(ਸਮਾਜ ਵੀਕਲੀ)
ਪਿਆਰ ਮੁਹੱਬਤ,ਰਿਸ਼ਤੇ ਨਾਤੇ ਭੁੱਲਦੇ ਜਾਂਦੇ ਨੇ
ਖੁਦਗਰਜੀ ਦੇ ਵਿੱਚ ਤਰਾਜੂ ਤੁਲਦੇ ਜਾਂਦੇ ਨੇ।
ਹੋਇਆ ਖੂਨ ਸਫੇਦ,ਅੱਜ ਕੱਲ੍ਹ ਨਵੇਂ ਜ਼ਮਾਨੇ ਦਾ
ਤਾਂਹੀਉ ਮਾਪੇ ਬਿਰਧ ਘਰਾਂ ਵਿੱਚ ਰੁਲਦੇ ਜਾਂਦੇ ਨੇ।
ਪਹਿਲਾਂ ਵਾਲਾ ਪਿਆਰ ਰਿਹਾ ਨਾ ਸਗੇ ਭਰਾਂਵਾਂ ਚ,
ਨਫਰਤ ਵਾਲੇ ਭੇਦ ਦਿਨੋਂ ਦਿਨ ਖੁਲਦੇ ਜਾਂਦੇ ਨੇ।
ਆਪਣਿਆਂ ਲਈ ਜੋ ਜਾਨ ਦੀ ਬਾਜੀ ਲਾਉਂਦੇ ਸੀ,
ਸਾਫ ਸੁਨਹਿਰੇ ਅਕਸ਼ ਉਹਨਾਂ ਦੇ ਧੁਲਦੇ ਜਾਂਦੇ ਨੇ।
ਦਵਾ ਦੇ ਬਾਝੋਂ ਨੀਂਦ ਕਿਸੇ ਨੂੰ ਆਉਂਦੀ ਨਾ
ਚੌਵੀ ਘੰਟੇ ਵਿੱਚ ਤਣਾਉ ਦੇ ਘੁਲਦੇ ਜਾਂਦੇ ਨੇ।
ਕੈਸੀ ਖੇਡ ਰਚਾਈ ਇਸ ਮਾਇਆ ਨਾਗਣ ਨੇ,
ਦੇਖ ਕੋਠੀਆਂ ਕਾਰਾਂ ਨੂੰ ਇਹ ਫੁੱਲਦੇ ਜਾਂਦੇ ਨੇ।
ਜੋ ਬੀਜਿਆ ਏ ਉਹੀ ਵੱਢਣਾ ਪੈਣਾ ਏ ਬੰਦਿਆ,
ਪਾਣੀ ਸਦਾ ਹੀ ਕਹਿੰਦੇ ਹੇਠੋਂ ਪੁਲ ਦੇ ਜਾਂਦੇ ਨੇ।
ਕਹੇ ਗਰਗ ਇਹ ਮਾਂ ਬਾਪ ਨੂੰ ਕਦੇ ਭੁਲਾਇਉ ਨਾ,
ਇਹਨਾਂ ਸਦਕਾ ਹੀ ਸਭ ਝੰਡੇ ਝੁੱਲਦੇ ਜਾਂਦੇ ਨੇ।
ਹਾਲੇ ਵੀ ਕੁਝ ਵਿਗੜਿਆ ਨਾ,ਚੁੱਕ ਝੋਲੀ ਪਾਲੈ ਤੂੰ,
ਨਿਰਮਲ ਜਿਹੜੇ ਬੇਰ ਇਹ ਹੱਥੋਂ ਡੁੱਲਦੇ ਜਾਂਦੇ ਨੇ।
ਨਿਰਮਲਾ ਗਰਗ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly