ਸ੍ਰੀਨਗਰ/ਜੰਮੂ: ਜੰਮੂ ਤੇ ਕਸ਼ਮੀਰ ਪੁਲੀਸ ਦੇ ਸਪੈਸ਼ਲ ਅਪਰੇਸ਼ਨਜ਼ ਗਰੁੱਪ ਨੇ ਲਸ਼ਕਰ-ਏ-ਤਇਬਾ ਦੇ ਦਹਿਸ਼ਤਗਰਦ ਨਿਸਾਰ ਅਹਿਮਦ ਡਾਰ ਨੂੰ ਇਕ ਹਸਪਤਾਲ ’ਚੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਉਹਦੇ ਕਬਜ਼ੇ ’ਚੋਂ ਹਥਿਆਰ, ਗੋਲੀਸਿੱਕਾ ਤੇ ਹੋਰ ਭੜਕਾਊ ਸਮੱਗਰੀ ਬਰਾਮਦ ਕੀਤੀ ਹੈ। ਡਾਰ, ਜੋ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਹਾਜਿਨ ਖੇਤਰ ਦਾ ਵਸਨੀਕ ਹੈ, ਸੁਰੱਖਿਆ ਟਿਕਾਣਿਆਂ ਉੱਤੇ ਦਹਿਸ਼ਤੀ ਹਮਲਿਆਂ ਤੇ ਆਮ ਲੋਕਾਂ ’ਤੇ ਕੀਤੇ ਜ਼ੁਲਮਾਂ ਲਈ ਲੋੜੀਂਦਾ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਡਾਰ ਨੂੰ ਸ਼ਹਿਰ ਦੇ ਸ੍ਰੀ ਮਹਾਰਾਜਾ ਹਰੀ ਸਿੰਘ ਹਸਪਤਾਲ ’ਚੋਂ ਕਾਬੂ ਕੀਤਾ ਗਿਆ ਹੈ। ਇਸ ਦੌਰਾਨ ਜੰਮੂ ਤੇ ਕਸ਼ਮੀਰ ਪੁਲੀਸ ਨੇ ਹਿਜ਼ਬੁਲ ਮੁਜਾਹਿਦੀਨ ਦੇ ਸਿਖਰਲੇ ਦਹਿਸ਼ਤਗਰਦ ਮੁਹੰਮਦ ਅਮੀਨ ਉਰਫ਼ ‘ਜਹਾਂਗੀਰ ਸਰੂਰੀ’ ਲਈ ਕੰਮ ਕਰਦੇ ਤੇ ਜਥੇਬੰਦੀ ਦੇ ਹਮਾਇਤੀ ਦਸ ਕਾਮਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਕਾਮੇ ਪਿਛਲੇ ਤਿੰਨ ਦਹਾਕਿਆਂ ਤੋਂ ਕਿਸ਼ਤਵਾੜ ਜ਼ਿਲ੍ਹੇ ਵਿੱਚ ਸਰਗਰਮ ਸਨ। ਐੱਸਐੱਸਪੀ ਹਰਮੀਤ ਸਿੰਘ ਮਹਿਤਾ ਨੇ ਕਿਹਾ ਕਿ ਉਨ੍ਹਾਂ ਸਰੂਰੀ ਦੇ ਹਮਾਇਤੀ ਦਸ ਦਹਿਸ਼ਤਗਰਦਾਂ ਦੀ ਪਛਾਣ ਕਰਦਿਆਂ ਉਨ੍ਹਾਂ ਖ਼ਿਲਾਫ਼ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਹੈ।
INDIA ਲਸ਼ਕਰ-ਏ-ਤੋਇਬਾ ਦਾ ਦਹਿਸ਼ਤਗਰਦ ਡਾਰ ਗ੍ਰਿਫ਼ਤਾਰ