ਰੁਜ਼ਗਾਰ ਤੋਂ ਵਾਂਝੇ ਪਰਵਾਸੀ ਆਪਣੇ ਸੂਬਿਆਂ ਨੂੰ ਤੁਰੇ

ਮਹਿਲ ਕਲਾਂ- ਕਰਫਿਊ ਦਰਮਿਆਨ ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਤੋਂ ਕੁੱਝ ਮਜ਼ਦੂਰ ਬੇਰੁਜ਼ਗਾਰੀ ਦੇ ਚੱਲਦਿਆਂ ਆਪਣੇ ਸੂਬੇ ਨੂੰ ਤੁਰਨ ਲੱਗੇ ਹਨ। ਰਾਜਸਥਾਨ, ਉੱਤਰ ਪ੍ਰਦੇਸ਼ ਜਾਣ ਲਈ ਲੁਧਿਆਣਾ ਤੋਂ ਤੁਰ ਕੇ ਮਹਿਲ ਕਲਾਂ ਪਹੁੰਚੇ ਦਰਜਨ ਭਰ ਮਜ਼ਦੂਰਾਂ ਨੇ ਦੱਸਿਆ ਕਿ ਉਹ ਸ਼ਹਿਰ ਵਿੱਚ ਰਿਕਸ਼ਾ ਚਲਾਉਣ/ਸਫ਼ਾਈ ਕਰਨ/ਮਜ਼ਦੂਰੀ ਆਦਿ ਕੰਮ ਕਰਦੇ ਸਨ ਤੇ ਗੁਜਾਰਾ ਕਰਦੇ ਸਨ ਪਰ ਹੁਣ ਇੱਕ ਤਾਂ ਉਨ੍ਹਾਂ ਕੋਲ ਰਾਸ਼ਨ ਮੁੱਕ ਗਿਆ ਹੈ ਤੇ ਦੂਸਰਾ ਮੁਸੀਬਤ ਦੀ ਇਸ ਘੜੀ ’ਚ ਉਹ ਆਪਣੇ ਪਰਿਵਾਰ ਕੋਲ ਜਾਣਾ ਚਾਹੁੰਦੇ ਹਨ। ਸਮਾਜ ਸੇਵੀ ਸੰਸਥਾਵਾਂ ਵੱਲੋਂ ਮਜ਼ਦੂਰਾਂ ਨੂੰ ਲੰਗਰ ਛਕਾਇਆ ਗਿਆ ਅਤੇ ਉਨ੍ਹਾਂ ਨੂੰ ਕਸਬੇ ਦੇ ਮੋਹਤਵਰਾਂ ਨੇ ਕੁੱਝ ਦਿਨ ਰੁਕਣ ਲਈ ਵੀ ਅਪੀਲ ਕੀਤੀ ਪਰ ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਭਿਆਨਕ ਮਹਾਂਮਾਰੀ ਦੇ ਚੱਲਦਿਆ ਉਨ੍ਹਾਂ ਦੇ ਜੱਦੀ ਪਿੰਡ ਉਨ੍ਹਾਂ ਦੇ ਬੱਚੇ ਮੁਸੀਬਤ ਵਿੱਚ ਹਨ, ਇਸ ਲਈ ਉਹ ਪਿੰਡ ਜਾਣਾ ਚਾਹੁੰਦੇ ਹਨ।
ਇਨ੍ਹਾਂ ਮਜ਼ਦੂਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਕਰਫਿਊ ਲਗਾਉਣ ਦੀ ਪਰਵਾਸੀ ਮਜ਼ਦੂਰਾਂ ਨੂੰ ਅਗਾਊ ਸੂਚਨਾ ਨਹੀਂ ਦਿੱਤੀ ਗਈ, ਜਿਸ ਕਾਰਨ ਉਹ ਮੁਸੀਬਤ ਵਿੱਚ ਫਸੇ ਹਨ ਅਤੇ ਜੇਕਰ ਕੁੱਝ ਦਿਨ ਹੋਰ ਕਰਫਿਊ ਜਾਰੀ ਰਿਹਾ ਤਾਂ ਲੁਧਿਆਣਾ ਤੋਂ ਹੋਰ ਵੀ ਮਜ਼ਦੂਰ ਆਪਣੇ ਆਪਣੇ ਸੂਬਿਆਂ ਨੂੰ ਤੁਰ ਸਕਦੇ ਹਨ। ਇਸ ਸਬੰਧੀ ਥਾਣਾ ਮਹਿਲ ਕਲਾਂ ਦੇ ਮੁਖੀ ਲਖਵਿੰਦਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਬੱਸ ਦਾ ਪ੍ਰਬੰਧ ਕੀਤਾ ਜਾ ਰਿਹਾ ਸੀ ਪਰ ਜਦ ਤੱਕ ਇਹ ਮਜ਼ਦੂਰ ਮਹਿਲ ਕਲਾਂ ਤੋਂ ਤੁਰ ਕੇ ਅੱਗੇ ਚਲੇ ਗਏ। ਮਹਿਲ ਕਲਾਂ ਵਿੱਚ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਪਿੰਡ ਵਾਸੀਆਂ ਵੱਲੋਂ ਪਰਵਾਸੀ ਮਜ਼ਦੂਰਾਂ, ਲੋੜਵੰਦਾਂ ਅਤੇ ਬੇਸਹਾਰਿਆਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ।

Previous articleਕਰਫਿਊ: ਰਸੋਈ ਦੇ ਸਾਮਾਨ ਦੀ ਘਰ-ਘਰ ਸਪਲਾਈ ਸ਼ੁਰੂ
Next articleਖਤਮ ਹੋਣ ਲੱਗਿਆ ਲੋੜਵੰਦ ਪਰਿਵਾਰਾਂ ਦਾ ਰਾਸ਼ਨ