ਰੋਮੀ ਘੜਾਮੇਂ ਵਾਲ਼ਾ ਦਾ ਪੁਆਧੀ ਗੀਤ ‘ਯੋਹੀ ਘੋੜੇ ਆਲ਼ਾ’ ਰਿਲੀਜ਼

ਬਨੂੰੜ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) – ਪੰਜਾਬ ਦੇ ਪ੍ਰਮੁੱਖ ਖਿੱਤਿਆਂ ਮਾਝੇ, ਮਾਲਵੇ ਤੇ ਦੁਆਬੇ ਦੇ ਨਾਲ਼ ਨਾਲ਼ ਬੇਸ਼ੱਕ ਪੁਆਧ ਦਾ ਵੀ ਆਪਣਾ ਇੱਕ ਨਿਵੇਕਲਾ ਸਥਾਨ ਹੈ ਪਰ ਅਫ਼ਸੋਸ ਕਿ ਇਹ ਖੇਤਰ ਹਰ ਪਾਸਿਓਂ ਅਣਗੋਲ਼ਿਆ ਹੀ ਰਿਹਾ ਹੈ। ਇਸੇ ਸਥਿਤੀ ਦੇ ਮੱਦੇਨਜ਼ਰ ਪੁਆਧ ਦੇ ਸਾਹਿਤਕਾਰ, ਪੱਤਰਕਾਰ ਅਤੇ ਗਾਇਕ ਆਦਿ ਪਿਛਲੇ ਕੁੱਝ ਸਾਲਾਂ ਤੋਂ ਆਪਣੇ ਵਿਸ਼ੇਸ਼ ਉਪਰਾਲਿਆਂ ਸਦਕਾ ਇਸਦੇ ਉਭਾਰ ਲਈ ਖ਼ਾਸ ਤੌਰ ‘ਤੇ ਯਤਨਸ਼ੀਲ ਹਨ।

ਇਹਨਾਂ ਵਿੱਚੋਂ ਹੀ ਇੱਕ ਗਾਇਕ ਅਤੇ ਗੀਤਕਾਰ ਰੋਮੀ ਘੜਾਮੇਂ ਵਾਲ਼ਾ ਦਾ ਪੁਆਧੀ ਗੀਤ ‘ਯੋਹੀ ਘੋੜੇ ਆਲ਼ਾ’ ਅੱਜ ਗੁਰੂ ਨਾਨਕ ਮੋਦੀਖਾਨਾ ਪਿੰਡ ਘੜਾਮਾਂ ਵਿਖੇ ਤਾਜ ਵੀਡੀਓ ਸ਼ੂਟਿੰਗ ਚੈਨਲ ‘ਤੇ ਰਿਲੀਜ਼ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਵੀਡੀਓ ਡਾਇਰੈਕਟਰ ਭਿੰਦਰ ਤਾਜ ਨੇ ਦੱਸਿਆ ਕਿ ਰੋਮੀ ਦੁਆਰਾ ਖੁਦ ਲਿਖੇ ਤੇ ਗਾਏ ਅਤੇ ਬਲਵੀਰ ਸਿੰਘ ਯੂ.ਐੱਸ.ਏ. (ਐੱਮ. ਡੀ. ਗੁਰੂ ਨਾਨਕ ਮੋਦੀਖਾਨਾ) ਵੱਲੋਂ ਪ੍ਰੋਡਿਊਸ ਕੀਤੇ ਇਸ ਗੀਤ ਵਿੱਚ ਸ਼ਰੀਕੇਬਾਜ਼ੀ ਦੇ ਚਲਦਿਆਂ ਪੈਦਾ ਹੋਏ ਦੁਖਾਂਤ ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ਼ ਪੇਸ਼ ਕੀਤਾ ਗਿਆ ਹੈ। ਬੇਸ਼ੱਕ ਇਸ ਤਰ੍ਹਾਂ ਦਾ ਕੇਂਦਰੀ ਭਾਵ ਟਕਸਾਲੀ ਪੰਜਾਬੀ ਵਿੱਚ ਵੀ ਆਸਾਨੀ ਨਾਲ਼ ਵਰਨਣ ਕੀਤਾ ਜਾ ਸਕਦਾ ਸੀ ਪਰ ਉਪਰੋਕਤ ਦੱਸੇ ਕਾਰਨ ਕਰਕੇ ਇਹ ਗੀਤ ਪੁਆਧੀ ਬੋਲੀ ਵਿੱਚ ਬਣਾਇਆ ਗਿਆ।

ਫਿਲਮਾਂਕਣ ਵਿੱਚ ਰੋਮੀ ਦੇ ਨਾਲ਼ ਪੂਰਨ ਸਿੰਘ ਸਾਬਕਾ ਸਰਪੰਚ, ਅੰਗਰੇਜ ਸਿੰਘ ਸੂਬਾਈ ਮੀਤ ਪ੍ਰਧਾਨ ਅੰਤਰਰਾਸ਼ਟਰੀ ਇਨਕਲਾਬੀ ਮੰਚ ਤੇ ਗੱਗੀ ਟੋਹੜਾ (ਬਾਲ ਕਲਾਕਾਰ) ਨੇ ਸਾਧਾਂ ਦੀਆਂ ਭੂਮਿਕਾਵਾਂ ਬਾਖੂਬੀ ਨਿਭਾਈਆਂ। ਇਸ ਮੌਕੇ ਸਿਮਰਨਜੀਤ ਸਿੰਘ (ਮੈਨੇਜਰ ਗੁਰੂ ਨਾਨਕ ਮੋਦੀਖਾਨਾ), ਬੀਰ ਸਿੰਘ ਮਿੱਠੂ, ਕੁਲਵੀਰ ਸਿੰਘ ਗੋਲਾ, ਬਲਜਿੰਦਰ ਸਿੰਘ ਖੰਨਾ, ਨਰਮੈਲ ਸਿੰਘ ਪੰਚ ਅਤੇ ਹੋਰ ਪਤਵੰਤੇ ਵਿਸ਼ੇਸ਼ ਤੌਰ ਹਾਜ਼ਰ ਹੋਏ।

Previous articleਸੰਤਾਂ ਮਾਨਿਓ,ਦੂਤਾ ਡਾਨਓ,ਇਹ ਕੁਟਵਾਰੀ ਮੇਰੀ
Next articleਬੈਠੀ ਐਂ ਬਣ ਕੇ ਤੂੰ ਬੁੱਤ ਨੀਂ ਸਰਕਾਰੇ……