ਦੁਨੀਆਂ ਦੇ ਧੁਨੰਤਰ ਫੁੱਟਬਾਲ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਦੀ ਅੱਠਵੀਂ ਹੈਟਟ੍ਰਿਕ ਦੀ ਬਦੌਲਤ ਇਟਲੀ ਦੇ ਫੁੱਟਬਾਲ ਕਲੱਬ ਯੁਵੈਂਟਸ ਦੇ ਪ੍ਰੀ ਕੁਅਰਟਰਫਾਈਨਲ ਦੇ ਦੂਜੇ ਗੇੜ ਵਿੱਚ ਮੰਗਲਵਾਰ ਨੂੰ ਇੱਥੇ ਐਟਲੇਟੀਕੋ ਮੈਡਰਿਡ ਨੂੰ 3-0 ਨਾਲ ਹਰਾ ਕੇ ਕੁਆਰਟਰ ਫਾਈਨਲ ਦੇ ਵਿੱਚ ਥਾਂ ਪੱਕੀ ਕਰ ਲਈ ਹੈ। ਰੋਨਾਲਡੋ ਦੀ ਇਹ ਚੈਂਪੀਅਨਜ਼ ਲੀਗ ਦੇ ਵਿੱਚ ਅੱਠਵੀਂ ਹੈਟਟ੍ਰਿਕ ਹੈ। ਇਸ ਦੇ ਨਾਲ ਉਸ ਨੇ ਬਾਰਸੀਲੋਨਾ ਦੇ ਲਿਓਨਲ ਮੈਸੀ ਦੀ ਬਰਾਬਰੀ ਕਰ ਲਈ ਹੈ। ਜੁਵੈਂਟਸ ਨੇ ਇਸ ਜਿੱਤ ਦੇ ਨਾਲ ਪਹਿਲੇ ਗੇੜ ਦੇ ਮੁਕਾਬਲੇ ਵਿੱਚ ਸਪੇਨ ਦੇ ਕਲੱਬ ਤੋਂ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ ਹੈ। ਜੁਵੈਂਟਸ ਨੇ ਐਟਲੇਟੀਕੋ ਉੱਤੇ 3-2 ਦੇ ਨਾਲ ਜਿੱਤ ਦਰਜ ਕੀਤੀ ਹੈ। ਪਹਿਲਾਂ ਰਿਆਲ ਮੈਡਰਿਡ ਦੇ ਨਾਲ ਜੁੜੇ ਰਹੇ ਰੋਨਾਲਡੋ ਨੇ ਮੈਚ ਦੇ 27ਵੇਂ ਮਿੰਟ ਦੇ ਵਿੱਚ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਉਸ ਨੇ ਦੂਜੇ ਅੱਧ ਦੇ ਸ਼ੁਰੂ ਵਿੱਚ (49ਵੇਂ ਮਿੰਟ) ਵਿੱਚ ਇੱਕ ਹੋਰ ਗੋਲ ਕਰਕੇ ਗੋਲਾਂ ਦੇ ਫਰਕ ਨੂੰ ਦੁੱਗਣਾ ਕਰ ਦਿੱਤਾ। ਮੈਚ ਖਤਮ ਹੋਣ ਤੋਂ ਕੁੱਝ ਸਮੇਂ ਪਹਿਲਾਂ ਰੋਨਾਲਡੋ ਨੇ ਪੈਨਲਟੀ ਰਾਹੀਂ ਗੋਲ ਕਰਕੇ ਐਟਲੇਟੀਕੋ ਮੈਡਰਿਡ ਦੀਆਂ ਉਮੀਦਾਂ ਉੱਤੇ ਪਾਣੀ ਫੇਰ ਦਿੱਤਾ। ਇਸ ਜਿੱਤ ਤੋਂ ਬਾਅਦ ਰੋਨਾਡਡੋ ਨੇ ਐਟਲੇਟੀਕੋ ਮੈਡਰਿਡ ਦੇ ਕੋਚ ਡਿਏਗੋ ਸਿਮੋਨ ਦੇ ਪਹਿਲੇ ਗੇੜ ਵਿੱਚ ਕੀਤੇ ਅਸ਼ਲੀਲ ਇਸ਼ਾਰੇ ਦੀ ਨਕਲ ਕੀਤੀ। ਸਿਮੋਨ ਨੇ ਪਹਿਲੇ ਗੇੜ ਵਿੱਚ 2-0 ਨਾਲ ਮੈਚ ਜਿੱਤਣ ਤੋਂ ਬਾਅਦ ਅਜਿਹਾ ਹੀ ਇਸ਼ਾਰਾ ਕੀਤਾ ਸੀ। ਇਸ ਤੋਂ ਬਾਅਦ ਯੂਏਫਾ ਨੇ ਉਸ ਦੇ ਉੱਤੇ 20,000 ਯੁਰੋ ਦਾ ਜੁਰਮਾਨਾ ਲਾਇਆ ਸੀ। ਹੁਣ ਰੋਨਾਲਡੋ ਨੂੰ ਜੁਰਮਾਨਾ ਹੁੰਦਾ ਹੈ ਜਾਂ ਨਹੀਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗ ਸਕੇਗਾ।
Sports ਰੋਨਾਲਡੋ ਦੀ ਹੈਟ੍ਰਿਕ ਦੇ ਨਾਲ ਜੁਵੈਂਟਸ ਚੈਂਪੀਅਨਜ਼ ਲੀਗ ਦੇ ਕੁਆਰਟਰ ਫਾਈਨਲਜ਼ ’ਚ