ਰੋਕਾਂ ਦੇ ਬਾਵਜੂਦ ਨਹੀਂ ਰੁਕਿਆ ਰੋਹ

ਕਸ਼ਮੀਰੀ ਲੋਕਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਪੰਜਾਬ ਦੀਆਂ 11 ਕਿਸਾਨ ਜਥੇਬੰਦੀਆਂ ਸਮੇਤ ਕਿਰਤੀ, ਕਿਸਾਨ, ਪੇਂਡੂ/ਖੇਤ ਮਜ਼ਦੂਰ, ਸਨਅਤੀ ਮਜ਼ਦੂਰ ਅਤੇ ਨੌਜਵਾਨਾਂ ਵੱਲੋਂ ਮੁਹਾਲੀ ਵਿੱਚ ਅੱਜ ਕੀਤੀ ਜਾਣ ਵਾਲੀ ਕੌਮੀ ਪੱਧਰ ਦੀ ਰੋਸ ਰੈਲੀ ਪੰਜਾਬ ਸਰਕਾਰ ਨੇ ਭਾਵੇਂ ਪੁਲੀਸ ਰੋਕਾਂ ਲਗਾ ਕੇ ਠੁੱਸ ਕਰ ਦਿੱਤੀ, ਪਰ ਸਰਕਾਰੀ ਰੋਕਾਂ ਦੇ ਬਾਵਜੂਦ ਸੈਂਕੜੇ ਕਿਸਾਨ, ਮੁਲਾਜ਼ਮ, ਮਜ਼ਦੂਰ ਤੇ ਵਿਦਿਆਰਥੀ ਪੁਲੀਸ ਨੂੰ ਝਕਾਨੀ ਦੇ ਕੇ ਮੁਹਾਲੀ ਪਹੁੰਚਣ ਵਿੱਚ ਸਫਲ ਰਹੇ। ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਕਾਰਕੁਨ ਕਾਫ਼ਲੇ ਬਣਾ ਕੇ ਆਉਣ ਦੀ ਥਾਂ ਚੰਡੀਗੜ੍ਹ ਦੇ ਰਸਤੇ ਆਟੋ ਵਿੱਚ ਸਵਾਰ ਹੋ ਕੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਪਹੁੰਚ ਗਏ। ਇਸ ਮਗਰੋਂ ਉਨ੍ਹਾਂ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਚੰਡੀਗੜ੍ਹ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁਰਦੁਆਰੇ ਦੇ ਬਾਹਰੋਂ ਹੀ ਪੁਲੀਸ ਨੇ ਉਨ੍ਹਾਂ ਦਾ ਰਾਹ ਡੱਕ ਲਿਆ। ਨੌਜਵਾਨਾਂ ਨੇ ਪੁਲੀਸ ਨਾਲ ਉਲਝਣ ਦੀ ਕੋਸ਼ਿਸ਼ ਕੀਤੀ ਤਾਂ ਸੁਰੱਖਿਆ ਦਸਤੇ ਨੇ ਉਨ੍ਹਾਂ ਨੂੰ ਧੱਕੇ ਨਾਲ ਆਪਣੇ ਵਾਹਨਾਂ ਵਿੱਚ ਸੁੱਟ ਲਿਆ। ਪੁਲੀਸ ਨੇ ਇਨ੍ਹਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਤੇ ਮਗਰੋਂ ਹਰਿਆਣਾ ਦੀ ਸਰਹੱਦ ’ਤੇ ਲਿਜਾ ਕੇ ਛੱਡ ਦਿੱਤਾ।
