ਰੂਸੀ-ਅਮਰੀਕੀ ਤਿੱਕੜੀ ਤਿੰਨ ਘੰਟਿਆਂ ’ਚ ਕੌਮਾਂਤਰੀ ਪੁਲਾੜ ਸਟੇਸ਼ਨ ਪੁੱਜੀ

ਮਾਸਕੋ (ਸਮਾਜ ਵੀਕਲੀ): ਪੁਲਾੜ ਯਾਤਰੂਆਂ ਦੀ ਤਿੱਕੜੀ ਪਹਿਲੀ ਵਾਰ ਫਾਸਟ ਟਰੈਕ ਮੈਨੋਵਰ ਦੀ ਵਰਤੋਂ ਕਰਦਿਆਂ ਤਿੰਨ ਘੰਟਿਆਂ ਅੰਦਰ ਕੌਮਾਂਤਰੀ ਪੁਲਾੜ ਸਟੇਸ਼ਨ ਵਿੱਚ ਪਹੁੰਚਣ ਵਿੱਚ ਸਫ਼ਲ ਰਹੀ ਹੈ। ਇਸ ਤਿੱਕੜੀ ਵਿੱਚ ਇਕ ਯਾਤਰੂ ਅਮਰੀਕਾ ਤੇ ਦੋ ਰੂਸ ਦੇ ਹਨ। ਨਾਸਾ ਦੇ ਕੇਟ ਰੂਬਿਨਜ਼ ਨੇ ਰੂਸੀ ਪੁਲਾੜ ੲੇਜੰਸੀ ਰੋਸਕੋਸਮੋਸ ਦੇ ਸਰਗਏ ਰਿਜ਼ੀਕੋ ਤੇ ਸਰਗਏ ਕੁਡ-ਸਵਰਸ਼ਕੋਵ ਨਾਲ ਬੁੱਧਵਾਰ ਸਵੇਰੇ ਰੂਸ ਦੀ ਲੀਜ਼ ਵਾਲੀ ਕਜ਼ਾਖ਼ਸਤਾਨ ਸਥਿਤ ਬਾਇਕੋਨਰ ਪੁਲਾੜ ਲਾਂਚ ਤੋਂ ਉਡਾਣ ਭਰੀ।

ਇਹ ਤਿੱਕੜੀ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਛੇ ਮਹੀਨੇ ਰਹੇਗੀ। ਦੱਸ ਦਈਏ ਕਿ ਇਹ ਪਹਿਲਾ ਮੌਕਾ ਹੈ ਜਦੋਂ ਪੁਲਾੜ ਯਾਤਰੀ ਇੰਨੇ ਘੱਟ ਸਮੇਂ ’ਚ ਪੁਲਾੜ ਸਟੇਸ਼ਨ ’ਤੇ ਪੁੱਜੇ ਹਨ ਜਦੋਂਕਿ ਇਸ ਤੋਂ ਪਹਿਲਾਂ ਅਮਲੇ ਨੂੰ ਦੁੱਗਣਾ ਸਮਾਂ ਲਗਦਾ ਰਿਹਾ ਹੈ। ਤਿੱਕੜੀ ਪੁਲਾੜ ਸਟੇਸ਼ਨ ਵਿੱਚ ਪਹਿਲਾਂ ਤੋਂ ਮੌਜੂਦਾ ਨਾਸਾ ਕਮਾਂਡਰ ਕ੍ਰਿਸ ਕੈਸਿਡੀ ਤੇ ਰੋਸਕੋਸਮੋਸ ਦੇ ਕੋਸਮੋਨੌਟਾਂ ਐਂਟਲੀ ਇਵਾਨੀਸ਼ਿਨ ਤੇ ਇਵਾਨ ਵੈਗਨਰ ਨਾਲ ਮਿਲ ਕੇ ਕੰਮ ਕਰੇਗੀ। ਨਾਸਾ ਕਮਾਂਡਰ ਦੀ ਅਗਵਾਈ ਵਾਲੀ ਟੀਮ ਅਪਰੈਲ ਤੋਂ ਉਥੇ ਮੌਜੂਦ ਹੈ ਤੇ ਉਨ੍ਹਾਂ ਇਕ ਹਫ਼ਤੇ ਅੰਦਰ ਧਰਤੀ ’ਤੇ ਮੁੜ ਆਉਣਾ ਹੈ।

ਪੁਲਾੜ ਲਈ ਉਡਾਣ ਭਰਨ ਤੋਂ ਪਹਿਲਾਂ ਬਾਇਕੋਨਰ ਵਿੱਚ ਰੱਖੀ ਪੱਤਰਕਾਰ ਮਿਲਣੀ ਦੌਰਾਨ ਬੋਲਦਿਆਂ ਰੂਬਿਨਜ਼ ਨੇ ਜ਼ੋਰ ਦੇ ਕੇ ਆਖਿਆ ਕਿ ਕ੍ਰਿਊ ਮੈਂਬਰਾਂ ਨੇ ਕਰੋਨਾਵਾਇਰਸ ਦੇ ਕਿਸੇ ਵੀ ਖ਼ਤਰੇ ਨੂੰ ਟਾਲਣ ਲਈ ਮਾਸਕੋ ਦੇ ਬਾਹਰਵਾਰ ਸਟਾਰ ਸਿਟੀ ਸਿਖਲਾਈ ਸੈਂਟਰ ਵਿੱਚ ਕਈ ਹਫ਼ਤੇ ਇਕਾਂਤਵਾਸ ਵਿੱਚ ਬਿਤਾਏ ਹਨ। ਰੂਬਿਨਜ਼ ਨੇ ਕਿਹਾ, ‘ਅਸੀਂ ਪੁਲਾੜ ਵਿੱਚ ਕਈ ਦਿਲਚਸਪ ਚੀਜ਼ਾਂ ਜਿਵੇਂ ਬਾਇਓ-ਪ੍ਰਿਟਿੰਗ ਟਿਸ਼ੂਜ਼ ਤੇ ਪੁਲਾੜ ਵਿੱਚ ਸੈੱਲਾਂ ਨੂੰ ਉਪਜਾਉਣ ਤੇ ਡੀਐੱਨੲੇ ਨੂੰ ਤਰਤੀਬਵਾਰ ਕਰਨ ਦੇ ਕੰਮ ਨੂੰ ਜਾਰੀ ਰੱਖਣ ਸਮੇਤ ਹੋਰ ਕਈ ਯੋਜਨਾਵਾਂ ਬਣਾਈਆਂ ਹਨ।’

Previous articleਕਰੋਨਾ: ਵਿਸ਼ਵ ਬੈਂਕ ਵੱਲੋਂ 12 ਅਰਬ ਡਾਲਰ ਦੀ ਵਿੱਤੀ ਮਦਦ ਨੂੰ ਮਨਜ਼ੂਰੀ
Next articleਅਮਰੀਕਾ: ਭਾਰਤੀ ਮੂਲ ਦੀ ਔਰਤ ਨੇ ਨਵਜੰਮੇ ਬੱਚੇ ਨੂੰ ਤਾਕੀ ’ਚੋਂ ਬਾਹਰ ਸੁੱਟਿਆ