ਲਛਮਣ ਰੇਖਾ ਟੁੱਟੀ; ਲੋਕ ਇਕਾਂਤਵਾਸ ਤੋਂ ਭੀੜ ਵੱਲ

ਸ੍ਰੀ ਮੁਕਤਸਰ ਸਾਹਿਬ- ਪ੍ਰਧਾਨ ਮੰਤਰੀ ਵੱਲੋਂ ਕਰੋਨਾ ਦੀ ਵਬਾਅ ਤੋਂ ਬਚਾਅ ਲਈ ਲੋਕਾਂ ਨੂੰ ਘਰਾਂ ਦੇ ਬੂਹੇ ਮੂਹਰੇ ਲਸ਼ਮਣ ਰੇਖਾ ਬਣਾ ਕੇ ਉਸ ਦੀ ਉਲੰਘਣਾ ਨਾ ਕਰਨ ਦੀ ਅਪੀਲ ਦੇ ਲੋਕਾਂ ਨੇ ਹੀ ਪਰਖੱਚੇ ਉਡਾ ਦਿੱਤੇ ਹਨ। ਹੋਰ ਤਾਂ ਹੋਰ ਡਿਪਟੀ ਕਮਿਸ਼ਨਰ, ਸਿਵਲ ਸਰਜਨ ਤੇ ਹੋਰ ਸਰਕਾਰੀ ਦਫਤਰ ਜਿਹੜੇ ਕਰੋਨਾ ਤੋਂ ਬਚਾਅ ਲਈ ਹਦਾਇਤਾਂ ਜਾਰੀ ਕਰਦੇ ਹਨ, ਦੇ ਕਰਮਚਾਰੀ ਵੀ ਇਕ ਦੂਜੇ ਨਾਲ ਸਿਰ ਜੋੜ ਕੇ ਕੰਮ ਕਰ ਰਹੇ ਹਨ। ਉਥੇ ਵੀ ਨਿਯਮਤ ਦੂਰੀ ਬਰਕਰਾਰ ਰੱਖਣ ਦਾ ਅਤੇ ਜਰਮ ਮੁਕਤ ਵਾਤਾਵਰਣ ਬਣਾਉਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਸ਼ਹਿਰ ਦੀਆਂ ਗਲੀਆਂ ਲੋਕਾਂ ਨਾਲ ਭਰੀਆਂ ਹਨ। ਪੈਟਰੋਲ ਪੰਪਾਂ ਉਪਰ ਲੋਕਾਂ ਦੀ ਭੀੜ ਹੈ। ਇਹੀ ਹਾਲ ਸਬਜ਼ੀ ਮੰਡੀ ਦਾ ਹੈ। ਸਬਜ਼ੀ ਮੰਡੀ ’ਚ ਲੋਕ ਆਮ ਦਿਨਾਂ ਵਾਂਗ ਹੀ ਭੀੜ ਬਣਾ ਕੇ ਘੁੰਮ ਰਹੇ ਸਨ। ਹਾਲਾਂਕਿ ਉਥੇ ਸਿਹਤ ਵਿਭਾਗ, ਪ੍ਰਸ਼ਾਸਨ ਤੇ ਪੁਲੀਸ ਦੇ ਅਧਿਕਾਰੀ ਵੀ ਮੌਜੂਦ ਸਨ। ਉਹ ਰਸਮੀ ਕਾਰਵਾਈ ਤਾਂ ਕਰਦੇ ਰਹੇ ਪਰ ਕਿਸੇ ਨੇ ਲੋਕਾਂ ਨੂੰ ਨਿਰਧਾਰਤ ਦੂਰੀ ਬਣਾਉਣ ਅਤੇ ਸਬਜ਼ੀਆਂ ਤੇ ਲਿਫਾਫਿਆਂ ਨੂੰ ਸੈਨੇਟਾਈਜ਼ ਕਰਨ ਲਈ ਨਹੀਂ ਕਿਹਾ।

