ਮੁਹਾਲੀ-ਲਾਂਡਰਾਂ ਮੁੱਖ ਸੜਕ ’ਤੇ ਲਖਨੌਰ ਫਰਨੀਚਰ ਮਾਰਕੀਟ ਵਿੱਚ ਐਤਵਾਰ ਨੂੰ ਤੜਕੇ ਭਿਆਨਕ ਅੱਗ ਲੱਗ ਗਈ। ਜਿਸ ਕਾਰਨ 20 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਜਿਨ੍ਹਾਂ ਵਿੱਚ ਲੱਕੜ ਦੇ ਕਈ ਆਰੇ ਵੀ ਸ਼ਾਮਲ ਹਨ। ਕਰੀਬ ਤਿੰਨ ਏਕੜ ਜ਼ਮੀਨ ਵਿੱਚ ਬਣੀ ਇਸ ਮਾਰਕੀਟ ਦੇ ਦੁਕਾਨਦਾਰਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਫਾਇਰ ਬ੍ਰਿਗੇਡ ਦਫ਼ਤਰ ਦੀ ਮੁੱਢਲੀ ਜਾਂਚ ਮੁਤਾਬਕ ਸ਼ਾਟ ਸਰਕਟ ਨਾਲ ਅੱਗ ਲੱਗੀ ਜਾਪਦੀ ਹੈ। ਮਾਰਕੀਟ ’ਚ ਸੁੱਕੀ ਲੱਕੜ, ਕੱਪੜਾ, ਫੌਮ, ਥੀਨਰ, ਫਰਨਿਸ਼ ਵੱਡੀ ਮਾਤਰਾ ਵਿੱਚ ਪਿਆ ਹੋਣ ਕਾਰਨ ਅੱਗ ਨੇ ਪੂਰੀ ਮਾਰਕੀਟ ਨੂੰ ਆਪਣੀ ਲਪੇਟੇ ਵਿੱਚ ਲੈ ਲਿਆ। ਜਦੋਂ ਤੱਕ ਦੁਕਾਨਦਾਰ ਮੌਕੇ ’ਤੇ ਪਹੁੰਚਦੇ ਰਹੇ ਉਦੋਂ ਤੱਕ ਪੂਰੀ ਮਾਰਕੀਟ ਸੜ ਕੇ ਸੁਆਹ ਹੋ ਚੁੱਕੀ ਸੀ। ਮਾਰਕੀਟ ਦੇ ਚੌਕੀਦਾਰ ਜੁਝਾਰ ਸਿੰਘ ਨੇ ਸਵੇਰੇ ਕਰੀਬ ਸਾਢੇ 4 ਵਜੇ ਮਾਰਕੀਟ ਦੀਆਂ ਦੁਕਾਨਾਂ ਨੂੰ ਅੱਗ ਲੱਗੀ ਦੇਖੀ ਪਰ ਉਸ ਨੇ ਫਾਇਰ ਬ੍ਰਿਗੇਡ ਦਫ਼ਤਰ ਨੂੰ ਸੂਚਨਾ ਦੇਣ ਦੀ ਬਜਾਏ ਦੁਕਾਨਦਾਰ ਨੂੰ ਅੱਗ ਲੱਗਣ ਬਾਰੇ ਦੱਸਿਆ। ਇਸ ਦੌਰਾਨ ਇੱਕ ਰਾਹਗੀਰ ਨੇ ਮੁਹਾਲੀ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਸਬ ਫਾਇਰ ਅਫ਼ਸਰ ਦਵਿੰਦਰ ਸਿੰਘ ਡੋਗਰਾ ਤੇ ਕਰਮ ਚੰਦ ਸੂਦ ਮੁਤਾਬਕ ਉਨ੍ਹਾਂ ਸਵੇਰੇ 4.55 ਵਜੇ ਹਾਦਸੇ ਬਾਰੇ
