ਨਵੀਂ ਦਿੱਲੀ- ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਅੱਜ ਆਈਸੀਸੀ ’ਤੇ ਤਨਜ਼ ਕੱਸਿਆ ਕਿਉਂਕਿ ਉਸ ਦਾ ਨਾਮ ਚੋਟੀ ਦੀ ਸੰਸਥਾ ਨੇ ਕੌਮਾਂਤਰੀ ਕ੍ਰਿਕਟ ਦੇ ਸਰਵੋਤਮ ਪੁਲਸ਼ਾਟ ਲਾਉਣ ਵਾਲੇ ਖਿਡਾਰੀਆਂ ਨੂੰ ਚੁਣਨ ਲਈ ਕਰਵਾਏ ਗਏ ਸਰਵੇਖਣ ਵਿੱਚ ਸ਼ਾਮਲ ਨਹੀਂ ਕੀਤਾ।
ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਪੁਲਸ਼ਾਟ ਖੇਡਦਿਆਂ ਚਾਰ ਬੱਲੇਬਾਜ਼ਾਂ ਦੀ ਤਸਵੀਰ ਦਾ ‘ਕੋਲਾਜ਼’ ਟਵੀਟ ਕੀਤਾ ਅਤੇ ਪ੍ਰਸ਼ੰਸਕਾਂ ਤੋਂ ਪੁੱਛਿਆ ਕਿ ਇਸ ਵਿੱਚ ਸਰਵੋਤਮ ਕੌਣ ਹੈ। ਇਸ ਵਿੱਚ ਵੈਸਟ ਇੰਡੀਜ਼ ਦਾ ਮਹਾਨ ਕ੍ਰਿਕਟਰ ਵਿਵ ਰਿਚਰਡਜ਼, ਆਸਟਰੇਲੀਆ ਦਾ ਰਿੱਕੀ ਪੋਂਟਿੰਗ, ਦੱਖਣੀ ਅਫਰੀਕਾ ਦਾ ਸਾਬਕਾ ਬੱਲੇਬਾਜ਼ ਹਰਸ਼ਲ ਗਿੱਬਸ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਸ਼ਾਮਲ ਸਨ। ਰੋਹਿਤ ਇਸ ਤੋਂ ਖੁਸ਼ ਨਜ਼ਰ ਨਹੀਂ ਜਾਪਿਆ ਅਤੇ ਉਸ ਨੇ ਟਵੀਟ ਕੀਤਾ, ‘‘ਇਸ ਵਿੱਚ ਕਿਸੇ ਦੀ ਘਾਟ ਰੜਕ ਰਹੀ ਹੈ?? ਮੈਨੂੰ ਲਗਦਾ ਹੈ ਕਿ ਘਰ ਤੋਂ ਕੰਮ ਕਰਨਾ ਏਨਾ ਸੌਖਾ ਨਹੀਂ ਹੈ।’’ ਆਈਸੀਸੀ ਨੇ ਪੁੱਛਿਆ ਸੀ, ‘‘ਅਤੀਤ ਜਾਂ ਵਰਤਮਾਨ ਵਿੱਚ ਤੁਹਾਡੀ ਰਾਇ ਵਿੱਚ ਕਿਸ ਬੱਲੇਬਾਜ਼ ਦਾ ਬਿਹਤਰੀਨ ਪੁਲਸ਼ਾਟ ਹੈ?’’ ਕੋਵਿਡ-19 ਦੇ ਮੱਦੇਨਜ਼ਰ ਪੂਰੀ ਦੁਨੀਆਂ ਥੰਮ੍ਹ ਗਈ ਹੈ ਅਤੇ ਰੋਹਿਤ ਨੇ ਵਾਤਵਰਣ ਤਬਦੀਲੀ ਦੇ ਅਸਰ ਬਾਰੇ ਅਤੇ ਦੁਨੀਆਂ ਭਰ ਵਿੱਚ ਜਾਰੀ ‘ਕਰਫਿਊ’ ਦੇ ਚੰਗੇ ਪਹਿਲੂਆਂ ਬਾਰੇ ਆਪਣੀ ਰਾਇ ਸਾਂਝੀ ਕੀਤੀ। ਉਸ ਨੇ ਲਿਖਿਆ, ‘‘ਇਸ ਬਹੁਤ ਮੁਸ਼ਕਲ ਅਤੇ ਖ਼ਤਰਨਾਕ ਦੌਰ ਵਿੱਚ ਧਰਤੀ ਮਾਂ ਨੇ ਖ਼ੁਦ ਨੂੰ ਠੀਕ ਕਰਨ ਦਾ ਤਰੀਕਾ ਲੱਭ ਲਿਆ ਹੈ।’’
Sports ਰੋਹਿਤ ਸ਼ਰਮਾ ਨੇ ਆਈਸੀਸੀ ’ਤੇ ਕੱਸਿਆ ਵਿਅੰਗ