ਮੁੰਬਈ– ਕਵੀ ਕੇ ਸਚਿਦਾਨੰਦ ਨੇ ਕਿਹਾ ਕਿ ਲੋਕਾਂ ਲਈ ਤੁਕਾਰਾਮ ਅਤੇ ਮੀਰਾ ਬਾਈ ਦੀ ਕਵਿਤਾ ਨੂੰ ਮੁੜ ਪੜ੍ਹਨਾ ਬਹੁਤ ਜ਼ਰੂਰੀ ਹੈ ਤਾਂ ਜੋ ਰੂਹਾਨੀਅਤ ਨੂੰ ਇਸ ਦੇ ਸਹੀ ਅਰਥਾਂ ’ਚ ਸਮਝਿਆ ਜਾ ਸਕੇ, ਖ਼ਾਸ ਕਰ ਕੇ ਬਹੁਗਿਣਤੀ ਵਾਲੀ ਰਾਜਨੀਤੀ ਦੇ ਸਮੇਂ ’ਚ ਜਿੱਥੇ ਧਰਮ ਨੂੰ ਸੱਤਾ ਹਾਸਲ ਕਰਨ ਲਈ ਇਕ ਸੰਦ ਵਜੋਂ ਵਰਤਿਆ ਜਾਂਦਾ ਹੈ। ਉਹ ਇੱਥੇ ਟਾਟਾ ਲਿਟਰੇਚਰ ਲਾਈਵ! ਮੁੰਬਈ ਲਿਟਫੈਸਟ ਵਿੱਚ ਬੋਲ ਰਹੇ ਸਨ, ਜਿੱਥੇ ਉਨ੍ਹਾਂ ਦਾ ਕਵੀ ਲੌਰੀਏਟ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ।
ਸਚਿਦਾਨੰਦ ਨੇ ਕਿਹਾ, ‘‘ਉਨ੍ਹਾਂ ਨੇ ਬਾਬਰੀ ਮਸਜਿਦ ਢਾਹੇ ਜਾਣ ਤੋਂ ਪਹਿਲਾਂ 90ਵਿਆਂ ’ਚ ਸੰਤ ਕਬੀਰ ਬਾਰੇ ਇਕ ਕਵਿਤਾ ਲਿਖੀ ਸੀ ਜਦੋਂ ਲੋਕ ਜਾਣਦੇ ਸਨ ਕਿ ਅਜਿਹਾ ਕੁਝ ਹੋਣ ਜਾ ਰਿਹਾ ਸੀ। ਇਹ ਕਬੀਰ ਵੱਲੋਂ ਕੀਤੇ ਜਾ ਰਹੇ ਸੰਬੋਧਨ ਬਾਰੇ ਸੀ ਜਿਸ ਵਿਚ ਕਬੀਰ ਅਜੋਕੇ ਭਾਰਤੀਆਂ ਨੂੰ ਦੱਸ ਰਹੇ ਹਨ ਕਿ ਧਰਮ ਬਾਰੇ ਉਨ੍ਹਾਂ ਦੀ ਸੋਚ ਕਿੰਨੀ ਗਲਤ ਹੈ। ਉਹ ਇਕ ਡੂੰਘੀ ਕਿਸਮ ਦੀ ਰੂਹਾਨੀਅਤ ਦੀ ਗੱਲ ਕਰ ਰਹੇ ਹਨ, ਜੋ ਬਿਨਾ ਰਸਮੀ ਧਰਮ ਤੋਂ ਵੀ ਰਹਿ ਸਕਦੀ ਹੈ। ਇਸ ਨੇ ਮੈਨੂੰ ‘ਭਗਤੀ’ ਅਤੇ ਤੁਕਾਰਾਮ, ਮੀਰਾ ਬਾਈ ਤੇ ਅੱਕਾ ਮਹਾਦੇਵੀ ਵਰਗੇ ਸੂਫੀ ਕਵੀਆਂ ਬਾਰੇ ਡੂੰਘਾਈ ਨਾਲ ਅਧਿਐਨ ਕਰਨ ਦੇ ਰਾਹ ਪਾਇਆ।’’
ਸ੍ਰੀ ਸਚਿਦਾਨੰਦ ਜਿਨ੍ਹਾਂ ਨੂੰ ਮਲਿਆਲਮ ’ਚ ਆਧੁਨਿਕ ਕਵਿਤਾ ਦਾ ਮਾਰਗ ਦਰਸ਼ਕ ਮੰਨਿਆ ਜਾਂਦਾ ਹੈ, ਨੇ ਕਿਹਾ ਕਿ ਰੂਹਾਨੀਅਤ ਕਦੇ ਵੀ ਨਫ਼ਰਤ ਦਾ ਆਧਾਰ ਨਹੀਂ ਹੋ ਸਕਦੀ। ਉਨ੍ਹਾਂ ਕਿਹਾ, ‘‘ਇਹ ਸਾਰੇ ਕਵੀ ਧਰਮ ਤੋਂ ਉੱਪਰ ਉੱਠ ਕੇ ਪਿਆਰ ਲਈ ਖੜ੍ਹੇ, ਪਿਆਰ ਜੋ ਜਾਤੀ, ਲਿੰਗ ਤੇ ਹਰ ਤਰ੍ਹਾਂ ਦੇ ਵੈਰ-ਵਿਰੋਧ ਤੋਂ ਪਰ੍ਹੇ ਹੋਵੇ। ਮੈਂ ਉਸ ਤਰ੍ਹਾਂ ਦੀ ਰੂਹਾਨੀਅਤ ਦੀ ਭਾਲ ’ਚ ਹਾਂ।’’
INDIA ਰੂਹਾਨੀਅਤ ਦੇ ਸਹੀ ਅਰਥ ਸਮਝਣ ਦੀ ਲੋੜ: ਸਚਿਦਾਨੰਦ