ ਹਮਲਿਆਂ ਦੀ ਗੱਲ ਕਰਦਿਆਂ ਧਨੋਆ ਨੇ ਕਿਹਾ ਕਿ ਹਵਾਈ ਫੌਜ ਇਸ ਵੇਲੇ ਇਹ ਦੱਸਣ ਦੀ ਹਾਲਤ ਵਿੱਚ ਨਹੀਂ ਹੈ ਕਿ ਜੈਸ਼ ਦੇ ਦਹਿਸ਼ਤੀ ਕੈਂਪ ’ਤੇ ਹਮਲੇ ਮੌਕੇ ਅੰਦਰ ਕਿੰਨੇ ਲੋਕ ਮੌਜੂਦ ਸਨ। ਹਵਾਈ ਫੌਜ ਮੁਖੀ ਨੇ ਕਿਹਾ ਕਿ ਕਿਸੇ ਵੀ ਮਿਸ਼ਨ ਮਗਰੋਂ ਬੰਬ ਨਾਲ ਹੋਏ ਨੁਕਸਾਨ ਦਾ ਮੁਲਾਂਕਣ ਕੀਤੇ ਜਾਣ ਮੌਕੇ ਸਿਰਫ਼ ਇਹੀ ਹਿਸਾਬ ਲਾਇਆ ਜਾਂਦਾ ਹੈ ਕਿ ਨਿਸ਼ਾਨਾ ਫੁੰਡਿਆ ਗਿਆ ਹੈ ਜਾਂ ਨਹੀਂ। ਉਨ੍ਹਾਂ ਕਿਹਾ, ‘ਅਸੀਂ ਇਹ ਗਿਣਤੀ ਨਹੀਂ ਕਰ ਸਕਦੇ ਕਿ ਕਿੰਨੇ ਲੋਕ ਮਾਰੇ ਗਏ ਹਨ। ਇਹ ਇਸ ਗੱਲ ’ਤੇ ਮੁਨੱਸਰ ਕਰਦਾ ਹੈ ਕਿ ਉਥੇ (ਕੈਂਪ ਵਿੱਚ) ਕਿੰਨੇ ਲੋਕ ਮੌਜੂਦ ਸਨ।’ ਉਂਜ ਸ੍ਰੀ ਧਨੋਆ ਨੇ ਸਾਫ਼ ਕਰ ਦਿੱਤਾ ਕਿ ਹਮਲੇ ਵਿੱਚ ਮਾਰੇ ਗਏ ਦਹਿਸ਼ਤਗਰਦਾਂ ਦੀ ਗਿਣਤੀ ਬਾਰੇ ਬਿਆਨ ਸਰਕਾਰ ਵੱਲੋਂ ਜਾਰੀ ਕੀਤਾ ਜਾਵੇਗਾ। ਬਾਲਾਕੋਟ ਵਿੱਚ ਸੁੱਟੇ ਗਏ ਬੰਬ ਨਿਸ਼ਾਨੇ ਤੋਂ ਖੁੰਝਣ ਸਬੰਧੀ ਰਿਪੋਰਟਾਂ ਬਾਰੇ ਪੁੱਛੇ ਜਾਣ ’ਤੇ ਧਨੋਆ ਨੇ ਕਿਹਾ, ‘ਸਾਡੀਆਂ ਰਿਪੋਰਟਾਂ ਤਾਂ ਕੁਝ ਹੋਰ ਕਹਾਣੀ ਬਿਆਨ ਕਰਦੀਆਂ ਹਨ।’ ਉਨ੍ਹਾਂ ਕਿਹਾ, ‘ਵਿਦੇਸ਼ ਸਕੱਤਰ ਨੇ ਜਿਵੇਂ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਨਿਸ਼ਾਨਾ ਫੁੰਡਿਆ ਗਿਆ ਹੈ, ਅਸੀਂ ਉਸ ’ਤੇ ਕਾਇਮ ਹਾਂ। ਅਤੇ ਜੇਕਰ ਨਿਸ਼ਾਨੇ ਨਾ ਫੁੰਡੇ ਜਾਂਦੇ ਤਾਂ ਪਾਕਿਸਤਾਨ ਨੂੰ ਜਵਾਬੀ ਕਾਰਵਾਈ ਕਰਨ ਦੀ ਕੀ ਲੋੜ ਸੀ।’ ਪਾਕਿਸਤਾਨ ਵੱਲੋਂ ਪਿਛਲੇ ਹਫ਼ਤੇ ਭਾਰਤ ਖ਼ਿਲਾਫ਼ ਵਿਖਾਏ ਹਮਲਾਵਰ ਰੁਖ਼ ਦੌਰਾਨ ਐਫ਼16 ਲੜਾਕੂ ਜਹਾਜ਼ ਵਰਤੇ ਜਾਣ ਦੀ ਗੱਲ ਕਰਦਿਆਂ ਸ੍ਰੀ ਧਨੋਆ ਨੇ ਕਿਹਾ ਕਿ ਪਾਕਿਸਤਾਨ ਨੇ ਅਜਿਹਾ ਕਰਕੇ ਅਮਰੀਕਾ ਨਾਲ ਹੋਏ ਕਰਾਰ ਦੀ ਉਲੰਘਣਾ ਕੀਤੀ ਹੈ। ਭਾਰਤ ਕੋਲ ਅਮਰਾਮ ਮਿਜ਼ਾਈਲ ਦੇ ਟੁਕੜਿਆਂ ਦੇ ਰੂਪ ਵਿੱਚ ਇਸ ਬਾਬਤ ਸਬੂਤ ਮੌਜੂਦ ਹੈ। ਸ੍ਰੀ ਧਨੋਆ ਨੇ ਕਿਹਾ ਕਿ ਰਾਫ਼ਾਲ ਲੜਾਕੂ ਜਹਾਜ਼ ਸਤੰਬਰ ਤਕ ਭਾਰਤ ਦੀ ਫ਼ਹਿਰਿਸਤ ਵਿੱਚ ਸ਼ਾਮਲ ਹੋ ਜਾਣਗੇ। ਉਂਜ ਹਵਾਈ ਫੌਜ ਮੁਖੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਬਿਆਨ ਕਿ ਜੇਕਰ ਭਾਰਤ ਕੋਲ ਰਾਫ਼ਾਲ ਜੈੱਟ ਹੁੰਦੇ ਤਾਂ ਸਥਿਤੀ (ਪਾਕਿਸਤਾਨ ਨਾਲ ਮੌਜੂਦਾ ਹਵਾਈ ਟਕਰਾਅ ਦੌਰਾਨ) ਕੁਝ ਹੋਰ ਹੁੰਦੀ, ਬਾਰੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਹਵਾਈ ਟਕਰਾਅ ਦੌਰਾਨ ਪਾਕਿਸਤਾਨ ਦੇ ਆਧੁਨਿਕ ਹਥਿਆਰਾਂ ਨਾਲ ਲੈਸ ਐਫ਼ 16 ਨਾਲ ਮਿੱਗ 21 ਬਾਇਸਨ ਨੂੰ ਭੇੜਨ ਬਾਰੇ ਪੁੱਛਣ ’ਤੇ ਧਨੋਆ ਨੇ ਕਿਹਾ, ‘ਜਦੋਂ ਕਦੇ ਵੀ ਦੁਸ਼ਮਣ ਹਮਲਾ ਕਰਦਾ ਹੈ, ਉਦੋਂ ਹਰ ਜਹਾਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਮਿੱਗ 21 ਬਾਇਸਨ ਪੂਰੀ ਤਰ੍ਹਾਂ ਸਮਰੱਥ ਹੈ। ਇਸ ਨੂੰ ਅੱਪਗ੍ਰੇਡ ਕਰਕੇ ਇਸ ਵਿੱਚ ਬਿਹਤਰ ਹਥਿਆਰ, ਰਾਡਾਰ, ਹਵਾ ਤੋਂ ਹਵਾ ’ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਬੀੜੀਆਂ ਗਈਆਂ ਹਨ। ਸ੍ਰੀ ਧਨੋਆ ਨੇ ਕਿਹਾ ਕਿ 19 ਫਰਵਰੀ ਨੂੰ ਬੰਗਲੌਰ ਵਿੱਚ ਏਅਰ ਸ਼ੋਅ ਦੀ ਰਿਹਰਸਲ ਦੌਰਾਨ ਅਤੇ ਕਸ਼ਮੀਰ ਵਿੱਚ ਪਿਛਲੇ ਹਫ਼ਤੇ ਕਰੈਸ਼ ਹੋਏ ਹੈਲੀਕਾਪਟਰ ਹਾਦਸਿਆਂ ਦੀ ਜਾਂਚ ਕੀਤੀ ਜਾਵੇਗੀ।

Previous articleO.P. Jindal Global varsity, University of Wollongong ink strategic partnership
Next articleਉਮਰਾਨੰਗਲ ਤੇ ਚਰਨਜੀਤ ਸ਼ਰਮਾ ਦੀਆਂ ਜੇਲ੍ਹਾਂ ਤਬਦੀਲ ਕਰਨ ਦੇ ਹੁਕਮ