ਲਲਿਤ ਮੋਦੀ ਨੂੰ ਅਰਜ਼ੀ ’ਤੇ ਫੌਰੀ ਸੁਣਵਾਈ ਲਈ ਹਾਈ ਕੋਰਟ ਜਾਣ ਲਈ ਕਿਹਾ

ਸੁਪਰੀਮ ਕੋਰਟ ਨੇ ਲਲਿਤ ਮੋਦੀ ਨੂੰ ਕਿਹਾ ਹੈ ਕਿ ਉਹ ਪਰਿਵਾਰ ਦੀ ਸੰਪਤੀ ਸਬੰਧੀ ਵਿਵਾਦ ’ਤੇ ਸਿੰਗਾਪੁਰ ’ਚ ਚੱਲ ਰਹੀ ਸਾਲਸੀ ਕਾਰਵਾਈ ਉਪਰ ਰੋਕ ਦੇ ਹੁਕਮਾਂ ਖ਼ਿਲਾਫ਼ ਆਪਣੀ ਅਰਜ਼ੀ ’ਤੇ ਫੌਰੀ ਸੁਣਵਾਈ ਲਈ ਦਿੱਲੀ ਹਾਈ ਕੋਰਟ ਦਾ ਕੁੰਡਾ ਖੜਕਾਉਣ। ਦਿੱਲੀ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ 5 ਮਾਰਚ ਨੂੰ ਸਿੰਗਾਪੁਰ ’ਚ ਉਸ ਸਾਲਸੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਸੀ ਜੋ ਲਲਿਤ ਮੋਦੀ ਨੇ ਸ਼ੁਰੂ ਕਰਵਾਈ ਸੀ। ਲਲਿਤ ਮੋਦੀ ਨੇ ਇਸ ਹੁਕਮ ਨੂੰ ਸਿਖਰਲੀ ਅਦਾਲਤ ’ਚ ਚੁਣੌਤੀ ਦਿੱਤੀ ਸੀ। ਇਸ ਤੋਂ ਪਹਿਲਾਂ ਲਲਿਤ ਮੋਦੀ ਨੂੰ 3 ਮਾਰਚ ਨੂੰ ਹਾਈ ਕੋਰਟ ਦੇ ਸਿੰਗਲ ਜੱਜ ਬੈਂਚ ਤੋਂ ਆਪਣੇ ਪੱਖ ’ਚ ਹੁਕਮ ਮਿਲਿਆ ਸੀ। ਬੈਂਚ ਨੇ ਸਿੰਗਾਪੁਰ ’ਚ ਸਾਲਸੀ ਕਾਰਵਾਈ ਖਿਲਾਫ਼ ਉਸ ਦੀ ਮਾਂ ਬੀਨਾ, ਭੈਣ ਚਾਰੂ ਅਤੇ ਭਰਾ ਸਮੀਰ ਦੀਆਂ ਦਲੀਲਾਂ ਨੂੰ ਵਿਚਾਰ ਕਰਨ ਦੇ ਯੋਗ ਨਹੀਂ ਮੰਨਿਆ ਸੀ। ਤਿੰਨੋਂ ਜਣੇ ਬ੍ਰਿਟੇਨ ’ਚ ਰਹਿ ਰਹੇ ਲਲਿਤ ਮੋਦੀ ਵੱਲੋਂ ਸਿੰਗਾਪੁਰ ’ਚ ਸ਼ੁਰੂ ਕਰਵਾਈ ਗਈ ਸਾਲਸੀ ਕਾਰਵਾਈ ਖ਼ਿਲਾਫ਼ ਹਨ। ਸੁਪਰੀਮ ਕੋਰਟ ਦੇ ਬੈਂਚ ਨੇ ਕਿਹਾ ਕਿ ਹਾਈ ਕੋਰਟ ਵੱਲੋਂ ਕੇਸ ਨਾਲ ਸਬੰਧਤ ਸੁਣਵਾਈ 27 ਮਾਰਚ ਨੂੰ ਕੀਤੀ ਜਾਣੀ ਹੈ ਅਤੇ ਉਹ ਇਸ ਨੂੰ ਪਹਿਲਾਂ ਕਰਵਾਉਣ ਲਈ ਹਾਈ ਕੋਰਟ ਜਾ ਸਕਦੇ ਹਨ।

Previous articleਅਫ਼ਗਾਨ ਸੰਕਟ: ਗ਼ਨੀ ਤੇ ਅਬਦੁੱਲਾ ਆਹਮੋ-ਸਾਹਮਣੇ
Next articleMP crisis: BJP, Congress hold separate meetings in Bhopal