ਇਸੇ ਤਰ੍ਹਾਂ ਫਿਰੋਜ਼ਪੁਰ ਤੇ ਲੁਧਿਆਣਾ ਅਤੇ ਹੋਰਨਾਂ ਇਲਾਕਿਆਂ ’ਚੋਂ ਵੱਡੀ ਗਿਣਤੀ ਕਿਸਾਨ, ਕਿਰਤੀ, ਖੇਤ ਤੇ ਸਨਅਤੀ ਮਜ਼ਦੂਰ ਅਤੇ ਮੁਲਾਜ਼ਮ ਰੇਲਗੱਡੀ ਰਾਹੀਂ ਮੁਹਾਲੀ ਰੇਲਵੇ ਸਟੇਸ਼ਨ ’ਤੇ ਪਹੁੰਚ ਗਏ। ਇਨ੍ਹਾਂ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਹਰਜਿੰਦਰ ਸਿੰਘ ਕਰ ਰਹੇ ਸੀ। ਇਹ ਲੋਕ ਜਿਵੇਂ ਹੀ ਰੇਲਗੱਡੀ ਤੋਂ ਉੱਤਰ ਕੇ ਸ਼ਹਿਰ ਵੱਲ ਵਧੇ ਤਾਂ ਰੇਲਵੇ ਸਟੇਸ਼ਨ ਦੇ ਬਾਹਰ ਤਾਇਨਾਤ ਪੁਲੀਸ ਨੇ ਉਨ੍ਹਾਂ ਦਾ ਰਾਹ ਡੱਕ ਲਿਆ। ਇਸ ਕਾਰਨ ਉਹ ਰੇਲਵੇ ਸਟੇਸ਼ਨ ਦੇ ਬਾਹਰ ਹੀ ਧਰਨਾ ਲਗਾ ਕੇ ਬੈਠ ਗਏ। ਪੁਲੀਸ ਨਾਲ ਖਿੱਚ-ਧੂਹ ਦੇ ਬਾਵਜੂਦ ਪ੍ਰਦਰਸ਼ਨਕਾਰੀ ਆਪਣੀ ਗੱਲ ਕਹਿ ਕੇ ਹਟੇ, ਮਗਰੋਂ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲੀਸ ਉਨ੍ਹਾਂ ਨੂੰ ਚਾਰ ਸਕੂਲ ਬੱਸਾਂ ਵਿੱਚ ਬਿਠਾ ਕੇ ਸ਼ਹਿਰ ਤੋਂ ਬਾਹਰ ਲੈ ਗਈ। ਸੂਤਰਾਂ ਮੁਤਾਬਕ ਪੁਲੀਸ ਨੇ ਇਨ੍ਹਾਂ ਨੂੰ ਸਰਹਿੰਦ ਰੇਲਵੇ ਸਟੇਸ਼ਨ ’ਤੇ ਲਿਜਾ ਕੇ ਲੁਧਿਆਣਾ ਜਾਣ ਵਾਲੀ ਗੱਡੀ ਵਿੱਚ ਚੜ੍ਹਾ ਦਿੱਤਾ।
ਹਰਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੀ ਰੈਲੀ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਕਿਸਾਨ ਸੰਘਰਸ਼ ਕਮੇਟੀ, ਖੇਤ ਮਜ਼ਦੂਰ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਤੇ ਹੋਰਨਾਂ ਜਥੇਬੰਦੀਆਂ ਦਾ ਭਰਪੂਰ ਸਮਰਥਨ ਸੀ, ਪਰ ਪੰਜਾਬ ਸਰਕਾਰ ਨੇ ਸੰਘਰਸ਼ ਦੇ ਰਾਹ ਵਿੱਚ ਰੋਕਾਂ ਲਗਾ ਕੇ ਜਮਹੂਰੀਅਤ ਦਾ ਗਲਾ ਘੁੱਟਿਆ ਹੈ। ਉਨ੍ਹਾਂ ਦੱਸਿਆ ਕਿ ਇਕੱਲੇ ਮਾਲਵੇ ਖੇਤਰ ਵਿੱਚ 14 ਥਾਵਾਂ ’ਤੇ ਪੁਲੀਸ ਨੇ ਰੈਲੀ ਵਿੱਚ ਆ ਰਹੇ ਲੋਕਾਂ ਦਾ ਰਾਹ ਰੋਕਿਆ। ਮਾਝਾ ਅਤੇ ਦੁਆਬੇ ਵਿੱਚ ਵੀ ਕਾਫੀ ਥਾਵਾਂ ’ਤੇ ਲੋਕਾਂ ਨੂੰ ਰੋਕਿਆ ਗਿਆ। ਉਨ੍ਹਾਂ ਦੱਸਿਆ ਕਿ ਮੋਹਰੀ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਲਈ ਦੋ ਦਿਨਾਂ ਤੋਂ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਕਾਫ਼ੀ ਆਗੂ ਪਹਿਲਾਂ ਹੀ ਰੂਪੋਸ਼ ਹੋ ਗਏ ਸੀ। ਉਨ੍ਹਾਂ ਦੱਸਿਆ ਕਿ ਮੁਹਾਲੀ ਸਮੇਤ ਹੋਰ ਜਿੱਥੇ ਕਿਤੇ ਵੀ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਗਿਆ, ਉੱਥੇ ਮੋਦੀ ਸਰਕਾਰ ਅਤੇ ਕੈਪਟਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਈ ਥਾਵਾਂ ’ਤੇ ਪੁਤਲੇ ਵੀ ਸਾੜੇ ਗਏ। ਇਸ ਦੌਰਾਨ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁਹਾਲੀ ਵਿੱਚ ਰੈਲੀ ਲਈ ਮਨਜ਼ੂਰੀ ਦੇਣ ਤੋਂ ਇਨਕਾਰ ਕਰਕੇ ਦਰਸਾ ਦਿੱਤਾ ਹੈ ਕਿ ਕਾਂਗਰਸ, ਕਸ਼ਮੀਰੀ ਲੋਕਾਂ ਦੇ ਹੱਕ ਵਿੱਚ ਉੱਠ ਰਹੀ ਆਵਾਜ਼ ਨੂੰ ਦਬਾਉਣ ਵਿੱਚ ਭਾਜਪਾ ਤੋਂ ਕਿਸੇ ਗੱਲੋਂ ਘੱਟ ਨਹੀਂ ਹੈ।
ਇਸ ਦੌਰਾਨ ਮੁਹਾਲੀ ਦਾ ਦਸਹਿਰਾ ਗਰਾਊਂਡ ਅਤੇ ਵਾਈਪੀਐਸ ਚੌਕ ਨੇੜਲਾ ਇਲਾਕਾ ਪੂਰਾ ਦਿਨ ਪੁਲੀਸ ਛਾਉਣੀ ਵਿੱਚ ਤਬਦੀਲ ਰਿਹਾ। ਮੁਹਾਲੀ ਦੇ ਸਮੂਹ ਐਂਟਰੀ ਪੁਆਇੰਟਾਂ ਅਤੇ ਮੁੱਖ ਸੜਕਾਂ ’ਤੇ ਨਾਕਾਬੰਦੀ ਕਰਕੇ ਆਉਣ ਵਾਲੇ ਵਾਹਨਾਂ ਅਤੇ ਬਾਹਰਲੇ ਜ਼ਿਲ੍ਹਿਆਂ ਦੇ ਵਿਅਕਤੀਆਂ ’ਤੇ ਤਿੱਖੀ ਨਜ਼ਰ ਰੱਖੀ ਗਈ। ਡੀਸੀ ਗਿਰੀਸ਼ ਦਿਆਲਨ ਅਤੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਪਲ ਪਲ ਦੀ ਖ਼ਬਰ ਲੈ ਰਹੇ ਸੀ। ਐੱਸਡੀਐੱਮ ਜਗਦੀਪ ਸਹਿਗਲ ਨੇ ਦਸਹਿਰਾ ਗਰਾਊਂਡ ਅਤੇ ਵਾਈਪੀਐੱਸ ਚੌਕ ’ਤੇ ਮੋਰਚਾ ਸੰਭਾਲੀ ਰੱਖਿਆ, ਪਰ ਇਸ ਦੇ ਬਾਵਜੂਦ ਸੈਂਕੜੇ ਪ੍ਰਦਰਸ਼ਨਕਾਰੀ ਮੁਹਾਲੀ ਪਹੁੰਚ ਵਿੱਚ ਸਫ਼ਲ ਰਹੇ।

Previous articleUN chief condemns attacks on Saudi oil facilities
Next articleDahal calls for early finalization of project proposals under BRI