ਲਾਂਘੇ ਲਈ ਐੱਨਟੀਸੀ ਮਸ਼ੀਨਾਂ ਰਾਹੀਂ ਵਿਛਾਈਆਂ ਜਾ ਰਹੀਆਂ ਨੇ ਪਟੜੀਆਂ

ਨਵੀਂ ਦਿੱਲੀ (ਸਮਾਜ ਵੀਕਲੀ): ਬੁਨਿਆਦੀ ਢਾਂਚੇ ਦੇ ਕੰਮ ਨੂੰ ਸੁਖਾਲਾ ਬਣਾਉਣ ਲਈ ਰੇਲਵੇ ਵੱਲੋਂ ਤਕਨਾਲੋਜੀ ਦੀ ਵਰਤੋਂ ਨੂੰ ਹੁਲਾਰਾ ਦੇਣ ਵਾਸਤੇ ਮੁਲਕ ’ਚ ਪਹਿਲੀ ਵਾਰ ਸਮਰਪਿਤ ਮਾਲ ਢੋਆ-ਢੁਆਈ ਲਾਂਘੇ ਲਈ ਪਟੜੀ ਵਿਛਾਊਣ ਦਾ ਕੰਮ ਨਿਊ ਟਰੈਕ ਕੰਸਟਰਕਸ਼ਨ (ਐੱਨਟੀਸੀ) ਮਸ਼ੀਨ ਰਾਹੀਂ ਕੀਤਾ ਜਾ ਰਿਹਾ ਹੈ। ਐੱਨਟੀਸੀ ਵੱਲੋਂ ਖੁਰਜਾ-ਦਾਦਰੀ ਸੈਕਸ਼ਨ ’ਤੇ ਕੀਤੇ ਜਾ ਰਹੇ ਕੰਮ ਦਾ ਨਿਰੀਖਣ ਅੱਜ ਨੀਤੀ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਅਤੇ ਰੇਲਵੇ ਬੋਰਡ ਦੇ ਚੇਅਰਮੈਨ ਨੇ ਕੀਤਾ।

ਰੇਲਵੇ ਬੋਰਡ ਦੇ ਚੇਅਰਮੈਨ ਵੀ ਕੇ ਯਾਦਵ ਨੇ ਪ੍ਰਾਜੈਕਟ ਲਈ ਸਾਂਝੇ ਤੌਰ ’ਤੇ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ। ਨੀਤੀ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਨੇ ਟਵੀਟ ਕਰ ਕੇ ਕਿਹਾ ਕਿ ਲਾਂਘਾ ਭਾਰਤੀ ਅਰਥਚਾਰੇ ਲਈ ਅਹਿਮ ਸਾਬਿਤ ਹੋਵੇਗਾ ਜੋ 2022 ’ਚ ਮੁਕੰਮਲ ਹੋਣਾ ਹੈ। ਉਂਜ ਯਾਦਵ ਨੇ ਪ੍ਰਾਜੈਕਟ ਦਸੰਬਰ 2021 ’ਚ ਮੁਕੰਮਲ ਹੋਣ ਦੀ ਗੱਲ ਆਖੀ ਹੈ।

ਡੀਐੱਫਸੀਸੀਆਈਐੱਲ ਨੇ ਬਿਆਨ ’ਚ ਕਿਹਾ ਕਿ ਐੱਨਟੀਸੀ ਮਸ਼ੀਨ ਵੱਲੋਂ ਰੋਜ਼ਾਨਾ ਡੇਢ ਕਿਲੋਮੀਟਰ ਟਰੈਕ ਵਿਛਾਉਣ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਇਹ ਮਸ਼ੀਨਾਂ ਪਹਿਲੀ ਵਾਰ ਭਾਰਤ ’ਚ ਵਰਤੀਆਂ ਜਾ ਰਹੀਆਂ ਹਨ। ਖੁਰਜਾ-ਦਾਦਰੀ ਸੈਕਸ਼ਨ ਪੂਰਬੀ ਅਤੇ ਪੱਛਮੀ ਸਮਰਪਿਤ ਢੋਆ-ਢੁਆਈ ਲਾਂਘਿਆਂ ਨੂੰ ਜੋੜੇਗਾ ਜਿਸ ’ਤੇ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਰੇਲ ਗੱਡੀਆਂ ਚੱਲ ਸਕਣਗੀਆਂ। ਇਸ ਸਮੇਂ ਸੱਤ ਐੱਨਟੀਸੀ ਮਸ਼ੀਨਾਂ ਕੰਮ ’ਚ ਲੱਗੀਆਂ ਹੋਈਆਂ ਹਨ।

Previous articleਕੇਰਲਾ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ
Next articleਨਿਵੇਸ਼ਕਾਂ ਨੇ ਬੀਪੀਸੀਐੱਲ ਲਈ ਬੋਲੀ ਲਾਉਣ ਤੋਂ ਹੱਥ ਖਿੱਚੇ