ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਦੇ ਮੈਦਾਨ ’ਤੇ ਨਾ ਉਤਰਨ ਤੋਂ ਨਿਰਾਸ਼ ਦੱਖਣੀ ਕੋਰੀਆ ਦੇ ਲਗਪਗ 2000 ਫੁਟਬਾਲ ਪ੍ਰਸ਼ੰਸਕ ਪ੍ਰਬੰਧਕਾਂ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਤਿਆਰੀ ਕਰ ਰਹੇ ਹਨ। ਖੇਡ ਏਜੰਸੀ ਦੇ ਕਾਨੂੰਨੀ ਸਲਾਹਕਾਰ ਨੇ ਅੱਜ ਦੱਸਿਆ ਕਿ ਬੀਤੇ ਹਫ਼ਤੇ ਇੱਥੋਂ ਦੇ ਕੇ-ਲੀਗ ਦੀ ਟੀਮ ਦਾ ਸਾਹਮਣਾ ਯੁਵੈਂਟਸ ਨਾਲ ਸੀ, ਪਰ ਰੋਨਾਲਡੋ ਇੱਕ ਸੈਕਿੰਡ ਲਈ ਵੀ ਮੈਦਾਨ ’ਤੇ ਨਹੀਂ ਉਤਰਿਆ। ਮੈਦਾਨ ਵਿੱਚ ਮੌਜੂਦ ਕਰੀਬ 65,000 ਦਰਸ਼ਕ ਵਾਰ-ਵਾਰ ਉਸ ਦਾ ਨਾਮ ਪੁਕਾਰ ਰਹੇ ਸਨ, ਪਰ ਰੋਨਾਲਡੋ ਨੇ ਇਸ ਨੂੰ ਅਣਗੌਲਿਆ ਕਰ ਦਿੱਤਾ। ਕਈ ਪ੍ਰਸ਼ੰਸਕ ਨਿਰਾਸ਼ ਹੋ ਕੇ ਅਰਜਨਟੀਨਾ ਦੇ ਉਸ ਦੇ ਵਿਰੋਧੀ ਖਿਡਾਰੀ ਲਾਇਨਲ ਮੈਸੀ ਦੇ ਨਾਮ ਦਾ ਨਾਹਰਾ ਲਾਉਣ ਲੱਗੇ। ਜਦੋਂ ਇਸ ਮੈਚ ਦਾ ਐਲਾਨ ਕੀਤਾ ਗਿਆ ਸੀ ਤਾਂ ਪ੍ਰਬੰਧਕਾਂ ਨੇ ਦੱਸਿਆ ਸੀ ਕਿ ਯੂਵੈਂਟਸ ਇਸ ਗੱਲ ਲਈ ਤਿਆਰ ਹੈ ਕਿ ਰੋਨਾਲਡੋ ਘੱਟ ਤੋਂ ਘੱਟ 45 ਮਿੰਟ ਤੱਕ ਮੈਦਾਨ ’ਤੇ ਰਹੇਗਾ। ਇਸ ਮੁਕਾਬਲੇ ਲਈ ਟਿਕਟ ਦੀ ਕੀਮਤ 25 ਡਾਲਰ ਤੋਂ 338 ਡਾਲਰ ਤੱਕ ਰੱਖੀ ਗਈ ਸੀ। ਤਿੰਨ ਜੁਲਾਈ ਨੂੰ ਟਿਕਟਾਂ ਦੀ ਵਿਕਰੀ ਸ਼ੁਰੂ ਹੋਣ ਦੇ ਢਾਈ ਘੰਟੇ ਦੇ ਅੰਦਰ ਸਾਰੀਆਂ ਟਿਕਟਾਂ ਵਿਕ ਗਈਆਂ ਸਨ। ਕਾਨੂੰਨੀ ਸਲਾਹ ਦੇਣ ਵਾਲੀ ਕੰਪਨੀ ਮਿਊਂਗਾਨ ਦੇ ਵਕੀਲ ਕਿਮ ਹੁਨ-ਕੀ ਨੇ ਇਸ ਖ਼ਬਰ ਏਜੰਸੀ ਨੂੰ ਕਿਹਾ, ‘‘ਪ੍ਰਬੰਧਕਾਂ ਦੇ ਅਗਲੇ ਹਫ਼ਤੇ ਤੱਕ ਟਿਕਟਾਂ ਖ਼ਰੀਦਦਾਰਾਂ ਨੂੰ ਮੁਆਵਜ਼ਾ ਦੇਣ ਸਬੰਧੀ ਕੋਈ ਠੋਸ ਯੋਜਨਾ ਪੇਸ਼ ਨਾ ਕਰਨ ਦੀ ਸੂਰਤ ਵਿੱਚ ਅਸੀਂ ਅਧਿਕਾਰਤ ਤੌਰ ’ਤੇ ਉਨ੍ਹਾਂ ਵੱਲੋਂ ਮੁਕੱਦਮਾ ਦਾਇਰ ਕਰਨ ਦੀ ਯੋਜਨਾ ਬਣਾ ਰਹੇ ਹਾਂ।’’ ਇਸ ਮੈਚ ਮਗਰੋਂ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕ ਰੋਨਾਲਡੋ ਖ਼ਿਲਾਫ਼ ਗੁੱਸਾ ਕੱਢ ਰਹੇ ਹਨ। ਇੱਕ ਪ੍ਰਸ਼ੰਸਕ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘‘ਉਸ ਨੇ 60,000 ਦਰਸ਼ਕਾਂ ਨਾਲ ਧੋਖਾ ਕੀਤਾ ਅਤੇ ਸਾਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ। ਮੈਂ ਹੁਣ ਰੋਨਾਲਡੋ ਦਾ ਪ੍ਰਸ਼ੰਸਕ ਨਹੀਂ ਰਿਹਾ।’’
Sports ਰੋਨਾਲਡੋ ਦੇ ਨਾ ਖੇਡਣ ਤੋਂ ਕੋਰਿਆਈ ਪ੍ਰਸ਼ੰਸਕ ਨਿਰਾਸ਼