(ਸਮਾਜ ਵੀਕਲੀ)
ਅੱਜ ਮੇਰੇ ਘਰ ਆ ਕੇ ਰੱਖੜੀ ਬੰਨ੍ਹਾਈਂ ਵੀਰਿਆ।
ਪੂਰਾ ਇਕ ਸਾਲ ਹੋ ਗਿਆ ਮੇਰਾ ਵਿਆਹ ਹੋਏ ਨੂੰ,
ਪੂਰੇ ਛੇ ਮਹੀਨੇ ਹੋ ਗਏ ਤੈਨੂੰ ਮੇਰੇ ਘਰ ਆਏ ਨੂੰ,
ਅੱਜ ਕੋਈ ਮੈਨੂੰ ਲਾਰਾ ਨਾ ਤੂੰ ਲਾਈਂ ਵੀਰਿਆ।
ਅੱਜ ਮੇਰੇ ਘਰ ਆ ਕੇ ਰੱਖੜੀ ਬੰਨ੍ਹਾਈਂ ਵੀਰਿਆ।
ਜੀਜਾ ਤੇਰਾ ਵੀਰਿਆ ਬੜਾ ਹੀ ਲਾਈਲੱਗ ਆ,
ਆਪਣੀ ਮਾਂ ਤੇ ਭੈਣ ਦੇ ਕਹੇ ਤੇ ਬਣ ਜਾਂਦਾ ਅੱਗ ਆ,
ਆ ਕੇ ਉਸ ਨੂੰ ਕੁਝ ਤਾਂ ਸਮਝਾਈਂ ਵੀਰਿਆ।
ਅੱਜ ਮੇਰੇ ਘਰ ਆ ਕੇ ਰੱਖੜੀ ਬੰਨ੍ਹਾਈਂ ਵੀਰਿਆ।
ਮੈਂ ਤਾਂ ਭੁੱਖੀ ਹਾਂ ਵੀਰਿਆ ਵੇ ਤੇਰੇ ਪਿਆਰ ਦੀ,
ਲਾਜ ਰੱਖ ਲਈਂ ਤੂੰ ਵੀਰਿਆ ਵੇ ਮੇਰੇ ਇੰਤਜ਼ਾਰ ਦੀ,
ਭਾਵੇਂ ਮੇਰੇ ਲਈ ਤੂੰ ਕੁਝ ਨਾ ਲਿਆਈਂ ਵੀਰਿਆ।
ਅੱਜ ਮੇਰੇ ਘਰ ਆ ਕੇ ਰੱਖੜੀ ਬੰਨ੍ਹਾਈਂ ਵੀਰਿਆ।
ਘਰ ਭੈਣ ਦਾ ਵਸਾਉਣ ਲਈ ਰੱਖ ਗੇੜੇ ਉੱਤੇ ਗੇੜਾ,
ਉਸ ਤੇ ਰੱਖੀਂ ਅੱਖ, ਮਾਹੌਲ ਖਰਾਬ ਕਰੇ ਜਿਹੜਾ,
ਮੇਰੀਆਂ ਗੱਲਾਂ ਦਾ ਗੁੱਸਾ ਨਾ ਮਨਾਈਂ ਵੀਰਿਆ।
ਅੱਜ ਮੇਰੇ ਘਰ ਆ ਕੇ ਰੱਖੜੀ ਬੰਨ੍ਹਾਈਂ ਵੀਰਿਆ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554