(ਸਮਾਜ ਵੀਕਲੀ)
ਭੈਣਾਂ ਹੋਵਣ ਨੂਰ ਖੁਦਾ ਦਾ ਕੁਦਰਤ ਰਿਸ਼ਤੇ ਬਣਾਵੇ।
ਮੋਹ ਪਿਆਰ ਮਿਠਾਸ ਭੈਣ ਭਰਾ ਦੇ ਰਿਸ਼ਤੇ ਤੋਂ ਆਵੇ।
ਰੱਖੜੀ ਦਾ ਤਿਉਹਾਰ ਚਾਵਾਂ ਨਾਲ ਮਨਾਇਆ ਜਾਵੇ।
ਭੈਣਾਂ ਵੀਰਾਂ ਬੱਚੇ ਸਭਨਾਂ ਦੇ ਚਿਹਰੇ ਖ਼ੁਸ਼ੀ ਆ ਜਾਵੇ।
ਭੈਣ ਵੀਰ ਦੇ ਬੰਨ ਰੱਖੜੀ ਵੀਰ ਲਈ ਸੁੱਖ ਮਨਾਵੇ।
ਵੀਰ ਗੁੱਟ ਤੇ ਬਨਾ ਰੱਖੜੀ ਆਪਣਾ ਫਰਜ਼ ਨਿਭਾਵੇ।
ਕੱਚੇ ਧਾਗੇ ਨਾਲ ਇਕ ਵਿਸ਼ਵਾਸ ਜਿਹਾ ਬਣ ਆਵੇ।
ਦੂਰ ਵਸੇਂਦੇ ਭੈਣ ਭਰਾ ਦੇ ਮਨ ਯਾਦ ਤਾਜ਼ਾ ਹੋ ਜਾਵੇ।
ਭਾਂਤ ਭਾਂਤ ਦੀ ਰੱਖੜੀ ਬਾਜ਼ਾਰ ਵਿੱਚ ਨਜ਼ਰੀ ਆਵੇ।
ਮਹਿੰਗੇ ਗਿਫ਼ਟ ਮਠਿਆਈਆਂ ਤੇ ਜ਼ੋਰ ਦਿੱਤਾ ਜਾਵੇ।
ਮਹਿੰਗਾਈ ਦੇ ਦੌਰ ਵਿੱਚ ਰੱਖੜੀ ਸੋਚਾਂ ਵਿੱਚ ਪਾਵੇ।
ਸਵਾਰਥੀ ਰਿਸ਼ਤੇ ਜਾਪਣ ਜਦੋਂ ਗੱਲ ਪੈਸੇ ਤੇ ਆਵੇ।
ਰੱਖਿਆ ਲਈ ਕੇਵਲ ਰੱਖੜੀ ਤੇ ਹੀ ਰਿਹਾ ਨਾ ਜਾਵੇ।
ਕਲਯੁਗੀ ਦੁਨੀਆਂ ਅੰਦਰ ਅਪਰਾਧ ਵਧਦਾ ਜਾਵੇ।
ਸੁਰੱਖਿਆ ਲਈ ਤਿਆਰ ਬਰ ਤਿਆਰ ਰਿਹਾ ਜਾਵੇ।
ਭੈਣਾਂ ਸ਼ਸ਼ਤਰਧਾਰੀ ਹੋਵਣ ਰੱਖਿਆ ਖੁਦ ਕੀਤੀ ਜਾਵੇ।
ਵਪਾਰੀ ਵਰਗ ਲਈ ਰੱਖੜੀ ਵਰਦਾਨ ਬਣ ਆਵੇ।
ਚਾਈਨਾ, ਰੱਖੜੀ ਤਿਉਹਾਰ ਤੋਂ ਅਰਬਾਂ ਰੁ: ਕਮਾਵੇ।
ਭੈਣਾਂ ਬਣੀਆਂ ਸ਼ੇਰਨੀ ਦੇਸ ਸੁਰੱਖਿਆ ਕੀਤੀ ਜਾਵੇ।
ਜਲ ਥਲ ਵਾਯੂ ਸੈਨਾ ਵਿੱਚ ਆਪਣਾ ਰੋਲ ਨਿਭਾਵੇ।
ਅੱਜ ਭੈਣਾਂ ਦੀ ਉਡਾਣ ਧਰਤੀ ਤੋਂ ਪੁਲਾੜ ਨੂੰ ਜਾਵੇ।
ਡਾਕਟਰ ਵਕੀਲ ਇੰਜੀਨੀਅਰ ਹਰ ਅਹੁਦਾ ਪਾਵੇ।
ਧੀ ਭੈਣ ਘਰ ਸਾਂਭਦੀ ਨਾਲੇ ਕੰਮ ਕਰਨ ਵੀ ਜਾਵੇ।
ਪੇਕੇ ਸਹੁਰੇ ਸੇਵਾ ਕਰਦੀ ਆਪਣਾ ਆਪ ਭੁੱਲ ਜਾਵੇ।
ਜਿੰਨਾਂ ਭੈਣਾਂ ਦੇ ਵੀਰ ਨਸ਼ੇੜੀ ਫਿਕਰ ‘ਚ ਡੁੱਬ ਜਾਵੇ।
ਨਸ਼ੇੜੀ ਭਰਾ ਦਾ ਗੁੱਟ ਕੰਬੇ ਥੱਲੇ ਨੂੰ ਲੁਟਕਦਾ ਜਾਵੇ।
ਜਿੰਨਾਂ ਭੈਣਾਂ ਦੇ ਭਰਾ ਨਹੀਂ ਹਾਲ ਹੀ ਪੁੱਛਿਆ ਜਾਵੇ।
ਰੱਖੜੀ ਦਾ ਤਿਉਹਾਰ ਉਹਨਾਂ ਹੰਝੂਆਂ ਸੰਗ ਰੁਲਾਵੇ।
ਭੈਣ ਵੀਰਾਂ ਤੋਂ ਵੱਧ ਕੇ ਮਾਪਿਆਂ ਲਈ ਜਾਨ ਲੁਟਾਵੇ।
ਭੈਣਾਂ ਨੂੰ ਦਿਲੋਂ ਮੋਹ ਪਿਆਰ ਸਤਿਕਾਰ ਦਿੱਤਾ ਜਾਵੇ।
ਇਕਬਾਲ ਭੈਣ ਭਰਾ ਰਿਸ਼ਤੇ ਕਦੇ ਦਰਾੜ ਨਾ ਆਵੇ।
ਹਰ ਭੈਣ ਨੂੰ ਵੀਰ ਮਿਲੇ ਦਿਲੋਂ ਇਹੀ ਅਵਾਜ਼ ਆਵੇ।
ਇਕਬਾਲ ਸਿੰਘ ਪੁੜੈਣ
8872897500
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly