ਰੇਤ ਨਾਲ ਭਰੀ ਟਰੈਕਟਰ-ਟਰਾਲੀ ਨਾਲ ਦੋ ਟਰਾਲੇ ਟਕਰਾਏ

ਫਾਜ਼ਿਲਕਾ-ਅਬੋਹਰ ਰੋਡ ’ਤੇ ਇਥੋਂ ਲਗਪਗ 5 ਕਿਲੋਮੀਟਰ ਦੂਰ ਸਥਿਤ ਜ਼ਿਲ੍ਹੇ ਦੇ ਪਿੰਡ ਵਨਵਾਲਾ ਹਨਵੰਤਾ ਤੋਂ ਥੋੜ੍ਹਾ ਅੱਗੇ ਅੱਜ ਸਵੇਰੇ 7.30 ਵਜੇ ਇਕ ਦੂਜੇ ਤੋਂ ਲੰਘਦੇ ਸਮੇਂ ਦੋ ਟਰਾਲਿਆਂ ਤੇ ਇਕ ਰੇਤ ਨਾਲ ਭਰੇ ਟਰੈਕਟਰ-ਟਰਾਲੀ ਵਿਚਾਲੇ ਹੋਈ ਆਹਮਣੇ ਸਾਹਮਣੇ ਦੀ ਟੱਕਰ ’ਚ ਕੋਲੇ ਨਾਲ ਭਰਿਆ ਇਕ ਟਰਾਲਾ ਤੇ ਰੇਤ ਨਾਲ ਭਰਿਆ ਟਰਾਲਾ ਬੁਰੀ ਤਰ੍ਹਾਂ ਨੁਕਸਾਨੇ ਗਏ। ਜਦੋਂਕਿ ਟ੍ਰੈਕਟਰ ਤੇ ਟਰਾਲਾ ਚਾਲਕ ਵਾਲ ਵਾਲ ਬਚ ਗਏ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਰਮਨ ਸਿੰਘ ਵਾਸੀ ਪਿੰਡ ਬੁਟਰ (ਸ੍ਰੀ ਮੁਕਤਸਰ ਸਾਹਿਬ) ਆਪਣੇ ਟਰਾਲੇ (ਪੀਬੀ-05ਏਬੀ-9804) ’ਚ ਕੋਲੇ ਭਰ ਕੇ ਗੁਜਰਾਤ ਦੇ ਕਾਂਡਲਾ ਤੋਂ ਫਗਵਾੜਾ ਜਾ ਰਿਹਾ ਸੀ। ਦੂਸਰੇ ਪਾਸਿਓਂ ਟਰੈਕਟਰ (ਪੀਬੀ-22ਕੇ-6136) ਦਾ ਚਾਲਕ ਸ਼ਿਵ ਕੁਮਾਰ ਜਲਾਲਾਬਾਦ ਤੋਂ ਰੇਤ ਭਰਕੇ ਅਬੋਹਰ ਵਾਲੇ ਪਾਸੇ ਜਾ ਰਿਹਾ ਸੀ। ਜਦੋਂ ਇਹ ਦੋਵ੍ਹੇਂ ਵ੍ਹੀਕਲ ਫਾਜ਼ਿਲਕਾ-ਅਬੋਹਰ ਰੋਡ ’ਤੇ ਸਥਿਤ ਪਿੰਡ ਵਨਵਾਲਾ ਹਨਵੰਤਾ ਤੋਂ ਥੋੜ੍ਹ ਅੱਗੇ ਪੁਲ ਸੂਆ ਦੇ ਨੇੜੇ ਪਹੁੰਚੇ ਤਾਂ ਰੇਤ ਨਾਲ ਭਰੇ ਟਰੈਕਟਰ-ਟਰਾਲੀ ਦੇ ਪਿੱਛੇ ਆ ਰਹੇ ਇਕ ਹੋਰ ਟਰਾਲੇ (ਆਰਜੇ-37ਜੀਏ-8199) ਦਾ ਚਾਲਕ ਜਦੋਂ ਰੇਤ ਨਾਲ ਭਰੇ ਟ੍ਰੈਕਟਰ-ਟਰਾਲੀ ਤੋਂ ਅੱਗੇ ਨਿਕਲਿਆ ਤਾਂ ਉਸ ਦੀ ਸਾਹਮਣੇ ਤੋਂ ਆ ਰਹੇ ਕੋਲੇ ਨਾਲ ਭਰੇ ਟਰਾਲੇ ਨਾਲ ਟੱਕਰ ਹੋ ਗਈ। ਜਿਸ ਕਾਰਨ ਕੋਲੇ ਨਾਲ ਭਰਿਆ ਟਰਾਲਾ ਸੜਕ ਦੇ ਇਕ ਪਾਸੇ ਮੁੜ ਗਿਆ ਤੇ ਉਸ ਦੀ ਸਾਹਮਣੇ ਤੋਂ ਆ ਰਹੇ ਰੇਤ ਨਾਲ ਭਰੇ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ। ਇਹ ਟੱਕਰ ਇਨੀ ਭਿਆਨਕ ਸੀ ਕਿ ਕੋਲੇ ਨਾਲ ਭਰੇ ਟਰਾਲੇ ਦਾ ਅਗੇ ਵਾਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਰੇਤ ਨਾਲ ਭਰੇ ਟਰਾਲੇ ਦੀ ਹੁੱਕ ਟੁੱਟ ਜਾਣ ਕਾਰਨ ਉਹ ਜ਼ਮੀਨ ’ਤੇ ਲੱਗ ਗਿਆ। ਜਦੋਂਕਿ ਇਸ ਟੱਕਰ ’ਚ ਟਰਾਲਾ ਚਾਲਕ ਤੇ ਟਰੈਕਟਰ ਚਾਲਕ ਵਾਲ ਵਾਲ ਬਚ ਗਏ ਤੇ ਟਰਾਲਾ ਚਾਲਕ ਨੂੰ ਜ਼ਖ਼ਮੀ ਹਾਲਤ ’ਚ ਫਾਜ਼ਿਲਕਾ ਦੇ ਸਿਵਲ ਹਸਪਤਾਲ ’ਚ ਭਰਤੀ ਕਰਾਇਆ ਗਿਆ। ਮੌਕੇ ’ਤੇ ਪਹੁੰਚੇ ਟਰਾਲਾ ਮਾਲਕ ਸੁਖਦੇਵ ਸਿੰਘ ਵਾਸੀ ਪਿੰਡ ਮਹਿਮਾ (ਫਿਰੋਜ਼ਪੁਰ) ਨੇ ਦੱਸਿਆ ਕਿ ਟਰੈਕਟਰ-ਟਰਾਲੀ ਰੇਤ ਨਾਲ ਓਵਰਲੋਡ ਸੀ। ਦੂਸਰੇ ਪਾਸੇ ਮੌਕੇ ’ਤੇ ਹਾਜ਼ਰ ਥਾਣਾ ਸਦਰ ਪੁਲੀਸ ਦੇ ਸਬ ਇੰਸਪੈਕਟਰ ਕਰਤਾਰ ਸਿੰਘ ਨੇ ਦੱਸਿਆ ਕਿ ਇਹ ਸੜਕ ਹਾਦਸਾ ਅੱਜ ਸਵੇਰੇ 7.30 ਵਜੇ ਵਾਪਰਿਆ। ਉਨ੍ਹਾਂ ਦੱਸਿਆ ਕਿ ਜਦੋਂ ਰੇਤ ਨਾਲ ਭਰੇ ਟਰਾਲੇ ਦੇ ਪਿੱਛੇ ਤੋਂ ਆ ਰਿਹਾ ਟਰਾਲਾ ਜਦੋਂ ਅੱਗੇ ਨਿਕਲਿਆ ਤਾਂ ਉਸ ਦੀ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਟੱਕਰ ਹੋ ਗਈ ਤੇ ਅੱਗੋਂ ਆ ਰਹੇ ਕੋਲੇ ਨਾਲ ਭਰੇ ਟਰਾਲੇ ਦੀ ਅੱਗੇ ਜਾ ਕੇ ਰੇਤ ਨਾਲ ਭਰੇ ਟ੍ਰੈਕਟਰ-ਟਰਾਲੀ ਨਾਲ ਟੱਕਰ ਹੋ ਗਈ। ਇਸ ਹਾਦਸੇ ’ਚ ਇਕ ਟਰਾਲਾ ਚਾਲਕ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।
ਬਠਿੰਡਾ (ਪੱਤਰ ਪ੍ਰੇਰਕ) ਸਥਾਨਕ ਮੁਲਤਾਨੀਆਂ ਰੋਡ ’ਤੇ ਇੱਕ ਟਰੱਕ ਚਾਲਕ ਵੱਲੋਂ ਪੈਦਲ ਜਾ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਕਾਰਨ ਵਿਅਕਤੀ ਦੀ ਮੌਤ ਹੋ ਗਈ। ਥਾਣਾ ਕੈਨਾਲ ਕਲੋਨੀ ਦੀ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਅਮਿਤ ਕੁਮਾਰ ਵਾਸੀ ਲਾਲ ਸਿੰਘ ਬਸਤੀ ਨੇ ਦੱਸਿਆ ਕਿ ਵੀਰਵਾਰ ਨੂੰ ਉਸ ਦਾ ਪਿਤਾ ਗੁਰਬਿੰਦਰਪਾਲ ਮੁਲਤਾਨੀਆਂ ਰੋਡ ’ਤੇ ਪੈਦਲ ਜਾ ਰਿਹਾ ਸੀ ਤਾਂ ਇਸ ਦੌਰਾਨ ਟਰੱਕ ਚਾਲਕ ਨੇ ਟਰੱਕ ਉਸ ਦੇ ਪਿਤਾ ਵਿੱਚ ਮਾਰਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲੀਸ ਨੇ ਪੀੜਤ ਦੇ ਬਿਆਨਾਂ ’ਤੇ ਟਰੱਕ ਚਾਲਕ ਨਰਿੰਦਰ ਕੁਮਾਰ ਵਾਸੀ ਹਜ਼ੂਰਾ-ਕਪੂਰਾ ਕਲੋਨੀ ਬਠਿੰਡਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Previous articleਕੋਲਾ ਘੁਟਾਲਾ: ਸਾਬਕਾ ਸਕੱਤਰ ਗੁਪਤਾ ਸਣੇ ਪੰਜ ਦੋਸ਼ੀ ਠਹਿਰਾਏ
Next articleਮਨੁੱਖੀ ਅਧਿਕਾਰ ਸੰਸਥਾ ਦੇ ਆਗੂ ’ਤੇ ਹਮਲੇ ਦੇ ਮਾਮਲੇ ਵਿਚ ਦੋ ਗ੍ਰਿਫ਼ਤਾਰ