ਰਿਸ਼ਤੇਦਾਰ ਬਣ ਕੇ ਠੱਗਣ ਵਾਲੇ ਅੰਤਰਰਾਜੀ ਗਰੋਹ ਦਾ ਪਰਦਾਫਾਸ਼

ਸੰਗਰੂਰ (ਸਮਾਜ ਵੀਕਲੀ) :  ਸੰਗਰੂਰ ਪੁਲੀਸ ਨੇ ਵਿਦੇਸ਼ੀ ਰਿਸ਼ਤੇਦਾਰ ਦੱਸ ਕੇ ਠੱਗੀ ਮਾਰਨ ਵਾਲੇ ਇੱਕ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲੀਸ ਨੇ ਗਰੋਹ ਦੇ ਦੋ ਮੈਂਬਰ ਉਤਰ ਪ੍ਰਦੇਸ਼ ਤੋਂ ਕਾਬੂ ਕੀਤੇ ਹਨ ਅਤੇ ਮੁਲਜ਼ਮਾਂ ਦੇ 8 ਮੋਬਾਈਲ ਜ਼ਬਤ ਕਰਕੇ ਵੱਖ-ਵੱਖ ਬੈਂਕਾਂ ਤੇ ਡਾਕਖਾਨਿਆਂ ਦੇ ਕੁੱਲ 21 ਖਾਤੇ ਵੀ ਸੀਲ ਕਰ ਦਿੱਤੇ ਹਨ। ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਅੱਜ ਇੱਥੇ ਦੱਸਿਆ ਕਿ ਬੀਤੀ 6 ਮਈ ਨੂੰ ਰਾਮ ਸਿੰਘ ਵਾਸੀ ਸ਼ਾਹਪੁਰ ਕਲਾਂ ਦੇ ਭਰਾ ਦਲਵੀਰ ਸਿੰਘ ਦੇ ਫੋਨ ’ਤੇ ਇੱਕ ਵਟਸਐਪ ਕਾਲ ਆਈ। ਫੋਨ ਕਰਨ ਵਾਲਾ ਖ਼ੁਦ ਨੂੰ ਕੈਨੇਡਾ ਤੋਂ ਉਨ੍ਹਾਂ ਦੇ ਮਾਮੇ ਦਾ ਜਵਾਈ ਗੁਰਪ੍ਰਤਾਪ ਦੱਸ ਰਿਹਾ ਸੀ।

ਮੁਲਜ਼ਮ ਨੇ ਦਲਬੀਰ ਕੋਲੋਂ ਬੈਂਕ ਖਾਤਾ ਨੰਬਰ ਮੰਗ ਕੇ 8.20 ਲੱਖ ਰੁਪਏ ਭੇਜਣ ਦੀ ਗੱਲ ਆਖੀ ਅਤੇ ਮਗਰੋਂ ਰਕਮ ਜਮ੍ਹਾਂ ਕਰਾਉਣ ਦੀ ਜਾਅਲੀ ਰਸੀਦ ਵੀ ਭੇਜ ਦਿੱਤੀ। ਮੁਲਜ਼ਮ ਨੇ ਮਗਰੋਂ ਐੱਚਡੀਐੱਫਸੀ ਬੈਂਕ ਦੇ ਵੱਖ-ਵੱਖ ਖਾਤਾ ਨੰਬਰ ਭੇਜ ਕੇ ਇਨ੍ਹਾਂ ਵਿੱਚ 8.20 ਲੱਖ ਰੁਪਏ ਜਮ੍ਹਾਂ ਕਰਾਉਣ ਲਈ ਕਿਹਾ। ਮੁੱਦਈ ਨੇ ਇਨ੍ਹਾਂ ਖਾਤਿਆਂ ’ਚ 6.75 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ। ਬਾਅਦ ਵਿੱਚ ਮਾਮੇ ਦੇ ਜਵਾਈ ਗੁਰਪ੍ਰਤਾਪ ਨਾਲ ਗੱਲ ਕਰਨ ’ਤੇ ਪਤਾ ਲੱਗਿਆ ਕਿ ਉਸ ਨੇ ਅਜਿਹਾ ਕੋਈ ਫੋਨ ਨਹੀਂ ਕੀਤਾ ਸੀ।

ਇਸ ਮਗਰੋਂ ਦਲਬੀਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਡੀਐੱਸਪੀ (ਡੀ) ਦੀ ਨਿਗਰਾਨੀ ਹੇਠ ਸਾਈਬਰ ਸੈੱਲ ਸੰਗਰੂਰ ਤੇ ਥਾਣਾ ਚੀਮਾ ਨੇ ਜਾਂਚ ਦੇ ਆਧਾਰ ’ਤੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਪੁਲੀਸ ਨੇ ਅੱਜ ਅਲਤਾਬ ਆਲਮ (19) ਵਾਸੀ ਬੰਨਕਤਵਾ ਯਾਦੂ ਛਾਪਰ ਬਿਹਾਰ ਤੇ ਮੁਹੰਮਦ ਅਫ਼ਜ਼ਲ ਆਲਮ (20) ਵਾਸੀ ਬਿਹਾਰ ਨੂੰ ਉੱਤਰ ਪ੍ਰਦੇਸ਼ ਦੇ ਲਖਨਊ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਹੈ। ਗਰੋਹ ਦੇ ਦੋ ਮੈਂਬਰ ਐੱਮਡੀ ਨਿਆਜ਼ ਵਾਸੀ ਕੁਰਵਾ ਮਥੀਆ ਬਿਹਾਰ ਤੇ ਰਾਧੇ ਸ਼ਿਆਮ ਯਾਦਵ ਵਾਸੀ ਬਿਹਾਰ ਹਾਲੇ ਫ਼ਰਾਰ ਹਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਜੋਆਣਾ ਦੀ ਰਹਿਮ ਦੀ ਅਪੀਲ ’ਤੇ ਕੇਂਦਰ ਨੂੰ ਨੋਟਿਸ
Next articleLargest refinery in France shut over strike