ਕਰਿਆਨੇ ਦਾ ਸਮਾਨ ਭਾਵੇਂ ਘਰਾਂ ‘ਚ ਸਪਲਾਈ ਕਰਨ ਦਾ ਹੁਕਮ ਹੈ ਫਿਰ ਵੀ ਉਥੇ ਲੋਕ ਜੁੜੇ ਰਹੇ। ਰਾਸ਼ਨ ਸਪਲਾਈ ਕਰਨ ਵਾਲੇ ਰੈੱਡ ਕਰਾਸ ਤੇ ਸਮਾਜ ਸੇਵੀ ਸੰਸਥਾਵਾਂ ਦੇ ਕਾਮੇ ਆਮ ਦਿਨਾਂ ਵਾਂਗ ਹੀ ਲੰਗਰ ਤਿਆਰ ਕਰ ਰਹੇ ਸਨ ਤੇ ਵਰਤਾ ਰਹੇ ਸਨ। ਛੇ ਫੁੱਟ ਦੀ ਦੂਰੀ ਤੇ ਵਾਰ-ਵਾਰ ਸੈਨੇਟਾਈਜ਼ ਕਰਨਾ ਤਾਂ ਦੂਰ ਦੀ ਗੱਲ ਆਮ ਸਾਫ-ਸਫਾਈ ਵੀ ਕਿਤੇ ਵਿਖਾਈ ਨਹੀਂ ਸੀ ਦੇ ਰਹੀ। ਸਦਰ ਬਜ਼ਾਰ, ਕੋਟਲੀ ਰੋਡ, ਆਦਰਸ਼ ਨਗਰ, ਅਬੋਹਰ ਰੋਡ ਉਪਰ ਸੀਵਰੇਜ ਦਾ ਪਾਣੀ ਉਬਾਲੇ ਮਾਰ ਰਿਹਾ ਹੈ। ਲੋਕਾਂ ਦੀ ਹਾਲ-ਪਾਹਰਿਆ ਬਾਅਦ ਅਖੀਰ ਛੇਵੇਂ ਦਿਨ ਮੁਕਤਸਰ ਸ਼ਹਿਰ ਵਿੱਚ ਰਾਸ਼ਨ ਤੇ ਸਬਜ਼ੀਆਂ ਦੀ ਸਪਲਾਈ ਨੂੰ ਨੇਮ ਬੱਧ ਕੀਤਾ ਗਿਆ। ਰਾਸ਼ਨ ਦੀ ਸਪਲਾਈ ਘਰੋ-ਘਰੀ ਜਾ ਕੇ 4 ਤੋਂ 6 ਵਜੇ ਤੱਕ ਕੀਤੀ ਜਾਵੇਗੀ। ਅਖਬਾਰ 8 ਵਜੇ ਤੱਕ ਹੀ ਵੇਚੇ ਜਾਣਗੇ ਉਹ ਵੀ ਘਰੋ-ਘਰੀ। ਦੁੱਧ ਦੀ ਸਪਲਾਈ ਨਿੱਜੀ ਦੋਧੀ ਅਤੇ ਵੇਰਕਾ ਵਾਲੇ ਸਵੇਰੇ 5 ਵਜੇ ਤੋਂ 8 ਵਜੇ ਤੱਕ ਕਰਨਗੇ। ਇਸੇ ਤਰ੍ਹਾਂ ਦਵਾਈਆਂ ਵੇਚਣ ਦਾ ਸਮਾਂ 8 ਵਜੇ ਤੋਂ 7 ਵਜੇ ਤੱਕ ਦਾ ਨਿਰਧਾਰਤ ਕੀਤਾ ਗਿਆ ਹੈ ਉਹ ਵੀ ਘਰੋ-ਘਰੀ ਜਾ ਕੇ ਸਪਲਾਈ ਕੀਤੀਆਂ ਜਾਣਗੀਆਂ। ਪੈਟਰੋਲ ਪੰਪ ਸਵੇਰੇ 4 ਵਜੇ ਤੋਂ 8 ਵਜੇ ਤੱਕ ਅਤੇ ਤੇਲ ਵੀ ਸਿਰਫ ਐਮਰਜੰਸੀ ਵਿੱਚ ਵਰਤੇ ਜਾਣ ਵਾਲੇ ਵਾਹਨਾਂ ਵਿੱਚ ਹੀ ਪਾਇਆ ਜਾਵੇਗਾ। 20 ਬਿਸਤਰਿਆਂ ਤੋਂ ਵੱਧ ਦੀ ਸਮਰੱਥਾ ਵਾਲੇ ਹਸਪਤਾਲਾਂ ਨੂੰ 24 ਘੰਟੇ ਖੁੱਲ੍ਹੇ ਰਹਿਣ ਦੀ ਹਦਾਇਤ ਵੀ ਕੀਤੀ ਗਈ ਹੈ।

Previous articleਪੀਵੀ ਸਿੰਧੂ ਨੇ ਆਂਧਰਾ ਤੇ ਤਿਲੰਗਾਨਾ ਨੂੰ ਪੰਜ-ਪੰਜ ਲੱਖ ਰੁਪਏ ਦਿੱਤੇ
Next articleਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ ਮੁਲਤਵੀ