ਲਾਕਡਾਉਨ ਦੌਰਾਨ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ

– ਗੁਰਬਿੰਦਰਜੀਤ ਕੌਰ,
         ਚੀਨ ਤੋਂ ਸ਼ੁਰੂ ਹੋਇਆ ਕੋਵਿਡ-19 ਅੱਜ ਪੂਰੀ ਦੁਨੀਆਂ ਵਿੱਚ ਪੈਰ ਪਸਾਰ ਚੁੱਕਾ ਹੈ । ਇਸ ਤੋਂ ਸੁਰੱਖਿਆ ਲਈ ਸਾਡੇ ਦੇਸ਼ ਵਿੱਚ ਬਿਨ੍ਹਾਂ ਪੂਰਵ ਜਾਣਕਾਰੀ ਦੇ ਲਾਕਡਾਉਨ ਦਾ ਐਲਾਨ ਕਰ ਦਿੱਤਾ ਗਿਆ ਸੀ । ਕਿਉਂਕਿ ਇਸ ਘਾਤਕ ਬਿਮਾਰੀ ਦੀ ਲੜ੍ਹੀ ਨੂੰ ਤੋੜਨ ਦਾ ਕੇਵਲ ਇਹੋ ਸਹੀ ਤਰੀਕਾ ਸੀ। ਲਾਕਡਾਉਨ ਹੋਇਆਂ ਹੁਣ ਤੱਕ ਇੱਕ ਮਹੀਨੇ ਤੋਂ ਵੀ ਉੱਪਰ ਸਮਾਂ ਲੰਘ ਗਿਆ ਹੈ। ਜਿਸ ਨਾਲ ਲੱਗਭਗ ਹਰੇਕ ਵਰਗ ਦੇ ਲੋਕ ਪ੍ਰਭਾਵਿਤ ਹੋਏ ਹਨ । ਜਿੰਦਗੀ ਦੀ ਰਫਤਾਰ ਜਿਵੇਂ ਰੁਕ ਹੀ ਗਈ ਹੈ। ਜੇਕਰ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਉਨਾਂ ਦੀਆਂ  ਬੋਰਡ ਦੀਆਂ ਪ੍ਰੀਖਿਆਵਾਂ ਨੂੰ  ਵਿਚਕਾਰ ਹੀ ਰੋਕਣਾ ਪਿਆ ਸੀ।  ਯੁਨੀਵਰਸਿਟੀਆਂ ਦੀਆਂ ਤਾਂ ਅਜੇ ਕਲਾਸਾਂ ਵੀ ਰਹਿੰਦੀਆਂ ਸਨ ਅਤੇ ਪ੍ਰੀਖੀਆਵਾਂ ਵੀ ਬਾਕੀ ਹਨ। ਇਸ ਨਾਲ ਵਿਦਿਆਰਥੀਆਂ ਤੇ ਮਾਨਸਿਕ ਬੋਝ ਪਿਆ ਹੋਇਆ ਹੈ  ਕਿਉਂਕਿ ਉਹ ਆਪਣੀਆਂ ਪ੍ਰੀਖਿਆਵਾਂ ਲਈ ਫਿਕਰਮੰਦ ਹਨ । ਕਈ ਵਿਦਿਆਰਥੀਆਂ ਦੇ ਨਤੀਜੇ ਤਾਂ ਆਨਲਾਈਨ ਘੋਸ਼ਿਤ ਕਰ ਦਿੱਤੇ ਗਏ ਹਨ ਪਰ ਅਗਲੀ ਜਮਾਤ ਵਿੱਚ ਦਾਖਲੇ ਲਈ ਵਿਦਿਆਰਥੀ ਅਤੇ ਮਾਪੇ ਮੁੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ । ਉਨ੍ਹਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਸਤਾਉਣ ਲੱਗ ਪਈ ਹੈ।
       ਇਸ ਸੰਕਟ ਦੀ ਸਥਿਤੀ ਵਿੱਚ ਅਧਿਆਪਨ ਦੇ ਕਾਰਜ ਵਿੱਚ ਆਈ ਖੜੋਤ ਨੂੰ ਦੂਰ ਕਰਨ ਲਈ ਸਰਕਾਰ ਨੇ ਆਨਲਾਇਨ, ਟੀ ਵੀ ,ਰੇਡਿੳ, ਦਿਕਸ਼ਾ ਐਪ, ਜ਼ੂਮ ਐਪ ਰਾਹੀਂ ਸਿੱਖਿਆ ਦੇਣੀ ਤਾਂ ਸ਼ੁਰੂ ਕਰ ਦਿੱਤੀ ਹੈ ਪਰ ਪੁਸਤਕਾਂ ਅਤੇ ਅਧਿਆਪਕਾਂ ਦੇ ਸੰਪਰਕ ਤੋਂ ਬਿਨ੍ਹਾਂ ਇਸ ਟੀਚੇ ਨੂੰ ਸੌ ਪ੍ਰਤੀਸ਼ਤ ਪ੍ਰਾਪਤ ਕਰਨਾ ਸੰਭਵ ਨਹੀਂ ਹੈ। ਜਿਆਦਾ ਤਰ ਵਿਦਿਆਰਥੀਆਂ ਨੂੰ ਹਾਲੇ ਤੱਕ ਕਿਤਾਬਾਂ ਵੀ ਨਹੀ ਮਿਲੀਆਂ। ਆਮ ਤੌਰ ਤੇ ਸਰਕਾਰੀ ਸਕੂਲਾਂ ਵਿੱਚ ਗਰੀਬ ਘਰਾਂ ਦੇ ਵਿਦਿਆਰਥੀ ਪੜ੍ਹਦੇ ਹਨ ਜਿਨ੍ਹਾਂ ਦਾ ਦੋ ਵਕਤ ਦੀ ਰੋਟੀ ਦਾ ਗੁਜ਼ਾਰਾ ਮੁਸ਼ਕਿਲ ਨਾਲ ਚਲਦਾ ਹੈ। ਉਨ੍ਹਾਂ ਵਿਦਿਆਰਥੀਆਂ ਕੋਲ ਆਨਲਾਈਨ ਸਿੱਖਿਆ ਪ੍ਰਾਪਤ ਕਰਨ ਦੇ ਲੜ੍ਹੀਦੇ ਸਾਧਨ ਨਾ ਹੋਣ ਕਰਕੇ ਇਸ ਟੀਚੇ ਨੂੰ ਪ੍ਰਾਪਤ ਕਰਨਾ ਵੀ ਇਕ ਚਨੌਤੀ ਹੈ।
   ਲਾਕਡਾਉਨ ਦੌਰਾਨ  ਵਿਦਿਆਰਥੀ ਆਪਣਾ ਜ਼ਿਆਦਾ ਸਮਾਂ ਟੀ  ਵੀ, ਮੋਬਾਈਲ ਗੇਮਾਂ ਅਤੇ ਸ਼ੋਸ਼ਲ ਮੀਡੀਆ ਆਦਿ ਤੇ ਬਿਤਾ ਰਹੇ ਹਨ।  ਜਿਸ ਨਾਲ ਵਿਦਿਆਰਥੀਆਂ ਦਾ ਮਾਨਸਿਕ ਤੇ ਬੋਧਿਕ ਵਿਕਾਸ ਰੁਕ ਗਿਆ ਹੈ । ਇਹ ਟੀ ਵੀ ਅਤੇ ਮੋਬਾਈਲ ਫੋਨ ਦੀ ਆਦਤ ਉਨਾਂ ਨੂੰ ਪੜ੍ਹਾਈ ਦੇ ਮਾਮਲੇ ਵਿੱਚ ਪਿੱਛੇ ਲਿਜਾ ਸਕਦੀ ਹੈ।  ਇਸ ਤੋਂ ਇਲਾਵਾ ਇੰਟਰਨੈੱਟ ਉੱਤੇ ਵੱਡੀ ਮਾਤਰਾ ਵਿੱਚ ਅਸ਼ਲੀਲ ਸਮੱਗਰੀ ਮੌਜੂਦ ਹੋਣ ਕਾਰਨ ਬੱਚਿਆ ਤੇ ਮਾੜਾ ਪ੍ਰਭਾਵ ਪਾ ਸਕਦੀ ਹੈ। ਇਸ ਲਈ ਇਹ ਜਰੂਰੀ ਹੈ ਕਿ ਮਾਪੇ ਅਤੇ ਸਮਾਜ ਇਸ ਮੁਸ਼ਕਲ ਦੀ ਘੜ੍ਹੀ ਵਿੱਚ ਵਿਦਿਆਰਥੀਆਂ ਲਈ ਚੰਗੇ ਰਾਹ ਦਸੇਰਾ ਬਣਨ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਦੂਰਦਰਸ਼ਨ ਵਰਗੇ ਆਮ ਲੋਕਾਂ ਦੀ ਪਹੁੰਚ ਵਾਲੇ ਚੈਨਲਾਂ ਦੇ ਮਾਧਿਅਮ ਨਾਲ ਸਿੱਖਿਆ ਸਮੱਗਰੀ ਮੁਹੱਈਆ ਕਰਵਾਈ ਜਾਵੇ ਤਾਂ ਕਿ ਹਰ ਵਰਗ ਦੇ ਵਿਦਿਆਰਥੀ ਇਸਦਾ ਲਾਭ ਲੈ ਸਕਣ।
–  ਗੁਰਬਿੰਦਰਜੀਤ ਕੌਰ,
     ਲੈੱਕਚਰਾਰ ਬਾਇਓਲੋਜੀ , ਸ.ਸ.ਸ.ਸ. ਮੰਡੀ ਫੂਲ (ਲ) 
     ਸੰਪਰਕ: +91 94177 39037
Previous articleਕੋਵਿਡ 19: ਸਤੰਬਰ ਤੱਕ ਮਿਲਣ ਲੱਗੇਗਾ ਭਾਰਤ ਵਿਚ ਬਣਿਆ ਟੀਕਾ, ਸਿਰਫ 1000 ਰੁਪਏ ਹੋਵੇਗੀ ਕੀਮਤ!
Next articleVesak Day-Buddha Poornima  “Cyber Celebration”