ਪੈਂਟਾਗਨ ਅਧਿਕਾਰੀ ਦਾ ਕਹਿਣਾ ਹੈ ਕਿ ਭਾਰਤ ਨਾਲ ਅਮਰੀਕਾ ਦੀ ਰੱਖਿਆ ਸਾਂਝੇਦਾਰੀ ਮਜ਼ਬੂਤ ਹੈ ਅਤੇ ਇਸ ਨੂੰ ਹੋਰ ਮਜ਼ਬੂਤ ਬਣਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਨਾਲ ਹੀ ਉਸ ਨੇ ਸਪੱਸ਼ਟ ਕੀਤਾ ਹੈ ਕਿ ਉਹ ਭਾਰਤ ਵਲੋਂ ਹੋਰ ਮੁਲਕਾਂ ਤੋਂ ਫੌਜੀ ਹਥਿਆਰ ਖਰੀਦਣ ਦੇ ਵਿਰੁਧ ਹੈ, ਜਿਸ ਵਿੱਚ ਰੂਸ ਦੀ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਵੀ ਸ਼ਾਮਲ ਹੈ, ਜੋ ਕਿ ਅਮਰੀਕਾ ਦੇ ਪੰਜਵੀਂ ਪੀੜ੍ਹੀ ਦੇ ਆਧੁਨਿਕ ਜਹਾਜ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਕੀਤੀ ਗਈ ਹੈ। ਇਹ ਟਿੱਪਣੀਆਂ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਇੱਕ ਦਿਨ ਪਹਿਲਾਂ ਅਮਰੀਕਾ ਵਲੋਂ ਤੁਰਕੀ ਨੂੰ ਐੱਫ-35 ਲੜਾਕੂ ਜਹਾਜ਼ ਨਾ ਵੇਚੇ ਜਾਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਆਈਆਂ ਹਨ। ਇਸ ਤੋਂ ਪਹਿਲਾਂ ਤੁਰਕੀ ਨੇ ਰੂਸ ਤੋਂ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦੀ ਸੀ। ਪੈਂਟਾਗਨ ਦੇ ਸਿਖਰਲੇ ਅਧਿਕਾਰੀ ਨੇ ਇਹ ਟਿੱਪਣੀਆਂ ਭਾਰਤ ਵਲੋਂ ਰੂਸ ਤੋਂ ਐੱਸ-400 ਮਿਜ਼ਾਈਲ ਖਰੀਦਣ ਦੇ ਕੀਤੇ ਗਏ ਫ਼ੈਸਲੇ ਦੇ ਪ੍ਰਭਾਵਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਜੋਂ ਕੀਤੀਆਂ ਹਨ। ਦੱਸਣਯੋਗ ਹੈ ਕਿ ਭਾਰਤ ਵਲੋਂ ਪਿਛਲੇ ਵਰ੍ਹੇ ਅਕਤੂਬਰ ਵਿੱਚ ਰੂਸ ਨਾਲ ਐੱਸ-400 ਮਿਜ਼ਾਈਲ ਪ੍ਰਣਾਲੀ ਦੀ ਖੇਪ ਖਰੀਦਣ ਬਾਰੇ 40,000 ਕਰੋੜ ਰੁਪਏ ਵਿੱਚ ਸਮਝੌਤਾ ਕੀਤਾ ਗਿਆ ਸੀ। ਰੱਖਿਆ ਨੀਤੀ ਦੇ ਉਪ-ਸਕੱਤਰ ਡੇਵਿਡ ਜੇ. ਟ੍ਰਾਚਟੇਨਬਰਗ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗਲੱਬਾਤ ਕਰਦਿਆਂ ਕਿਹਾ, ‘‘ਮੇਰੇ ਵਿਚਾਰ ਅਨੁਸਾਰ ਭਾਰਤ ਨਾਲ ਸਾਡੀ ਰੱਖਿਆ ਸਾਂਝੇਦਾਰੀ ਮਜ਼ਬੂਤ ਹੈ ਅਤੇ ਅਸੀਂ ਇਸ ਨੂੰ ਹੋਰ ਵੀ ਮਜ਼ਬੂਤ ਕਰਨ ਦੇ ਇਛੁੱਕ ਹਾਂ।’’ ਉਨ੍ਹਾਂ ਅੱਗੇ ਕਿਹਾ, ‘‘ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਕੋਈ ਵੀ ਮੁਲਕ ਅਜਿਹੇ ਯੰਤਰ ਨਾ ਖਰੀਦੇ, ਜੋ ਸਾਡੇ ਪੰਜਵੀਂ ਪੀੜ੍ਹੀ ਦੇ ਆਧੁਨਿਕ ਜਹਾਜ਼ ਦਾ ਮੁਕਾਬਲਾ ਕਰਨ ਲਈ ਬਣਾਇਆ ਗਿਆ ਹੈ।’’
World ਰੂਸ ਤੋਂ ਐੱਸ-400 ਮਿਜ਼ਾਈਲ ਖਰੀਦਣ ਵਾਲੇ ਮੁਲਕਾਂ ਖ਼ਿਲਾਫ਼ ਹੈ ਅਮਰੀਕਾ