ਐਸ.ਏ.ਐਸ. ਨਗਰ (ਮੁਹਾਲੀ)- ਇੱਥੋਂ ਦੇ ਸੈਕਟਰ-68 ਸਥਿਤ ਪੰਚਮ ਸੁਸਾਇਟੀ ਵਿੱਚ ਇਕ ਮਕਾਨ ਦੀ ਛੱਤ ’ਤੇ ਮੋਬਾਈਲ ਟਾਵਰ ਲਗਾਉਣ ਨੂੰ ਲੈ ਕੇ ਵਿਵਾਦ ਕਾਫੀ ਭਖ ਗਿਆ ਹੈ। ਇਸ ਸਬੰਧੀ ਇਲਾਕੇ ਦੀ ਅਕਾਲੀ ਕੌਂਸਲਰ ਸ੍ਰੀਮਤੀ ਜਸਵੀਰ ਕੌਰ ਅੱਤਲੀ ਅਤੇ ਮੁਹੱਲੇ ਦੇ ਲੋਕਾਂ ਨੇ ਰਿਹਾਇਸ਼ੀ ਖੇਤਰ ਵਿੱਚ ਮੋਬਾਈਲ ਟਾਵਰ ਲਗਾਉਣ ਦਾ ਸਖ਼ਤ ਵਿਰੋਧ ਕੀਤਾ ਅਤੇ ਮਾਮਲਾ ਥਾਣੇ ਪਹੁੰਚ ਗਿਆ। ਉਧਰ, ਲੋਕਾਂ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਗਮਾਡਾ ਨੇ ਮਕਾਨ ਮਾਲਕ ਨੂੰ ਨੋਟਿਸ ਜਾਰੀ ਕਰਕੇ 30 ਦਿਨਾਂ ਦੇ ਅੰਦਰ ਅੰਦਰ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਘਰ ਨੂੰ ਤਾਲਾ ਲੱਗਾ ਹੋਣ ਕਾਰਨ ਗਮਾਡਾ ਦੇ ਕਰਮਚਾਰੀਆਂ ਨੇ ਗੇਟ ’ਤੇ ਨੋਟਿਸ ਚਿਪਕਾ ਦਿੱਤਾ ਹੈ।
ਅਕਾਲੀ ਕੌਂਸਲਰ ਜਸਵੀਰ ਕੌਰ ਅੱਤਲੀ, ਮੁਹੱਲੇ ਦੇ ਲੋਕਾਂ ਡਾ. ਰਾਜਬੀਰ ਸਿੰਘ, ਐਚਐਸ ਆਹਲੂਵਾਲੀਆ, ਭੁਪਿੰਦਰ ਸਿੰਘ, ਮੋਹਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਨੂੰ ਆਪਸ ਵਿੱਚ ਮਿਲ ਬੈਠ ਕੇ ਬਹੁਤ ਕੋਸ਼ਿਸ਼ ਕੀਤੀ ਗਈ ਹੈ। ਵਿਰੋਧ ਕਰਨ ’ਤੇ ਮੁਹੱਲੇ ਦੇ ਲੋਕਾਂ ਨੂੰ ਕਿਹਾ ਗਿਆ, ਉਹ ਮੋਬਾਈਲ ਟਾਵਰ ਨਹੀਂ ਲਗਾ ਰਹੇ ਹਨ, ਸਗੋਂ ਛੱਤ ’ਤੇ ਸੋਲਰ ਸਿਸਟਮ ਲਗਾਉਣਾ ਹੈ। ਇਹ ਸੁਣ ਕੇ ਲੋਕ ਆਪੋ ਆਪਣੇ ਘਰਾਂ ਨੂੰ ਚਲੇ ਗਏ ਲੇਕਿਨ ਅੱਧੀ ਰਾਤ ਤੋਂ ਬਾਅਦ ਜਿਵੇਂ ਹੀ ਜੇਸੀਬੀ ਮਸ਼ੀਨਾਂ ਦੀ ਆਵਾਜ਼ ਸੁਣ ਕੇ ਮੁਹੱਲੇ ਦੇ ਲੋਕ ਆਪਣੇ ਘਰਾਂ ਤੋਂ ਬਾਹਰ ਆਏ ਤਾਂ ਉਨ੍ਹਾਂ ਨੇ ਦੇਖਿਆ ਸਬੰਧਤ ਮਕਾਨ ਦੀ ਛੱਤ ’ਛੇ ਮੋਬਾਈਲ ਟਾਵਰ ਲਗਾਏ ਜਾ ਰਹੇ ਸੀ। ਦੋ ਟਾਵਰ ਲੱਗ ਚੁੱਕੇ ਸੀ ਅਤੇ ਤੀਜਾ ਟਾਵਰ ਲਗਾਇਆ ਜਾ ਰਿਹਾ ਸੀ। ਲੋਕਾਂ ਨੇ ਵਿਰੋਧ ਕਰਦਿਆਂ ਪੁਲੀਸ ਨੂੰ ਮੌਕੇ ’ਤੇ ਸੱਦ ਲਿਆ। ਪੁਲੀਸ ਦੇ ਆਉਣ ਦੀ ਭਿਣਕ ਪੈਂਦੇ ਹੀ ਮੋਬਾਈਲ ਕੰਪਨੀ ਦੇ ਕਰਮਚਾਰੀ ਉੱਥੋਂ ਖਿਸਕ ਗਏ ਅਤੇ ਬਾਅਦ ਵਿੱਚ ਮਕਾਨ ਦੀ ਦੇਖਭਾਲ ਕਰਨ ਵਾਲਾ ਚੌਕੀਦਾਰ ਵੀ ਘਰ ਨੂੰ ਤਾਲਾ ਲਗਾ ਕੇ ਚਲਾ ਗਿਆ। ਮਕਾਨ ਮਾਲਕ ਬਾਰੇ ਲੋਕਾਂ ਨੇ ਦੱਸਿਆ ਕਿ ਉਹ ਦਿੱਲੀ ਵਿੱਚ ਰਹਿੰਦਾ ਹੈ। ਲੋਕਾਂ ਦੇ ਵਿਰੋਧ ਕਾਰਨ ਟਾਵਰਾਂ ਨੂੰ ਕੁਨੈਕਸ਼ਨ ਜੋੜਨ ਦਾ ਕੰਮ ਰੁਕ ਗਿਆ ਹੈ।
ਸ੍ਰੀਮਤੀ ਅੱਤਲੀ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਰਾਜੇਸ਼ ਧੀਮਾਨ ਨਾਲ ਮੁਲਾਕਾਤ ਕਰਕੇ ਰਿਹਾਇਸ਼ੀ ਖੇਤਰ ਵਿੱਚ ਗਲਤ ਤਰੀਕੇ ਨਾਲ ਮੋਬਾਈਲ ਟਾਵਰ ਖ਼ਿਲਾਫ਼ ਸ਼ਿਕਾਇਤ ਦਿੱਤੀ। ਏਸੀਏ ਨੇ ਲੋਕਾਂ ਨੂੰ ਗਮਾਡਾ ਦੇ ਅਸਟੇਟ ਅਫ਼ਸਰ (ਹਾਊਸਿੰਗ) ਮਹੇਸ਼ ਬਾਂਸਲ ਕੋਲ ਭੇਜ ਦਿੱਤਾ। ਸ਼ਿਕਾਇਤ ਮਿਲਣ ਤੋਂ ਬਾਅਦ ਗਮਾਡਾ ਅਧਿਕਾਰੀ ਨੇ ਮਕਾਨ ਮਾਲਕ ਨੂੰ ਨੋਟਿਸ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਨੇ ਘਰ ਦੀ ਛੱਤ ’ਤੇ ਮੋਬਾਈਲ ਟਾਵਰ ਲਗਾਉਣ ਲਈ ਅਗਾਊਂ ਪ੍ਰਵਾਨਗੀ ਨਾ ਲੈ ਕੇ ਨਿਯਮਾਂ ਦੀ ਘੋਰ ਉਲੰਘਣਾ ਕੀਤੀ ਗਈ ਜਿਸ ਕਾਰਨ ਮਕਾਨ ਦੀ ਅਲਾਟਮੈਂਟ ਰੱਦ ਕੀਤੀ ਜਾ ਸਕਦੀ ਹੈ ਅਤੇ ਮਕਾਨ ਵੀ ਜ਼ਬਤ ਕੀਤਾ ਜਾ ਸਕਦਾ ਹੈ। ਲਿਹਾਜ਼ਾ ਮਕਾਨ ਦੀ ਛੱਤ ਤੋਂ ਫੌਰੀ ਟਾਵਰ ਹਟਾਇਆ ਜਾਵੇ। ਨੋਟਿਸ ਵਿੱਚ ਲਿਖਿਆ ਹੈ ਕਿ 30 ਦਿਨਾਂ ਦੇ ਅੰਦਰ ਅੰਦਰ ਸਪੱਸ਼ਟੀਕਰਨ ਨਾ ਮਿਲਣ ਦੀ ਸੂਰਤ ਵਿੱਚ ਇਹ ਸਮਝਿਆ ਜਾਵੇਗਾ ਕਿ ਉਹ (ਮਕਾਨ ਮਾਲਕ) ਕੁਝ ਕਹਿਣਾ ਨਹੀਂ ਚਾਹੁੰਦੇ ਹਨ। ਇਸ ਮਗਰੋਂ ਨਿਯਮਾਂ ਤਹਿਤ ਅਗਲੀ ਕਾਰਵਾਈ ਨੂੰ ਅਮਲ ’ਚ ਲਿਆਂਦਾ ਜਾਵੇਗਾ।
INDIA ਰਿਹਾਇਸ਼ੀ ਖੇਤਰ ਵਿੱਚ ਮੋਬਾਈਲ ਟਾਵਰ ਲਗਾਉਣ ’ਤੇ ਵਿਵਾਦ