ਮੋਹਾਲੀ (ਸਮਾਜ ਵੀਕਲੀ) (ਰਮੇਸ਼ਵਰ ਸਿੰਘ)- ਆਪਣੀਆਂ ਸਿਆਸੀ ਵਿਅੰਗਮਈ ਰਚਨਾਵਾਂ ਲਈ ਮਸ਼ਹੂਰ ਗੀਤਕਾਰ ਅਤੇ ਗਾਇਕ ਰੋਮੀ ਘੜਾਮੇਂ ਵਾਲ਼ਾ ਦਾ ਨਵਾਂ ਗੀਤ ‘ਮੈਂ ਇੱਕ ਸ਼ਹਿਰ ਅਭਾਗਾ ਬੋਲਦਾ’ ਅੱਜ ਕਸਬਾ ਸੋਹਾਣਾ ਦੇ ਹੈਪੀ ਸਟੂਡੀਓ ਵਿਖੇ ਉੱਘੇ ਸਮਾਜ ਸੇਵਕ ਤੇ ਅੰਤਰਰਾਸ਼ਟਰੀ ਪੁਆਧੀ ਮੰਚ ਦੇ ਪ੍ਰਮੁੱਖ ਆਗੂ ਹਰਦੀਪ ਸਿੰਘ ਬਠਲਾਣਾ ਵੱਲੋਂ ਯੂ ਟਿਊਬ ਚੈਨਲ ਆਰ ਜੀ ਡਬਲਿਯੂ ਕਰੀਏਸ਼ਨਸ ‘ਤੇ ਰਿਲੀਜ਼ ਕੀਤਾ ਗਿਆ ।
ਇਸ ਬਾਬਤ ਜਾਣਕਾਰੀ ਦਿੰਦਿਆਂ ਰੋਮੀ ਨੇ ਦੱਸਿਆ ਕਿ ਪੰਜਾਬ ਜਾਂ ਭਾਰਤ ਹੀ ਨਹੀਂ ਬਲਕਿ ਏਸ਼ੀਆ ਦੇ ਲੱਗਭਗ ਸਾਰੇ ਛੋਟੇ ਸ਼ਹਿਰਾਂ ਦੀਆਂ ਜਮੀਨੀ ਹਕੀਕਤਾਂ (ਮੁੱਦੇ ਤੇ ਸਮੱਸਿਆਵਾਂ) ਬਿਆਨ ਕਰਦਾ ਇਹ ਗੀਤ ਉਸਨੇ ਖੁਦ ਲਿਖਿਆ ਅਤੇ ਗਾਇਆ ਹੈ। ਰੁਪਿੰਦਰ ਜੋਧਾਂ ਜਾਪਾਨ ਤੇ ਸ਼ਿਵ ਕੁਮਾਰ ਲਾਲਪੁਰਾ ਨੇ ਸਾਂਝੇ ਤੌਰ ‘ਤੇ ਪ੍ਰੋਡਿਊਸ ਕੀਤਾ ਅਤੇ ਸੰਗੀਤਕ ਧੁਨਾਂ ਨਾਲ਼ ਸੰਗੀਤਕਾਰ ਡੀ. ਮਹਿਰਾ (ਸੁਨਾਮ) ਨੇ ਸ਼ਿੰਗਾਰਿਆ। ਫਿਲਮਾਂਕਣ ਵੀਡੀਓ ਡਾਇਰੈਕਟਰ ਭੁਪਿੰਦਰ ਸਿੰਘ ਦੁਰਾਲੀ ਵੱਲੋਂ ਕੀਤਾ ਗਿਆ।
ਜਿਕਰਯੋਗ ਹੈ ਕਿ ਰੋਮੀ ਦੇ ਹੁਣ ਤੱਕ ਆਏ ਮੁੰਡਾ ਚੌਂਕੀਦਾਰ ਲੱਗਿਆ, ਜੁਮਲੇ ਲੈ ਲਉ ਜੁਮਲੇ, ਗੋਦੀ ਮੀਡੀਆ (ਹਿੰਦੀ ਤੇ ਪੰਜਾਬੀ), ਜਾਗ ਪੰਜਾਬ ਸਿਆਂ ਅਤੇ ਵੋਟਾਂ ਵਾਲ਼ੇ ਆਏ ਨੇ ਆਦਿ ਸਿਆਸੀ ਚੇਤਨਤਾ ਨੂੰ ਸਮਰਪਿਤ ਗੀਤਾਂ ਨੂੰ ਸਰੋਤਿਆਂ ਨੇ ਮਣਾ ਮੂਹੀਂ ਪਿਆਰ ਨਾਲ਼ ਨਿਵਾਜਿਆ ਹੈ। ਇਸ ਮੌਕੇ ਭਗਵੰਤ ਸਿੰਘ ਗੀਗੇਮਾਜਰਾ ਡਾਇਰੈਕਟਰ ਮਿਲਕ ਪਲਾਂਟ ਮੋਹਾਲੀ , ਅਮਰਜੀਤ ਸਿੰਘ ਬੈਦਵਾਣ, ਸਿਮਰਨ ਮੋਹਾਲੀ ਅਤੇ ਨੂਰ ਬਠਲਾਣਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।