(ਸਮਾਜ ਵੀਕਲੀ)
ਇੱਕ ਜੰਨਤ ਦੀ ਅਪਸਰਾ ਕਾਮਣੀ ਰੰਭਾ
ਜਦ ਪਿਆਰ ਦੀ ਤ੍ਰਿਹਾਈ
ਉਹਦੀ ਖੁਲ੍ਹਦੀ ਏ ਅੱਖ
ਤ੍ਰਾਹ ਨਿਕਲ ਜਾਂਦਾ ਏ
ਗੁਲਦਾਊਦੀ ਦੇ ਫੁੱਲਾਂ ਦਾ
ਤੇ ਮੁਰਝਾ ਜਾਂਦੀਆਂ ਨੇ ਚੰਬੇ ਦੀਆਂ ਕਲੀਆਂ
ਜਦ ਪੱਬ ਰੱਖਦੀ ਐ ਧਰਤੀ ਤੇ ਉਹ
ਤਦ ਪੈ ਜਾਂਦਾ ਏ ਮੁੱਲ, ਰਾਹਾਂ ‘ਚ ਪੲੇ ਕੱਖਾਂ ਦਾ
ਤੇ ਆਖਦੀ ਏ ਵਿਸ਼ਵਾਮਿੱਤਰ ਨੂੰ
ਕਿ ਲਿਖ ਕੋਈ ਸਲੋਕ ਆਪਣੇ ਤੇਜੱਸਵ ਦਾ
ਮੇਰੀ ਹਿੱਕ ਤੇ
ਮੈਂ ਤੇਰੇ ਨਸੀਬ ਦਾ ਇੱਕ ਯੁੱਗ ਬਣ ਕੇ ਆਈ ਹਾਂ
ਤੋੜ ਆਪਣਾ ਤਪੱਸਵੀ ਮੌਨ ਤੇ ਮੇਰੇ ਤਨ ਦੀ ਸੁਰਾਹੀ ਨੂੰ
ਸਿੱਜਦਾ ਕਰ ।
ਤੇ ਮੇਰੇ ਇੱਕ ਇੱਕ ਕਦਮ ਦਾ ਸੁਮੇਧ ਫਲ ਦੇਹ
ਕਿ ਤੇਰੇ ਗਿਆਨ ਦੀ ਝਾਂਜਰ ਪਹਿਨ ਕੇ ਪਰਤ ਜਾਵਾਂ
ਹਾਲੇ ਅਧੂਰਾ ਏ ਤੂੰ ਵਿਸ਼ਵਾਮਿੱਤਰ, ਰੰਭਾ ਦੇ ਵੇਦ ਤੋਂ
ਤੇ ਜੱਨਤ ਮੇਰੇ ਰੂਪ ਦੇ ਜ਼ੱਰੇ ਜ਼ੱਰੇ ਵਿਚ ਹੈ
ਤੂੰ ਮੇਰੇ ਜੋਬਨ ਦੇ ਜਸ਼ਨ ਦੀਆਂ ਘੁੱਟਾਂ ਦਾ
ਉਤਸਵ ਮਨਾ।
ਮੇਰੇ ਹੁਸਨ ਦੇ ਵੇਦ ਦਾ ਆਖ਼ਰੀ ਪੰਨਾ ਛੂਹ
ਤੇ ਤੈਨੂੰ ਅਮਰ ਕਰ ਜਾਵਾਂ ਮੈਂ।
?️ਸਰਵਣ ਸੰਗੋਜਲਾ