ਰੇਲਵੇ ਵਲੋਂ ਚੀਨੀ ਕੰਪਨੀ ਦਾ ਕਰਾਰ ਖ਼ਤਮ

ਨਵੀਂ ਦਿੱਲੀ (ਸਮਾਜਵੀਕਲੀ):  ਕਾਨਪੁਰ ਅਤੇ ਮੁਗਲਸਰਾਏ ਵਿਚਾਲੇ ਬਣ ਰਹੇ 417 ਕਿਲੋਮੀਟਰ ਲੰਬੇ ਮਹਿਸੂਲ ਲਾਂਘੇ ’ਤੇ ਸਿਗਨਲ ਤੇ ਟੈਲੀਕਮਿਊਨੀਕੇਸ਼ਨ ਸਬੰਧੀ ਕੰਮ ਦੀ ‘ਮੱਠੀ ਰਫ਼ਤਾਰ’ ਹੋਣ ਕਾਰਨ ਰੇਲਵੇ ਨੇ ਚੀਨੀ ਕੰਪਨੀ ਦਾ ਕੰਟਰਕੈਟ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ।

ਰੇਲਵੇ ਵਲੋਂ 2016 ਵਿੱਚ ਪੇਈਚਿੰਗ ਨੈਸ਼ਨਲ ਰੇਲਵੇ ਰਿਸਰਚ ਅਤੇ ਡਿਜ਼ਾਈਨ ਇੰਸਟੀਚਿਊਟ ਆਫ ਸਿਗਨਲ ਐਂਡ ਕਮਿਊਨੀਕੇਸ਼ਨ ਗਰੁੱਪ ਨੂੰ 471 ਕਰੋੜ ਰੁਪਏ ਵਿੱਚ ਠੇਕਾ ਦਿੱਤਾ ਗਿਆ ਸੀ। ਰੇਲਵੇ ਅਨੁਸਾਰ ਇਹ ਕੰਮ 2019 ਵਿੱਚ ਮੁਕੰਮਲ ਕੀਤਾ ਜਾਣਾ ਸੀ ਪਰ ਕੰਪਨੀ ਨੇ ਹਾਲੇ ਤੱਕ ਕੇਵਲ 20 ਫ਼ੀਸਦ ਕੰਮ ਪੂਰਾ ਕੀਤਾ ਹੈ।

ਇਹ ਕਦਮ ਪੂਰਬੀ ਲੱਦਾਖ ਦੀ ਗਲਵਾਨ ਵਾਦੀ ਵਿੱਚ ਚੀਨੀ ਫੌਜੀਆਂ ਨਾਲ ਹਿੰਸਕ ਝੜਪ ਵਿੱਚ 20 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਤੋਂ ਚਾਰ ਦਿਨਾਂ ਬਾਅਦ ਚੁੱਕਿਆ ਗਿਆ ਹੈ। ਦੂਜੇ ਪਾਸੇ, ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾੜੀ ਕਾਰਗੁਜ਼ਾਰੀ ਅਤੇ ਸਮੇਂ ਸਿਰ ਪ੍ਰੋਜੈਕਟ ਸਿਰੇ ਨਾ ਚਾੜ੍ਹਨ ਕਾਰਨ ਡੈਡੀਕੇਟਿਕ ਫਰੇਟ ਕੌਰੀਡੋਰ ਕਾਰਪੋਰੇਸ਼ਨ ਲਿਮਿਟਡ (ਡੀਐੱਫਸੀਸੀਆਈਐੱਲ) ਵਲੋਂ ਕੰਟਰੈਕਟ ਖ਼ਤਮ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਅਧਿਕਾਰੀਆਂ ਅਨੁਸਾਰ ਡੀਐੱਫਸੀਸੀਆਈਐੱਲ ਵਲੋਂ ਕੰਟਰੈਕਟ ਖ਼ਤਮ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਵਿਸ਼ਵ ਬੈਂਕ, ਜੋ ਕਿ ਫੰਡਿੰਗ ਏਜੰਸੀ ਹੈ, ਕੋਲ ਅਪਲਾਈ ਕਰ ਦਿੱਤਾ ਗਿਆ ਹੈ।

Previous articleਬਠਿੰਡਾ ਥਰਮਲ ਦੀ ਜ਼ਮੀਨ ਵੇਚਣ ਲਈ ਖਾਕਾ ਤਿਆਰ
Next articleਚੀਨ ਨੂੰ ਕਰਾਰਾ ਜਵਾਬ ਦੇਵੇ ਭਾਰਤ: ਕੈਪਟਨ