ਨਵੀਂ ਦਿੱਲੀ (ਸਮਾਜ ਵੀਕਲੀ)- ਰੇਲਵੇ ਬੋਰਡ ਨੇ ਆਪਣੀਆਂ ਜ਼ੋਨਲ ਇਕਾਈਆਂ ਨੂੰ ਕਿਹਾ ਹੈ ਕਿ ਰੇਲਵੇ ਨੂੰ ਕਰੋਨਾਵਾਇਰਸ ਦੇ ਮਰੀਜ਼ਾਂ ਦੇ ਇਲਾਜ ਲਈ ਰੇਲ ਗੱਡੀਆਂ ਦੇ 20 ਹਜ਼ਾਰ ਡੱਬਿਆਂ ਨੂੰ ਆਈਸੋਲੇਸ਼ਨ ਵਾਰਡ ’ਚ ਤਬਦੀਲ ਕਰਨ ਦੀ ਲੋੜ ਪੈ ਸਕਦੀ ਹੈ।
ਬੋਰਡ ਨੇ ਅੱਜ ਜ਼ੋਨਲ ਰੇਲਵੇ ਦੇ ਜਨਰਲ ਮੈਨੇਜਰਾਂ ਨੂੰ ਲਿਖੇ ਇੱਕ ਪੱਤਰ ’ਚ ਕਿਹਾ ਹੈ ਕਿ ਸ਼ੁਰੂਆਤ ’ਚ ਪੰਜ ਹਜ਼ਾਰ ਬੋਗੀਆਂ ਆਈਸੋਲੇਸ਼ਨ ਵਾਰਡ ’ਚ ਤਬਦੀਲ ਕਰਨ ਦੀ ਜ਼ਰੂਰਤ ਪਵੇਗੀ। ਇਸ ਲਈ ਉਨ੍ਹਾਂ ਨੂੰ ਤਿਆਰੀਆਂ ਕਰਨ ਲਈ ਕਿਹਾ ਗਿਆ ਹੈ।
ਬੋਰਡ ਨੇ ਕਿਹਾ ਹੈ ਕਿ ਫ਼ੈਸਲੇ ਤੋਂ ਪਹਿਲਾਂ ਰੇਲਵੇ ਨੇ ਫੌਜੀ ਬਲ ਮੈਡੀਕਲ ਸੇਵਾ, ਵੱਖ ਵੱਖ ਜ਼ੋਨਲ ਰੇਲਵੇ ਦੇ ਮੈਡੀਕਲ ਵਿਭਾਗਾਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਹੈ। ਬੋਰਡ ਨੇ ਕਿਹਾ ਕਿ ਰੇਲਵੇ ਦੇ ਪੰਜ ਜ਼ੋਨਾਂ ਨੇ ਆਈਸੋਲੇਸ਼ਨ ਵਾਰਡ ਦੇ ਨਮੂਨੇ ਪਹਿਲਾਂ ਹੀ ਤਿਆਰ ਕਰ ਲਏ ਹਨ। ਇਸ ਸਬੰਧੀ ਜਾਰੀ ਪੱਤਰ ’ਚ ਕਿਹਾ ਗਿਆ ਹੈ ਕਿ ਕਰੋਨਾਵਾਇਰਸ ਨਾਲ ਨਜਿੱਠਣ ਦੀਆਂ ਤਿਆਰੀਆਂ ਦੇ ਮੱਦੇਨਜ਼ਰ 25 ਮਾਰਚ ਨੂੰ ਕੀਤੀ ਗਈ ਕਾਨਫਰੰਸ ’ਚ ਇਸ ਬਾਰੇ ਚਰਚਾ ਕੀਤੀ ਗਈ ਸੀ ਕਿ ਰੇਲਵੇ ਦੀਆਂ ਬੋਗੀਆਂ ਨੂੰ ਆਈਸੋਲੇਸ਼ਨ ਵਾਰਡ ’ਚ ਤਬਦੀਲ ਕੀਤਾ ਜਾ ਸਕਦਾ ਹੈ। ਇਸ ਬਾਰੇ ਹਥਿਆਰਬੰਦ ਬਲ ਮੈਡੀਕਲ ਸਰਵਿਸਿਜ਼, ਵੱਖ ਵੱਖ ਰੇਲਵੇ ਜ਼ੋਨਾਂ ਦੇ ਮੈਡੀਕਲ ਵਿਭਾਗਾਂ ਤੇ ਆਯੂਸ਼ਮਾਨ ਭਾਰਤ ਨਾਲ ਵਿਚਾਰ ਚਰਚਾ ਕੀਤੀ ਗਈ ਸੀ। ਪੱਤਰ ਅਨੁਸਾਰ ਭਾਰਤੀ ਰੇਲਵੇ ਨੂੰ ਇਸ ਮਹਾਮਾਰੀ ਨਾਲ ਨਜਿੱਠਣ ਲਈ 20 ਹਜ਼ਾਰ ਡੱਬਿਆਂ ਨੂੰ ਆਈਸੋਲੇਸ਼ਨ ਵਾਰਡ ’ਚ ਤਬਦੀਲ ਕੀਤੇ ਜਾਣ ਦੀ ਲੋੜ ਪਵੇਗੀ ਤੇ ਸ਼ੁਰੂਆਤ ’ਚ ਪੰਜ ਹਜ਼ਾਰ ਬੋਗੀਆਂ ਤਿਆਰ ਕਰਨ ਦੀ ਲੋੜ ਹੈ।