ਸੂਚਨਾ ਮਿਲੀ ਸੀ ਤੇ ਉਹ ਤੁਰੰਤ 6 ਫਾਇਰ ਟੈਂਡਰ ਲੈ ਕੇ ਮੌਕੇ ’ਤੇ ਪਹੁੰਚੇ। ਮਗਰੋਂ ਚੰਡੀਗੜ੍ਹ ਤੇ ਡੇਰਾਬੱਸੀ ਤੋਂ ਵੀ 1-1 ਫਾਇਰ ਟੈਂਡਰ ਮੰਗਵਾਇਆ ਤੇ ਪੰਜ ਘੰਟਿਆਂ ਦੀ ਜੱਦੋ ਜਹਿਦ ਮਗਰੋਂ ਸਵੇਰੇ 10 ਵਜੇ ਅੱਗ ’ਤੇ ਕਾਬੂ ਪਾਇਆ ਗਿਆ। ਪਤਾ ਲੱਗਾ ਹੈ ਕਿ ਇਸ ਤੋਂ ਪਹਿਲਾਂ ਮਾਰਕੀਟ ਦੇ ਨੇੜੇ ਸਥਿਤ ਬੀਐਸਐਫ਼ ਯੂਨਿਟ ਦੇ ਜਵਾਨਾਂ ਨੇ ਵੀ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਕੋਈ ਵਾਹ ਨਹੀਂ ਚੱਲੀ। ਇਸ ਮੌਕੇ ਪੀੜਤ ਦੁਕਾਨਦਾਰ ਹਰਿੰਦਰ ਸਿੰਘ ਖਾਲਸਾ, ਨਰਿੰਦਰ ਸਿੰਘ ਚੂਹੜਮਾਜਰਾ, ਸੁਨੀਲ ਕੁਮਾਰ, ਹਰਬੰਸ ਸਿੰਘ, ਪਰਮਜੀਤ ਸਿੰਘ, ਹਰਪ੍ਰੀਤ ਸਿੰਘ ਤੇ ਸੁਖਦੇਵ ਸਿੰਘ ਨੇ ਦੱਸਿਆ ਕਿ ਦੀਵਾਲੀ ਸਣੇ ਵਿਆਹ ਸ਼ਾਦੀਆਂ ਤੇ ਹੋਰ ਸਮਾਗਮਾਂ ਲਈ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਵੱਡੀ ਮਾਤਰਾ ਵਿੱਚ ਫਰਨੀਚਰ, ਬੈੱਡ, ਗੱਦੇ, ਡਾਈਨਿੰਗ ਟੇਬਲ, ਮੇਜ਼ ਕੁਰਸੀਆਂ, ਸੋਫਾ ਸੈੱਟ, ਅਲਮਾਰੀਆਂ ਤਿਆਰ ਕਰਕੇ ਰੱਖਿਆ ਸੀ, ਜੋ ਸਾਰਾ ਸੜ ਕੇ ਸੁਆਹ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰੀਤ ਫਰਨੀਚਰ ਹਾਊਸ, ਸਿਟੀ ਫਰਨੀਚਰ ਹਾਊਸ, ਗੁਰੂ ਨਾਨਕ ਫਰਨੀਚਰ ਹਾਊਸ, ਨਰਿੰਦਰ ਫਰਨੀਚਰ ਹਾਊਸ, ਗੁਰੂ ਕ੍ਰਿਪਾ ਫਰਨੀਚਰ ਹਾਊਸ, ਸਨਾਇਆ ਫਰਨੀਚਰ ਹਾਊਸ, ਜਸਨੂਰ ਫਰਨੀਚਰ ਹਾਊਸ, ਅਨਸਾਰੀ ਫ਼ਰਨੀਚਰ ਹਾਊਸ, ਐੱਸਟੀ ਫਰਨੀਚਰ ਹਾਊਸ, ਮਹੇਸ਼ ਫ਼ਰਨੀਚਰ ਹਾਊਸ, ਨਫੀਸ ਫਰਨੀਚਰ ਹਾਊਸ, ਦਿਲਸ਼ਾਦ ਫਰਨੀਚਰ ਹਾਊਸ, ਲਕਸ਼ਮੀ ਫਰਨੀਚਰ ਹਾਊਸ, ਪ੍ਰਮੋਦ ਫਰਨੀਚਰ ਹਾਊਸ, ਉਰਮਿਲਾ ਫਰਨੀਚਰ ਹਾਊਸ, ਜੇ.ਐੱਸ. ਰਾਏ. ਫਰਨੀਚਰ ਹਾਊਸ, ਰਾਮ ਬਦਨ ਫਰਨੀਚਰ ਹਾਊਸ, ਅਸਲਮ ਫਰਨੀਚਰ ਹਾਊਸ ਤੇ ਗੌਤਮ ਫਰਨੀਚਰ ਹਾਊਸ, ਸਰਦਾਰ ਪਲਾਈ ਬੋਰਡ ਆਦਿ ਅੱਗ ਦੀ ਭੇਟ ਚੜ੍ਹ ਗਏ।