ਮੁੰਬਈ (ਸਮਾਜ ਵੀਕਲੀ) : ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਕਥਿਤ ਤੌਰ ’ਤੇ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਕਥਿਤ ਦੋਸ਼ੀ ਅਦਾਕਾਰਾ ਰੀਆ ਚਕਰਵਰਤੀ ਸ਼ੁੱਕਰਵਾਰ ਨੂੰ ਕਾਲੇ ਧਨ ਨੂੰ ਸਫੇਦ ਕਰਨ ਦੇ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ(ਈਡੀ)ਦੇ ਦਫੱਤਰ ਵਿੱਚ ਪੁੱਛਗਿਛ ਲਈ ਪੇਸ਼ ਹੋਈ।
ਇਸ ਤੋਂ ਪਹਿਲਾਂ ਰੀਆ ਦੇ ਵਕੀਲ ਨੇ ਈਡੀ ਨੂੰ ਅਪੀਲ ਕੀਤੀ ਸੀ ਕਿ ਜਦੋਂ ਤਕ ਸੁਪਰੀਮ ਕੋਰਟ ਵਿੱਚ ਮਾਮਲੇ ਦੀ ਸੁਣਵਾਈ ਚਲ ਰਹੀ ਹੈ, ਉਦੋਂ ਤਕ ਇਸ ਮਾਮਲੇ ਵਿੱਚ ਈਡੀ ਉਸ ਦੋਂ ਪੁੱਛਗਿਛ ਨਾ ਕਰੇ ਪਰ ਈਡੀ ਨੇ ਊਨ੍ਹਾਂ ਦੀ ਅਪੀਲ ਨਾਮਨਜ਼ੂਰ ਕਰ ਦਿੱਤੀ ਸੀ। ਦੁਪਹਿਰੇ 12 ਵਜੇ ਈਡੀ ਨੇ ਰੀਆ ਨੂੰ ਪੁੱਛਗਿਛ ਲਈ ਸੱਦਿਆ ਸੀ, ਜਿਸ ਤੋਂ ਬਾਅਦ ਰੀਆ ਆਪਣੇ ਬਿਆਨ ਦਰਜ ਕਰਾਉਣ ਲਈ ਈਡੀ ਅੱਗੇ ਪੇਸ਼ ਹੋਈ।
ਉਧਰ, ਚਕਰਵਰਤੀ ਨੇ ਅਦਾਲਤ ਵਿੱਚ ਅਪੀਲ ਦਾਖਲ ਕਰਕੇ ਬਿਹਾਰ ਪੁਲੀਸ ਵੱਲੋਂ ਦਰਜ ਕੇਸ ਮੁੰਬਈ ਪੁਲੀਸ ਨੂੰ ਸੌਂਪੇ ਜਾਣ ਦੀ ਬੇਨਤੀ ਕੀਤੀ ਹੈ। ਇਸ ਅਪੀਲ ’ਤੇ ਅਗਲੇ ਹਫ਼ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਵੇਗੀ। ਮੁੰਬਈ ਪੁਲੀਸ ਰਾਜਪੂਤ ਦੀ ਮੌਤ ਮਾਮਲੇ ਦੀ ਵੱਖਰੇ ਤੌਰ ’ਤੇ ਜਾਂਚ ਕਰ ਰਹੀ ਹੈ। ਰਾਜਪੂਤ ਦੇ ਪਿਤਾ ਕੇ ਕੇ ਸਿੰਘ ਨੇ ਰਾਜਪੂਤ(34) ਦੇ ਬੈਂਕ ਖਾਤਿਆਂ ਵਿੱਚ ਵਿੱਤੀ ਗੜਬੜੀਆਂ ਦਾ ਦੋਸ਼ ਲਾਇਆ ਸੀ।